ਨਸ਼ੇ ਖਿਲਾਫ਼ ਇਕੱਠੇ ਹੋਏ ਪਿੰਡ ਵਾਸੀ (ETV BHARAT) ਸੰਗਰੂਰ:ਜ਼ਿਲ੍ਹਾ ਸੰਗਰੂਰ ਦੇ ਪਿੰਡ ਪੰਨਵਾਂ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਪਿੰਡ ਵਾਸੀਆਂ ਵਲੋਂ ਨਸ਼ੇੜੀ ਚੋਰ ਫੜਿਆ ਗਿਆ ਸੀ, ਜਿਸ ਨੇ ਡੇਢ ਲੱਖ ਦਾ ਸਮਾਨ ਚੋਰੀ ਕੀਤਾ ਸੀ ਅਤੇ ਅੱਗੇ ਸਿਰਫ ਪੰਜ ਹਜ਼ਾਰ ਰੁਪਏ ਵਿਚ ਹੀ ਵੇਚ ਦਿੱਤਾ ਗਿਆ। ਜਦੋਂ ਉਸ ਨੂੰ ਨਸ਼ੇ ਦੀ ਹਾਲਤ ਵਿਚ ਫੜਿਆ ਗਿਆ ਤਾਂ ਉਸ ਨੇ ਕਈ ਵਿਅਕਤੀਆਂ ਦੇ ਨਾਮ ਉਜਾਗਰ ਕੀਤੇ। ਉਸ ਵਲੋਂ ਜੋ ਨਾਮ ਲਏ ਗਏ ਸਨ, ਉਨ੍ਹਾਂ ਵਿਚੋਂ ਇੱਕ ਨੌਜਵਾਨ ਦੀ ਮੌਤ ਤੱਕ ਨਸ਼ੇ ਨਾਲ ਹੋ ਚੁੱਕੀ ਹੈ।
ਨਸ਼ੇ ਨਾਲ ਨੌਜਵਾਨ ਦੀ ਹੋਈ ਮੌਤ: ਨਸ਼ੇ ਦੀ ਓਵਰਡੋਜ ਨਾਲ ਮਰਨ ਵਾਲਾ ਨੌਜਵਾਨ ਪਿੰਡ ਸਕਰੋਦੀ ਦਾ ਰਹਿਣ ਵਾਲਾ ਹੈ, ਜਿਸ ਦਾ ਪਿੰਡ ਵਾਸੀਆਂ ਵਲੋਂ ਇਕੱਠੇ ਹੋ ਕੇ ਅੰਤਿਮ ਸਸਕਾਰ ਕੀਤਾ ਗਿਆ। ਸਾਰੇ ਪਿੰਡ ਵਿਚ ਸੋਗ ਦੀ ਲਹਿਰ ਹੈ, ਕਿਉਂਕਿ ਮ੍ਰਿਤਕ ਵਿਅਕਤੀ ਦੇ ਪਿਤਾ ਦਾ ਵੀ ਕੁਝ ਸਾਲ ਪਹਿਲਾਂ ਭੇਦਭਰੀ ਹਾਲਤ ਵਿਚ ਮੌਤ ਹੋ ਗਈ ਸੀ। ਉਥੇ ਹੀ ਪਿੰਡ ਸਕਰੋਦੀ ਵਿਚ ਦਾਖਲ ਹੋਣ ਤੋਂ ਪਹਿਲਾਂ ਇਕ ਬੋਰਡ ਵੀ ਲੱਗਿਆ ਹੋਇਆ ਹੈ, ਜਿਸ 'ਤੇ ਲਿਖਿਆ ਹੈ ਕਿ ਪਿੰਡ ਸਕਰੋਦੀ, ਨਸ਼ਾ ਮੁਕਤ।
ਪਿੰਡ ਵਾਸੀਆਂ ਨੇ ਕੱਢੀ ਸਰਕਾਰ 'ਤੇ ਭੜਾਸ:ਇਸ ਸਬੰਧੀ ਇਕੱਤਰ ਹੋਏ ਪਿੰਡ ਵਾਸੀਆਂ ਨੇ ਸਰਕਾਰ ਖਿਲਾਫ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨ ਪੁੱਤ ਨਸ਼ੇ ਨਾਲ ਮਰ ਰਹੇ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਔਰਤਾਂ ਨੇ ਕਿਹਾ ਕਿ ਨੇੜਲੇ ਪਿੰਡ ਜੌਲੀਆਂ ਵਿਖੇ ਘਰ-ਘਰ ਨਸ਼ਾ ਵਿਕ ਰਿਹਾ ਹੈ, ਜਿੱਥੇ ਪੁਲੀਸ ਚੌਕੀ ਵੀ ਹੈ। ਫਿਰ ਵੀ ਨਸ਼ਾ ਬੰਦ ਕਿਉਂ ਨਹੀਂ ਹੋ ਰਿਆ। ਉਨ੍ਹਾਂ ਕਿਹਾ ਕਿ ਇਹ ਸਭ ਸਰਕਾਰ ਦੀ ਸ਼ੈਅ 'ਤੇ ਹੋ ਰਿਹਾ ਹੈ, ਜਿਸ ਦੇ ਦੋਸ਼ ਪਿੰਡ ਦੀਆਂ ਔਰਤਾਂ ਨੇ ਲਗਾਏ ਹਨ। ਇਸ ਦੇ ਨਾਲ ਹੀ ਔਰਤਾਂ ਨੇ ਇਹ ਵੀ ਦੋਸ਼ ਲਗਾਏ ਕਿ ਜਦੋਂ ਸਾਡੇ ਬੱਚੇ ਕੰਮਾਂਕਾਰਾਂ ਤੋਂ ਵਾਪਸ ਪਰਤਦੇ ਹਨ ਤਾਂ ਜੇਕਰ ਉਹਨਾਂ ਨੂੰ ਹਨੇਰਾਂ ਹੋ ਜਾਂਦਾ ਹੈ ਤਾਂ ਰਸਤੇ ਵਿਚ ਨਸ਼ੇੜੀਆਂ ਵਲੋਂ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਵੀ ਅੰਜਾਮ ਦਿੱਤਾ ਜਾਂਦਾ ਹੈ।
ਨਸ਼ਾ ਤਸਕਰਾਂ 'ਤੇ ਪੁਲਿਸ ਦੀ ਕਾਰਵਾਈ:ਉਥੇ ਹੀ ਇਸ ਮਾਮਲੇ 'ਚ ਭਵਾਨੀਗੜ੍ਹ ਦੇ ਡੀਐਸਪੀ ਦਾ ਕਹਿਣਾ ਕਿ ਨਸ਼ੇ ਖਿਲਾਫ਼ ਪੰਜਾਬ ਪੁਲਿਸ ਸਖ਼ਤ ਐਕਸ਼ਨ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਸਟਾਫ਼ ਘੱਟ ਹੋਣ ਕਾਰਨ ਕੋਈ ਸਮੱਸਿਆ ਆ ਸਕਦੀ ਪਰ ਨਸ਼ੇ ਦੇ ਵਪਾਰੀਆਂ ਨੂੰ ਕਿਸੇ ਕੀਮਤ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਭਵਾਨੀਗੜ੍ਹ ਪੁਲਿਸ ਨੇ ਕਈ ਮਾਮਲੇ ਨਸ਼ੇ ਖਿਲਾਫ਼ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਉਨ੍ਹਾਂ ਨਾਲ ਹੀ ਅਪੀਲ ਕੀਤੀ ਕਿ ਜੋ ਨੌਜਵਾਨ ਨਸ਼ੇ ਛੱਡਣਾ ਚਾਹੁੰਦਾ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਤੇ ਪੁਲਿਸ ਉਸ ਦਾ ਇਲਾਜ ਵੀ ਕਰਵਾਏਗੀ। ਉਨ੍ਹਾਂ ਨਾਲ ਹੀ ਵਾਇਰਲ ਵੀਡੀਓ 'ਤੇ ਕਿਹਾ ਕਿ ਇਸ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ