ਲੁਧਿਆਣਾ: ਸਾਲ 2024 ਦਾ ਆਖਰੀ ਮਹੀਨਾ ਚੱਲ ਰਿਹਾ ਹੈ, ਜਲਦ ਹੀ ਇਸ ਸਾਲ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਜਾਵੇਗਾ। ਜਦੋਂ ਲਗਭਗ ਬੀਤ ਚੁੱਕੇ ਸਾਲ ਉੱਤੇ ਨਜ਼ਰ ਮਾਰੀਏ, ਤਾਂ ਕਈ ਅਜਿਹੇ ਕਿੱਸੇ ਜਾਂ ਘਟਨਾਵਾਂ ਧਿਆਨ ਆਉਂਦੀਆਂ ਹਨ, ਜੋ ਕਿਸੇ ਨਾ ਕਿਸੇ ਪੱਖ ਤੋਂ ਅਹਿਮ ਰਹੀਆਂ ਹੋਣ। ਅਜਿਹਾ ਹੀ ਇੱਕ ਮੁੱਦਾ ਨਸ਼ਾ ਤਸਕਰੀ ਦਾ, ਜਿਸ ਬਾਰੇ ਕਈ ਅਹਿਮ ਖੁਲਾਸੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆ ਅਜੇ ਸ਼ਰਮਾ ਨੇ ਕੀਤੇ ਹਨ।
ਡੀਐਸਪੀ ਐਸਟੀਐਫ ਅਜੇ ਸ਼ਰਮਾ ਨੇ ਪੂਰੀ ਜਾਣਕਾਰੀ ਦਿੰਦਿਆ ਦੱਸਿਆ ਕਿ ਕਿਵੇਂ ਪ੍ਰਾਪਰਟੀਆਂ ਦੀ ਜਾਂਚ ਕਰਦੇ ਹੋਏ ਇਨ੍ਹਾਂ ਨੂੰ ਅਟੈਚ ਕੀਤਾ ਜਾਂਦਾ ਹੈ। 10 ਕੇਸਾਂ ਵਿੱਚ ਹੁਣ ਤੱਕ 5 ਕਰੋੜ, 95 ਲੱਖ ਰੁਪਏ ਤੋਂ ਵੱਧ ਦੀਆਂ ਜਾਇਦਾਦਾਂ ਅਟੈਚ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚ ਡਰੱਗ ਮਨੀ ਵੀ ਸ਼ਾਮਿਲ ਹੈ।
ਵੇਖੋ ਕਿਵੇਂ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਗਏ ਨਸ਼ਾ ਤਸਕਰ? (ETV Bharat, ਪੱਤਰਕਾਰ, ਲੁਧਿਆਣਾ) ਇਸ ਰਿਪੋਰਟ 'ਚ ਵੇਖੋ ਕਿਵੇਂ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਗਏ ਨਸ਼ਾ ਤਸਕਰ-
ਪੰਜਾਬ ਵਿੱਚ ਨਸ਼ੇ ਉੱਤੇ ਠੱਲ੍ਹ ਪਾਉਣ ਲਈ ਐਸਟੀਐਫ ਦਾ ਗਠਨ ਕੀਤਾ ਗਿਆ ਸੀ ਅਤੇ ਹੁਣ ਪੁਲਿਸ ਨਸ਼ੇ ਦੇ ਸੌਦਾਗਰਾਂ ਦੇ ਖਿਲਾਫ ਸਖ਼ਤ ਐਕਸ਼ਨ ਲੈ ਰਹੀ ਹੈ। ਨਾ ਸਿਰਫ ਉਨਾਂ ਦੇ ਉੱਤੇ ਕਾਰਵਾਈ ਹੋ ਰਹੀ ਹੈ, ਸਗੋਂ ਨਸ਼ੇ ਦੀ ਗੋਰਖ ਧੰਦੇ ਨਾਲ ਬਣਾਈ ਗਈ ਜਾਇਦਾਦਾਂ ਵੀ ਪੁਲਿਸ ਵੱਲੋਂ ਜ਼ਬਤ ਕੀਤੀਆਂ ਜਾ ਰਹੀਆਂ ਹਨ।
ਡੀਐਸਪੀ ਅਜੇ ਸ਼ਰਮਾ ਐਸਟੀਐਫ ਨੇ ਦੱਸਿਆ ਕਿ ਜੇਕਰ ਕਿਸੇ ਨਸ਼ਾ ਤਸਕਰ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਂਅ ਉੱਤੇ ਜਾਇਦਾਦਾਂ ਖਰੀਦੀਆਂ ਹਨ, ਤਾਂ ਐਸਟੀਐਫ ਵੱਲੋਂ ਉਸ ਦੀ ਵੀ ਜਾਂਚ ਕਰਕੇ ਉਨ੍ਹਾਂ ਨੂੰ ਅਟੈਚ ਕਰਵਾਇਆ ਗਿਆ ਹੈ।
- ਕੇਸ ਸਟਡੀ: ਕੁੱਲ 10 ਕੇਸਾਂ ਵਿੱਚ ਐਸਟੀਐਫ ਵੱਲੋਂ ਇਹ ਪ੍ਰੋਪਰਟੀਆਂ ਅਟੈਚ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਪਹਿਲਾ ਕੇਸਪਵਨ ਕੁਮਾਰ ਦੇ ਨਾਂਅ ਉੱਤੇ ਹੈ ਜਿਸ ਦੇ ਦੋ ਪਲਾਟ, ਇਸ ਤੋਂ ਇਲਾਵਾ 5 ਲੱਖ 73 ਹਜ਼ਾਰ ਡਰੱਗ ਮਨੀ, ਅਤੇ 38 ਹਜ਼ਾਰ ਇਕ ਹੋਰ ਖਾਤੇ ਚੋਂ, ਫਿਰ ਇਕ ਹੋਰ ਖਾਤੇ ਚੋਂ ਕੁੱਲ 39 ਲੱਖ, 84 ਹਜ਼ਾਰ, 461 ਦੀ ਪ੍ਰੋਪਰਟੀ ਅਟੈਚ ਕੀਤੀ ਗਈ ਹੈ।
- ਦੂਜਾ ਮਾਮਲਾ ਯਾਦਵਿੰਦਰ ਸਿੰਘ ਦੇ ਖਿਲਾਫ ਹੈ ਜਿਸ ਤੋਂ 7.50 ਲੱਖ ਰੁਪਏ ਨਕਦੀ ਅਤੇ 5 ਹਜ਼ਾਰ ਯੂਐਸ ਡਾਲਰ ਡਰੱਗ ਮਨੀ ਪੁਲਿਸ ਵੱਲੋਂ ਰਿਕਵਰ ਕੀਤੀ ਗਈ।
- ਤੀਜਾ ਮਾਮਲਾ, ਅਮਿਤ ਸ਼ਰਮਾ ਉਰਫ ਕਾਲਾ ਦਾ ਹੈ। ਇਸ ਤੋਂ ਲਗਜ਼ਰੀ ਕਾਰ ਦੇ ਨਾਲ ਡਰੱਗ ਮਨੀ ਵੀ ਰਿਕਵਰ ਕੀਤੀ ਗਈ ਜਿਸ ਵਿੱਚ 7.50 ਲੱਖ ਰੁਪਏ ਦੀ ਕ੍ਰੇਟਾ ਕਾਰ ਅਤੇ 6 ਲੱਖ, 60 ਹਜ਼ਾਰ ਰੁਪਏ ਦੀ ਡਰੱਗ ਮਨੀ ਸ਼ਾਮਿਲ ਹੈ। ਕੁੱਲ 14 ਲੱਖ,10 ਹਜ਼ਾਰ ਦੀ ਜਾਇਦਾਦ ਅਟੈਚ ਕੀਤੀ ਗਈ ਹੈ।
- ਇਸ ਤੋਂ ਇਲਾਵਾ ਹਰਸਿਮਰਨਜੀਤ ਸਿੰਘ ਉਰਫ ਕੈਪਟਨ ਜਿਸ ਕੋਲੋਂ ਹੁਣ ਤੱਕ 6 ਲੱਖ, 20 ਹਜ਼ਾਰ ਦੀ ਰਿਕਵਰੀ ਕੀਤੀ ਜਾ ਚੁੱਕੀ ਹੈ। ਜਿਸ ਵਿੱਚ ਤਿੰਨ ਮਰਲਿਆਂ ਦਾ ਇੱਕ ਪਲਾਟ ਵੀ ਸ਼ਾਮਿਲ ਹੈ।
- ਪੰਜਵਾਂ ਕੇਸ, ਬਲਵਿੰਦਰ ਸਿੰਘ ਦੇ ਨਾਂਅ ਉੱਤੇ ਹੈ ਜਿਸ ਤੋਂ ਇਕ ਕਿੱਲੋ ਹੈਰੋਇਨ ਰਿਕਵਰ ਕੀਤੀ ਗਈ ਸੀ ਅਤੇ 1 ਕਰੋੜ, 2 ਲੱਖ ਰੁਪਏ ਦੀ ਡਰੱਗ ਮਨੀ ਐਸਟੀਐਫ ਲੁਧਿਆਣਾ ਰੇਂਜ ਵੱਲੋਂ ਫ੍ਰੀਜ਼ ਕਰਵਾਈ ਗਈ।
- 6ਵਾਂ ਕੇਸ, ਦੀਪਕ ਕੁਮਾਰ ਉਰਫ ਕੰਡੇ ਵਾਲਾ, ਜੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਰਹੀ ਹੈ, ਪੁਲਿਸ ਵੱਲੋਂ ਉਸ ਦੀ ਇੱਕ ਫੋਰਚੂਨਰ ਕਾਰ ਦੀ ਕੀਮਤ 35 ਲੱਖ, 1 ਹੋਂਡਾ ਸਿਟੀ ਕਾਰ ਕੀਮਤ ਲਗਭਗ 4 ਲੱਖ ਅਤੇ ਇਸ ਤੋਂ ਇਲਾਵਾ ਉਸ ਦਾ ਇੱਕ ਪਲਾਟ ਜਿਸ ਦੀ ਕੀਮਤ 1 ਕਰੋੜ ਸੀ, ਕੁੱਲ ਮਿਲਾ ਕੇ 1 ਕਰੋੜ, 57 ਲੱਖ, 88 ਹਜ਼ਾਰ ਦੀਆਂ ਜਾਇਦਾਦਾਂ ਫ੍ਰੀਜ਼ ਕਰਵਾਈਆਂ ਗਈਆਂ।
- 7ਵਾਂ ਕੇਸ, ਇਸੇ ਤਰ੍ਹਾਂ ਪੁਲਿਸ ਵੱਲੋਂ ਪਾਇਲ ਦੇ ਸੰਜੀਵ ਕੁਮਾਰ ਜੋ ਕਿ ਨਸ਼ਾ ਤਸਕਰੀ ਦੇ ਕੇਸ ਦੇ ਵਿੱਚ ਜੇਲ੍ਹ ਗਿਆ ਸੀ ਉਸ ਮਾਮਲੇ ਦੇ ਵਿੱਚ ਉਸ ਦਾ ਇੱਕ 125 ਗੱਜ ਦਾ ਘਰ ਜਿਸ ਦੀ ਕੀਮਤ 23 ਲੱਖ ਰੁਪਏ ਇੱਕ ਅਤੇ ਉਸ ਦਾ ਘਰ 140 ਗੱਜ ਦਾ ਜਿਸ ਦੀ ਕੀਮਤ 30 ਲੱਖ ਰੁਪਏ ਦੇ ਕਰੀਬ ਸੀ, ਇਹ ਅਟੈਚ ਕੀਤਾ ਗਿਆ। ਇਸ ਤੋਂ ਇਲਾਵਾ 2 ਲੱਖ ਰੁਪਏ ਦੀ ਡਰੱਗ ਮਨੀ ਸਣੇ ਕੁੱਲ 55 ਲੱਖ, 62 ਹਜ਼ਾਰ ਦੀ ਪ੍ਰੋਪਰਟੀ ਕੈਸ਼ ਅਟੈਚ ਕੀਤੀ ਗਈ।
- 8 ਵਾਂ ਕੇਸ, ਕਰੋੜਾਂ ਦੀ ਜਾਇਦਾਦ ਅਟੈਚ: ਅਨੂ ਕੁਮਾਰ ਉਰਫ ਅਨੂ ਜਿਸ ਦੀ ਕੁੱਲ 1 ਕਰੋੜ, 9 ਲੱਖ ਰੁਪਏ ਦੀ ਪ੍ਰੋਪਰਟੀ ਅਟੈਚ ਕੀਤੀ ਗਈ ਹੈ। ਇਸ ਵਿੱਚ ਉਸ ਦੇ ਤਿੰਨ ਪਲਾਟ ਸ਼ਾਮਿਲ ਹਨ। ਇਸ ਤੋਂ ਇਲਾਵਾ ਲੱਖਾਂ ਰੁਪਏ ਦੀ ਡਰੱਗ ਮਨੀ ਵੀ ਸ਼ਾਮਿਲ ਹੈ, ਉਸ ਕੋਲੋਂ 200 ਗ੍ਰਾਮ ਹੈਰੋਇਨ ਇੱਕ 32 ਬੋਰ ਪਿਸਤੋਲ, ਚਾਰ ਮੈਗਜ਼ੀਨ 60,000 ਰੁਪਏ ਦੀ ਡਰੱਗ ਮਨੀ ਅਤੇ ਇੱਕ ਫੋਰਚੂਨਰ ਕਾਰ ਬਰਾਮਦ ਕੀਤੀ ਗਈ ਸੀ।
- 9ਵਾਂ ਕੇਸ, ਆਕਾਸ਼ ਚੋਪੜਾ ਜਿਸ ਤੋਂ 2 ਕਿੱਲੋ, 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ, ਉਸ ਤੋਂ 8 ਲੱਖ ਰੁਪਏ ਦੀ ਰਿਕਵਰੀ, 8 ਲਗਜ਼ਰੀ ਕਾਰਾਂ, 6 ਟੂ-ਵ੍ਹੀਲਰ ਅਤੇ ਕੁੱਲ 54 ਲੱਖ, 11 ਹਜ਼ਾਰ ਦੀ ਜਾਇਦਾਦ ਅਟੈਚ ਕਰਵਾਈ ਗਈ ਹੈ।
- 10 ਵਾਂ ਕੇਸ, ਰਮਨ ਕੁਮਾਰ ਧਵਨ, ਜਿਸ ਤੋਂ ਪੁਲਿਸ ਨੇ 3 ਕਿੱਲੋ 100 ਗ੍ਰਾਮ ਭੁੱਕੀ, 44 ਲੱਖ ਰੁਪਏ ਦੀ ਡਰੱਗ ਮਨੀ ਅਤੇ ਕਰੇਟਾ ਕਾਰ ਸਣੇ ਕੁੱਲ 51 ਲੱਖ, 50 ਹਜ਼ਾਰ ਰੁਪਏ ਦੀ ਪ੍ਰੋਪਰਟੀ ਅਟੈਚ ਕਰਵਾਈ ਗਈ ਹੈ।
ਵੇਖੋ ਕਿਵੇਂ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਗਏ ਨਸ਼ਾ ਤਸਕਰ? (ETV Bharat, ਪੱਤਰਕਾਰ, ਲੁਧਿਆਣਾ) ਗੁਰਦੀਪ ਰਾਣੂ ਮਾਮਲਾ:ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆ, ਐਸਟੀਐਫ ਵੱਲੋਂ ਇੱਕ ਵੱਡੇ ਕੇਸ ਦਾ ਵੀ ਜ਼ਿਕਰ ਕੀਤਾ ਗਿਆ। ਡੀਐਸਪੀ ਅਜੇ ਸ਼ਰਮਾ ਨੇ ਦੱਸਿਆ ਕਿ 2022 ਦਾ ਇਹ ਮਾਮਲਾ ਹੈ। ਉਨ੍ਹਾਂ ਕਿਹਾ ਕਿ 31 ਕਿੱਲੋ ਹੈਰੋਇਨ, ਇਸ ਤੋਂ ਇਲਾਵਾ 6 ਕਿੱਲੋ ਆਇਸ ਡਰੱਗ, ਕਰੋੜਾਂ ਰੁਪਏ ਦੀਆਂ ਲਗਜ਼ਰੀ ਕਾਰਾਂ ਅਤੇ ਜਾਇਦਾਦਾਂ ਰਿਕਵਰ ਕੀਤੀਆਂ ਗਈਆਂ ਹਨ। ਉਸ ਮਾਮਲੇ ਵਿੱਚ ਹੁਣ ਗੁਰਦੀਪ ਰਾਣੂ ਨੂੰ ਹਾਈਕੋਰਟ ਤੋਂ ਬੇਲ ਮਿਲ ਗਈ ਸੀ, ਪਰ ਐਸਟੀਐਫ ਨੇ ਵਿਸ਼ੇਸ਼ ਕਾਨੂੰਨ ਦਾ ਇਸਤੇਮਾਲ ਕਰਦੇ ਹੋਏ ਉਸ ਨੂੰ ਇੱਕ ਸਾਲ ਲਈ ਬਠਿੰਡਾ ਜੇਲ੍ਹ ਵਿੱਚ ਰੱਖਿਆ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡੀਐਸਪੀ ਐਸਟੀਐਫ ਨੇ ਕਿਹਾ ਕਿ ਜੋ ਵੀ ਕੋਈ ਨਸ਼ਾ ਤਸਕਰੀ ਕਰਦਾ ਪਾਇਆ ਗਿਆ, ਐਸਟੀਐਫ ਵਲੋਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਸਖ਼ਤ ਕਾਰਵਾਈਆਂ ਕਰ ਰਹੇ ਹਾਂ। ਜੇਕਰ ਕਿਸੇ ਨੇ ਆਪਣੇ ਰਿਸ਼ਤੇਦਾਰ ਦੇ ਨਾਂਅ ਉੱਤੇ ਜਾਂ ਸਕੇ ਸਬੰਧੀ ਦੇ ਨਾਂਅ ਉੱਤੇ ਨਸ਼ੇ ਦੀ ਤਸਕਰੀ ਕਰਕੇ ਪ੍ਰੋਪਰਟੀ ਬਣਾਈ ਹੈ, ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।