ਮਹਿਲਾ ਅਧਿਆਪਕ ਨੂੰ ਪੈਟਰੋਲ ਪਾ ਕੇ ਸਾੜਨ ਦੀ ਕੋਸ਼ਿਸ਼ (ETV BHARAT) ਪਠਾਨਕੋਟ: ਜ਼ਿਲ੍ਹਾ ਪਠਾਨਕੋਟ ਦੇ ਹਲਕਾ ਭੋਆ ਵਿੱਚ ਪੈਂਦੇ ਪਿੰਡ ਗਤੋਰਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੱਚ ਬੀਤੇ ਦਿਨੀਂ ਉਸ ਸਮੇਂ ਭਗਦੜ ਮੱਚ ਗਈ, ਜਦੋਂ ਇੱਕ ਵਿਅਕਤੀ ਸਕੂਲ ਅਧਿਆਪਕ ਨੂੰ ਸਾੜਨ ਦੀ ਨੀਅਤ ਨਾਲ ਪੈਟਰੋਲ ਦੀ ਬੋਤਲ ਲੈ ਕੇ ਅੰਦਰ ਆ ਗਿਆ। ਇੰਨਾ ਹੀ ਨਹੀਂ ਉਹ ਵਿਅਕਤੀ ਸਰਕਾਰੀ ਸਕੂਲ ਦੇ ਅੰਦਰ ਤਾਂ ਆ ਹੀ ਗਿਆ ਅਤੇ ਸਗੋਂ ਉਸ ਵਲੋਂ ਬੱਚਿਆਂ ਨੂੰ ਪੜ੍ਹਾ ਰਹੀ ਅਧਿਆਪਕਾ ਦੀ ਕੁੱਟਮਾਰ ਵੀ ਕੀਤੀ ਗਈ।
ਮਹਿਲਾ ਅਧਿਆਪਕ ਨੂੰ ਸਾੜਨ ਦੀ ਕੋਸ਼ਿਸ਼:ਪਿੰਡ ਗਤੋਰਾ ਦੇ ਸਰਪੰਚ ਅਤੇ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਮਹਿਲਾ ਅਧਿਆਪਕਾ ਨੂੰ ਬਚਾਇਆ ਅਤੇ ਸਾਰਾ ਮਾਮਲਾ ਸਾਹਮਣੇ ਆਇਆ ਕਿ ਜਿਸ ਵਿਅਕਤੀ ਨੇ ਔਰਤ 'ਤੇ ਪੈਟਰੋਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ, ਉਹ ਉਕਤ ਵਿਅਕਤੀ ਮਹਿਲਾ ਅਧਿਆਪਕ ਰੇਣੂ ਦਾ ਹੀ ਪਤੀ ਹੈ ਅਤੇ ਉਨ੍ਹਾਂ ਦੀ ਘਰੇਲੂ ਲੜਾਈ ਅਦਾਲਤ 'ਚ ਵੀ ਚੱਲ ਰਹੀ ਹੈ। ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਤੀ ਪਤਨੀ ਦਾ ਚੱਲ ਰਿਹਾ ਕਲੇਸ਼: ਇਸ ਸਬੰਧੀ ਸਕੂਲ ਦੀ ਅਧਿਆਪਕਾ ਨੇ ਆਪਣੇ ਪਤੀ ਲਵਲੀਨ ਸ਼ਰਮਾ 'ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਰਿਸ਼ਤੇ 'ਚ ਪਿਛਲੇ 4-5 ਸਾਲਾਂ ਤੋਂ ਝਗੜਾ ਚੱਲ ਰਿਹਾ ਸੀ, ਜਿਸ ਨੂੰ ਲੈ ਕੇ ਮਾਣਯੋਗ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਆਪਣੀ ਕਲਾਸ ਲਗਾ ਰਹੀ ਸੀ ਤਾਂ ਉਸ ਦਾ ਪਤੀ ਹੱਥ ਵਿੱਚ ਪੈਟਰੋਲ ਦੀ ਬੋਤਲ ਲੈ ਕੇ ਸਕੂਲ ਦੇ ਅੰਦਰ ਆ ਗਿਆ। ਪਹਿਲਾਂ ਉਸ ਨੇ ਮੇਰੇ ਸਕੂਟਰ 'ਤੇ ਪੈਟਰੋਲ ਛਿੜਕਿਆ ਤੇ ਜਦੋਂ ਮੈਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮੇਰੇ 'ਤੇ ਵੀ ਪੈਟਰੋਲ ਸੁੱਟਿਆ ਅਤੇ ਮੈਨੂੰ ਧੱਕਾ ਦਿੱਤਾ। ਮਹਿਲਾ ਅਧਿਆਪਕਾ ਨੇ ਪੁਲਿਸ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ।
ਪੁਲਿਸ ਨੇ ਜਾਂਚ ਦੀ ਆਖੀ ਗੱਲ: ਜਦੋਂ ਇਸ ਮਾਮਲੇ ਸਬੰਧੀ ਥਾਣਾ ਸੁਜਾਨਪੁਰ ਦੇ ਪੁਲਿਸ ਕਪਤਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ ਅਤੇ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਤੀ ਪਤਨੀ 'ਚ ਝਗੜਾ ਚੱਲ ਰਿਹਾ ਹੈ, ਜਿਸ ਦੇ ਚੱਲਦੇ ਇਹ ਘਟਨਾ ਹੋਈ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਹਿਲਾ ਨੂੰ ਮੈਡੀਕਲ ਕਰਵਾ ਕੇ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਹੈ ਤੇ ਉਸ ਦੇ ਬਿਆਨਾਂ 'ਤੇ ਹੀ ਕਾਰਵਾਈ ਕੀਤੀ ਜਾਵੇਗੀ।