ਲੁਧਿਆਣਾ: ਵਿਧਾਇਕ ਸੁਖਪਾਲ ਖਹਿਰਾ ਵੱਲੋਂ ਬੀਤੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਇਹ ਡਿਮਾਂਡ ਕੀਤੀ ਗਈ ਕਿ ਪੰਜਾਬ ਵਿੱਚ ਵੀ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਗੁਜਰਾਤ ਅਤੇ ਰਾਜਸਥਾਨ ਦੀ ਤਰਜ 'ਤੇ ਕਾਨੂੰਨ ਪਾਸ ਹੋਣਾ ਚਾਹੀਦਾ ਹੈ। ਜਿਸ ਤਹਿਤ ਗੈਰ ਪੰਜਾਬੀ ਜਾਂ ਫਿਰ ਪ੍ਰਵਾਸੀ ਖੇਤੀਬਾੜੀ ਵਾਲੀ ਜਮੀਨਾਂ ਨਾ ਖਰੀਦ ਸਕਣ। ਇਸ ਸੰਬੰਧੀ ਉਹਨਾਂ ਵੱਲੋਂ 2023 ਵਿੱਚ ਪੰਜਾਬ ਦੇ ਸਪੀਕਰ ਕੁਲਤਾਰ ਸੰਧਵਾਂ ਨੂੰ ਬਿੱਲ ਵਿਧਾਨ ਸਭਾ 'ਚ ਲਿਆਉਣ ਦੀ ਮੰਗ ਕੀਤੀ ਗਈ ਸੀ ਪਰ ਲਗਭਗ ਦੋ ਸਾਲ ਦਾ ਸਮਾਂ ਹੋ ਜਾਣ ਦੇ ਬਾਵਜੂਦ ਨਾ ਹੀ ਇਹ ਬਿੱਲ ਵਿਧਾਨ ਸਭਾ ਵਿੱਚ ਆਇਆ ਅਤੇ ਨਾ ਹੀ ਇਸ ਤੇ ਕੋਈ ਬਹਿਸ ਹੋਈ। ਹੁਣ ਸੁਖਪਾਲ ਖਹਿਰਾ ਨੇ ਇੱਕ ਵਾਰ ਮੁੜ ਤੋਂ ਪਰਵਾਸੀਆਂ ਨੂੰ ਪੰਜਾਬ ਵਿੱਚ ਜ਼ਮੀਨਾਂ ਖਰੀਦਣ ਦਾ ਹੱਕ ਨਾ ਦੇਣ ਦੀ ਹਿਮਾਇਤ ਕੀਤੀ ਗਈ ਹੈ। ਜਿਸ ਤੋਂ ਬਾਅਦ ਪੰਜਾਬ 'ਚ ਇੱਕ ਨਵੀਂ ਬਹਿਸ ਛਿੜ ਗਈ ਹੈ। ਸਿਰਫ ਸੁਖਪਾਲ ਖਹਿਰਾ ਨਹੀਂ ਸਗੋਂ ਲੱਖਾ ਸਿਧਾਣਾ ਵੀ ਕਈ ਵਾਰ ਇਹ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਪੰਜਾਬੀਆਂ ਨੂੰ ਕੰਮ ਨਹੀਂ ਮਿਲ ਰਿਹਾ ਸਗੋਂ ਪ੍ਰਵਾਸੀ ਲੇਬਰ ਦੀ ਗਿਣਤੀ ਵੱਧ ਰਹੀ ਜਦਕਿ ਪੰਜਾਬੀ ਨੌਜਵਾਨ ਬੇਰੁਜ਼ਗਾਰ ਹੋ ਰਿਹਾ।
ਪ੍ਰਵਾਸੀਆਂ ਦਾ ਬਾਈਕਾਟ
ਪੰਜਾਬ ਦੇ ਕੁਝ ਪਿੰਡਾਂ ਵਿੱਚ ਇਹ ਫੈਸਲਾ ਵੀ ਕੀਤਾ ਗਿਆ ਸੀ ਕਿ ਪ੍ਰਵਾਸੀਆਂ ਦਾ ਬਾਈਕਾਟ ਕੀਤਾ ਜਾਵੇ ।ਬੀਤੇ ਦਿਨ ਹੀ ਲੁਧਿਆਣਾ ਦੇ ਪਿੰਡ ਪੱਖੋਵਾਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ, ਜਿਸ ਵਿੱਚ ਰੇੜੀਆਂ ਫੜੀਆਂ ਲਾਉਣ ਵਾਲਿਆਂ ਨੂੰ ਪਿੰਡ ਦੀ ਪੰਚਾਇਤ ਵੱਲੋਂ ਉਹਨਾਂ ਦੀਆਂ ਰੇੜੀਆਂ ਹਟਾਉਣ ਦੀ ਗੱਲ ਕਹੀ ਗਈ ਕਿਉਂਕਿ ਕਿਸੇ ਪੰਜਾਬੀ ਨੌਜਵਾਨ ਨਾਲ ਉਹਨਾਂ ਦਾ ਝਗੜਾ ਹੋ ਗਿਆ ਸੀ ਜਿਸ ਤੋਂ ਬਾਅਦ ਪਿੰਡ ਵਾਸੀਆਂ ਅਤੇ ਰੇੜੀ ਫੜੀਆਂ ਵਾਲਿਆਂ ਦੇ ਵਿਚਕਾਰ ਤਣਾਅ ਹੋ ਗਿਆ ਅਤੇ ਪਿੰਡ ਦੀ ਪੰਚਾਇਤ ਵੱਲੋਂ ਇਕੱਠੇ ਹੋ ਕੇ ਰੇੜੀਆਂ ਫੜੀਆਂ ਹਟਾਉਣ ਦੀ ਗੱਲ ਕੀਤੀ ਗਈ ।ਇਸ ਤੋਂ ਪਹਿਲਾਂ ਲੁਧਿਆਣਾ ਦੇ ਮੁੱਲਾਂਪੁਰ ਦੇ ਨੇੜੇ ਪੈਂਦੇ ਪਿੰਡਾਂ ਵਿੱਚ ਵੀ ਪ੍ਰਵਾਸੀਆਂ ਦਾ ਬਾਈਕਾਟ ਕਰਨ ਦੀ ਗੱਲਾਂ ਚੱਲਦੀਆਂ ਰਹੀਆਂ ਹਨ। ਜਿਸ ਨੂੰ ਲੈ ਕੇ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਇਹ ਕੰਮ ਸਰਕਾਰ ਦਾ ਹੈ। ਸੂਬੇ ਦੇ ਲੋਕਾਂ ਲਈ 117 ਐਮਐਲਏ ਪੰਜਾਬ ਚੋਂ ਚੁਣ ਕੇ ਭੇਜੇ ਹਨ ਤਾਂ ਜੋ ਉਹ ਵਿਧਾਨ ਸਭਾ ਵਿੱਚ ਜਾ ਕੇ ਕਾਨੂੰਨ ਬਣਾ ਸਕਣ। ਉਹਨਾਂ ਕਿਹਾ ਕਿ ਇਸ ਬਿੱਲ 'ਤੇ ਘੱਟੋ ਘੱਟ ਵਿਧਾਨ ਸਭਾ ਵਿੱਚ ਬਹਿਸ ਜ਼ਰੂਰ ਹੋਣੀ ਚਾਹੀਦੀ ਹੈ। ਜਿਸ ਤੋਂ ਬਾਅਦ ਹੀ ਇਸ 'ਤੇ ਕੋਈ ਫੈਸਲਾ ਹੋਣਾ ਚਾਹੀਦਾ ਹੈ ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਹ ਕਾਨੂੰਨ ਲਿਆਉਣ ਤੋਂ ਡਰ ਰਹੀ ਹੈ । ਉਨ੍ਹਾਂ ਕਿਹਾ ਜੇਕਰ ਹਿਮਾਚਲ ਗੁਜਰਾਤ ਦੇ ਵਿੱਚ ਕਾਨੂੰਨ ਬਣ ਸਕਦਾ ਹੈ ਤਾਂ ਪੰਜਾਬ ਦੇ ਵਿੱਚ ਕਿਉਂ ਨਹੀਂ?
ਕੀ ਕਹਿੰਦੇ ਨੇ ਮਾਹਿਰ
ਇਸ ਸੰਬੰਧੀ ਜਦੋਂ ਅਸੀਂ ਮਾਹਿਰਾਂ ਨਾਲ ਗੱਲਬਾਤ ਕੀਤੀ ਤਾਂ ਸਾਬਕਾ ਐਮਐਲਏ ਅਤੇ ਸਮਾਜ ਸੇਵਾ ਕਰਨ ਵਾਲੇ ਤਰਸੇਮ ਜੋਧਾ ਨੇ ਕਿਹਾ ਕਿ ਪੰਜਾਬ ਵਿੱਚ ਜੋ ਹਾਲਾਤ ਹਨ ਉਹ ਇਕੱਲੇ ਪੰਜਾਬ 'ਚ ਨਹੀਂ ਪੂਰੇ ਵਿਸ਼ਵ ਵਿੱਚ ਹਨ। ਉਹਨਾਂ ਕਿਹਾ ਕਿ ਜੇਕਰ ਪੰਜਾਬ ਦਾ ਨੌਜਵਾਨ ਰੁਜ਼ਗਾਰ ਲਈ ਬਾਹਰ ਜਾ ਰਿਹਾ ਹੈ ਤਾਂ ਇਸ ਦਾ ਕਾਰਨ ਪਰਵਾਸੀਆਂ ਦੀ ਵੱਧ ਰਹੀ ਗਿਣਤੀ ਨਹੀਂ ਹੈ ਸਗੋਂ ਪੰਜਾਬ ਵਿੱਚ ਰਹੀਆਂ ਸਮੇਂ ਦੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਹਨ । ਜਿਸ ਤੋਂ ਪਰੇਸ਼ਾਨ ਹੋ ਕੇ ਪੰਜਾਬ ਦਾ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰ ਰਿਹਾ ਹੈ। ਉੱਥੇ ਜਾ ਕੇ ਉਹ ਖੱਜਲ ਹੁੰਦਾ ਹੈ। ਉਹਨਾਂ ਕਿਹਾ ਕਿ ਇਹ ਉਹੀ ਜਾਣਦੇ ਹਨ ਪਰ ਇਸ ਤਰ੍ਹਾਂ ਪ੍ਰਵਾਸੀਆਂ ਨੂੰ ਕੱਢ ਦੇਣਾ ਜਾਂ ਅਜਿਹਾ ਕਾਨੂੰਨ ਬਣਾਉਣਾ ਇਸ ਦਾ ਹੱਲ ਨਹੀਂ ਹੈ। ਉਹਨਾਂ ਕਿਹਾ ਕਿ ਅੱਜ ਸਾਡੀ ਖੇਤੀ ਸੰਕਟ, ਸਾਡੀ ਇੰਡਸਟਰੀ ਸੰਕਟ ਵਿੱਚ ਹੈ ।ਉਹਨਾਂ ਕਿਹਾ ਸਭ ਤੋਂ ਜ਼ਿਆਦਾ ਰੁਜ਼ਗਾਰ ਖੇਤੀ ਅਤੇ ਐਮਐਸਐਮਈ ਨੌਜਵਾਨਾਂ ਨੂੰ ਦਿੰਦੀ ਸੀ ਪਰ ਅੱਜ ਉਹ ਖਤਮ ਹੁੰਦੀ ਜਾ ਰਹੀ ਹੈ। ਇਸ ਕਰਕੇ ਸਰਕਾਰ ਦੀਆਂ ਨੀਤੀਆਂ ਦੇ ਵਿੱਚ ਨਹੀਂ ਬਲਕਿ ਕਾਨੂੰਨ ਵਿੱਚ ਬਦਲਾਅ ਦੀ ਲੋੜ ਹੈ।