ਲੁਧਿਆਣਾ: ਸਰਕਾਰ ਕੋਈ ਵੀ ਹੋਏ ਕਿਸਾਨ ਤਾਂ ਸੜਕਾਂ 'ਤੇ ਹੀ ਬੈਠੇ ਦਿਾਖਈ ਦਿੰਦੇ ਹਨ। ਹੁਣ ਵੀ ਕਿਸਾਨ ਪੂਰੇ ਸੂਬੇ 'ਚ ਲਗਾਤਾਰ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਪਰ ਬਹੁਤ ਸਾਰੇ ਲੋਕ ਅਜਿਹੇ ਨੇ ਜਿੰਨ੍ਹਾਂ ਨੂੰ ਹੁਣ ਤੱਕ ਇਹ ਨਹੀਂ ਪਤਾ ਕਿ ਕਿਸਾਨਾਂ ਦੀ ਮੰਗਾਂ ਕੀ ਹਨ? ਕਿਸਾਨ ਕਿਉਂ ਸੜਕਾਂ 'ਤੇ ਬੈਠਣ ਨੂੰ ਮਜ਼ਬੂਰ ਨੇ? ਕਿਉਂ ਸਰਕਾਰ ਨਾਲ ਕੀਤੀਆਂ ਮੀਟਿੰਗਾਂ ਦਾ ਕੋਈ ਸਿੱਟਾ ਨਹੀਂ ਨਿਕਲ ਰਿਹਾ? ਅੱਜ ਤੁਹਾਨੂੰ ਸਾਰੇ ਮਾਮਲੇ ਬਾਰੇ ਜਾਣਕਾਰੀ ਦੇਵਾਂਗੇ।
ਕਿਸਾਨਾਂ ਦੇ ਧਰਨਿਆਂ ਦਾ ਅਸਲ ਸੱਚ ਕੀ (ETV BHARAT) ਕਿਸਾਨਾਂ ਦੀ ਨਰਾਜ਼ਗੀ ਦਾ ਕਾਰਨ
ਇੱਕ ਤਾਰੀਕ ਤੋਂ ਮੰਡੀਆਂ 'ਚ ਝੋਨੇ ਦੀ ਖਰੀਦ ਦਾ ਸਰਕਾਰੀ ਐਲਾਨ ਹੋਇਆ ਸੀ। ਸਰਕਾਰ ਨੇ ਦਾਅਵਾ ਕੀਤਾ ਸੀ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੰਡੀਆਂ 'ਚ ਕੋਈ ਦਿੱਕਤ ਨਹੀਂ ਆਵੇਗੀ। ਕਿਸੇ ਵੀ ਕਿਸਾਨ ਨੂੰ ਮੰਡੀਆਂ 'ਚ ਹੁਣ ਰੁਲਣਾ ਨਹੀਂ ਪਵੇਗਾ। ਕਿਸਾਨਾਂ ਨੂੰ ਵੀ ਉਮੀਦ ਸੀ ਕਿ 6 ਮਹੀਨੇ ਪੁੱਤਾਂ ਵਾਂਗ ਪਾਲੀ ਫ਼ਸਲ ਦਾ ਵਧੀਆ ਮੁੱਲ ਪਵੇਗਾ ਅਤੇ ਇਸ ਵਾਰ ਉਹ ਖੱਜਲ-ਖੁਆਰੀ ਤੋਂ ਬਚ ਜਾਣਗੇ ਪਰ ਹੋਇਆ ਇਸ ਦੇ ਉਲਟ। ਹੁਣ ਤੱਕ ਕਿਸਾਨਾਂ ਨੂੰ ਫ਼ਸਲ ਵੇਚਣ ਲਈ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਕਾਰਨ ਕਿਸਾਨ ਨਰਾਜ਼ ਹਨ।
ਕਿਸਾਨਾਂ ਦੇ ਧਰਨਿਆਂ ਦਾ ਅਸਲ ਸੱਚ ਕੀ (ETV BHARAT) ਸਰਕਾਰ ਦੇ ਦਾਅਵੇ ਖੋਖਲ੍ਹੇ
ਕਿਸਾਨਾਂ ਨਾਲ ਦਾਅਵੇ ਕਰਨ ਵਾਲੀ ਸਰਕਾਰ ਦੇ ਹਾਲਾਤ ਅਜਿਹੇ ਬਣੇ ਹੋਏ ਨੇ ਕਿ ਖੁਦ ਆਮ ਆਦਮੀ ਪਾਰਟੀ ਦੇ ਆਗੂ ਮੰਡੀਆਂ ਵਿੱਚ ਜਾ ਕੇ ਲਿਫਟਿੰਗ ਦੀ ਸਮੱਸਿਆ ਚੈੱਕ ਕਰ ਰਹੇ ਨੇ ਅਤੇ ਕਿਸਾਨਾਂ ਨੂੰ ਸਭ ਠੀਕ ਹੋਣ ਦਾ ਭਰੋਸਾ ਵੀ ਦੇ ਰਹੇ ਹਨ। ਕਿਸਾਨਾਂ ਨੇ ਆਖਿਆ ਕਿ ਸਭ ਦਾ ਢਿੱਡ ਭਰਨ ਵਾਲੇ ਅੰਨਦਾਤਾ ਨਾਲ ਹੀ ਅਜਿਹਾ ਕਿਉਂ ਹੋ ਰਿਹਾ ਹੈ? ਕਿਉਂ ਕਿਸਾਨ ਦੇ ਪੱਲ੍ਹੇ ਹੀ ਨਿਰਾਸ਼ਾ ਪੈ ਰਹੀ ਹੈ।
ਕਿਸਾਨਾਂ ਦੇ ਧਰਨਿਆਂ ਦਾ ਅਸਲ ਸੱਚ ਕੀ (ETV BHARAT) ਕੀ ਨੇ ਕਿਸਾਨਾਂ ਦੀਆਂ ਮੰਗਾਂ?
1. ਕਿਸਾਨਾਂ ਦੀ ਸਭ ਤੋਂ ਵੱਡੀ ਮੰਗ ਸਮੇਂ ਸਿਰ ਫ਼ਸਲ ਦੀ ਵਿਕਰੀ ਨਾ ਹੋਣਾ ਹੈ।
2. ਇਸ ਤੋਂ ਇਲਾਵਾ ਸੈਲਰ ਮਾਲਕਾਂ ਵੱਲੋਂ ਪੀਆਰ 126 ਕਿਸਮ ਨੂੰ ਲੈਣ ਤੋਂ ਇਨਕਾਰ ਕੀਤਾ ਜਾ ਰਿਹਾ, ਉਸ ਨੂੰ ਲੈ ਕੇ ਵੀ ਕਿਸਾਨ ਚਿੰਤਿਤ ਹਨ।
3.ਤਿੰਨ ਖੇਤੀ ਕਾਨੂੰਨ ਵਾਪਸ ਕਰਾਉਣ ਤੋਂ ਬਾਅਦ ਕਿਸਾਨਾਂ ਵੱਲੋਂ ਕੁਝ ਹੋਰ ਮੰਗਾਂ ਦੀ ਗੱਲ ਕੀਤੀ ਗਈ ਸੀ ਜੋ ਹਾਲੇ ਤੱਕ ਪੂਰੀਆਂ ਨਹੀਂ ਹੋਈਆਂ। ਉਸ ਵਿੱਚ ਲਖੀਮਪੁਰ ਖੀਰੀ ਦਾ ਮੁੱਦਾ।
4. ਦਿੱਲੀ ਧਰਨੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਨੌਕਰੀ।
5.ਸਵਾਮੀਨਾਥਨ ਰਿਪੋਰਟ ਦੀਆਂ ਸਿਫਾਰਿਸ਼ਾਂ ਲਾਗੂ ਕਰਨ।
6. ਲਾਗਤ ਨਾਲੋਂ ਵੱਧ ਤੋਂ ਵੱਧ ਮੁਨਾਫਾ ਕਿਸਾਨਾਂ ਕੋਲ ਪਹੁੰਚਣ ਦੀਆਂ ਮੰਗਾਂ ਨੂੰ ਲੈ ਕੇ ਕਿਸਾਨ ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨ ਕਰ ਰਹੇ ਹਨ।
ਸੂਬੇ 'ਚ ਕਿਸਾਨਾਂ ਦਾ ਪ੍ਰਦਰਸ਼ਨ
ਕਿਸਾਨਾਂ ਵੱਲੋਂ ਬੀਤੇ ਦਿਨ੍ਹੀਂ ਪਹਿਲਾਂ ਰੇਲਵੇ ਟਰੈਕ ਜਾਮ ਕੀਤੇ ਗਏ, ਫਿਰ ਟੋਲ ਪਲਾਜ਼ਾ ਮੁਫ਼ਤ ਕੀਤੇ ਅਤੇ ਹੁਣ ਕਿਸਾਨਾਂ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਆਗੂਆਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਮੰਡੀਆਂ ਵਿੱਚ ਕਿਸਾਨਾਂ ਦੀ ਫਸਲ ਪਹੁੰਚ ਰਹੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਫਸਲ ਰੱਖਣ ਲਈ ਹੀ ਮੰਡੀਆਂ 'ਚ ਥਾਂ ਨਹੀਂ। ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਵੀ ਲਗਾਤਾਰ ਸਵਾਲ ਖੜੇ ਕੀਤੇ ਜਾ ਰਹੇ ਹਨ। ਇਸੇ ਮੁੱਦੇ ਨੂੰ ਲੈ ਕੇ ਕਿਸਾਨਾਂ ਵੱਲੋਂ ਵੀ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਕਿਸਾਨਾਂ ਦੇ ਧਰਨਿਆਂ ਦਾ ਅਸਲ ਸੱਚ ਕੀ (ETV BHARAT) ਕੀ ਕਹਿੰਦੇ ਅੰਕੜੇ?
ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਪੰਜਾਬ ਦੀ ਕੁੱਲ ਫ਼ਸਲ 'ਚੋਂ 20 ਫੀਸਦੀ ਦੇ ਕਰੀਬ ਫਸਲ ਹੀ ਮੰਡੀ ਵਿੱਚ ਵਿਕ ਸਕੀ ਹੈ। ਹਾਲੇ 80 ਫੀਸਦੀ ਦੇ ਕਰੀਬ ਫ਼ਸਲ ਦੀ ਵਿਕਰੀ ਹੋਣੀ ਬਾਕੀ ਹੈ। ਲੁਧਿਆਣਾ ਵਿੱਚ 22 ਫੀਸਦੀ ਫ਼ਸਲ ਹਾਲੇ ਤੱਕ ਮੰਡੀਆਂ ਵਿੱਚ ਪਹੁੰਚੀ ਹੈ। ਅਜਿਹੇ 'ਚ ਮੰਡੀਆਂ ਦੇ ਪ੍ਰਬੰਧਾਂ ਨੂੰ ਲੈ ਕੇ ਕਿਸਾਨ ਨਰਾਜ਼ ਨੇ ਅਤੇ ਸਰਕਾਰ ਖਿਲਾਫ਼ ਰੋਸ ਜ਼ਾਹਿਰ ਕਰ ਰਹੇ ਹਨ। ਜਦੋਂ ਕਿ ਇਸ ਮਸਲੇ ਨੂੰ ਲੈ ਕੇ ਕੇਂਦਰ ਸਰਕਾਰ ਸੂਬਾ ਸਰਕਾਰ 'ਤੇ ਅਤੇ ਸੂਬਾ ਸਰਕਾਰ ਕੇਂਦਰ ਸਰਕਾਰ 'ਤੇ ਇਲਜ਼ਾਮ ਲਗਾ ਰਹੀ ਹੈ। ਮੰਡੀਆਂ ਵਿੱਚ ਪਹੁੰਚੇ ਕਿਸਾਨਾਂ ਨਾਲ ਅਸੀਂ ਗੱਲਬਾਤ ਕੀਤੀ ਤਾਂ ਕਿਸਾਨ ਨੇ ਦੱਸਿਆ ਕਿ ਉਹ 10 ਕਿੱਲਿਆਂ ਦਾ ਝੋਨਾ ਲੈ ਕੇ ਲੁਧਿਆਣਾ ਦੀ ਦਾਣਾ ਮੰਡੀ ਪਹੁੰਚਿਆ ਪਰ ਪਿਛਲੇ ਚਾਰ ਦਿਨਾਂ ਤੋਂ ਮੰਡੀ ਵਿੱਚ ਹੀ ਦਿਨ-ਰਾਤ ਕੱਟ ਰਿਹਾ ਹੈ। ਮੰਡੀਆਂ ਦਾ ਇੰਨਾ ਮਾੜਾ ਹਾਲ ਕਿਸਾਨ ਦੱਸ ਰਹੇ ਨੇ ਕਿ ਪਾਣੀ ਅਤੇ ਬੈਠਣ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ।
ਕਿਸਾਨਾਂ ਦਾ ਦਰਦ
ਕਿਸਾਨ ਆਪਣਾ ਦਰਦ ਬਿਆਨ ਕਰਦੇ ਆਖ ਰਹੇ ਨੇ ਕਿ ਜਦੋਂ ਤੱਕ ਪੁਰਾਣੇ ਝੋਨੇ ਦੀ ਲਿਫਟਿੰਗ ਨਹੀਂ ਹੁੰਦੀ, ਉਦੋਂ ਤੱਕ ਨਵੀਂ ਫ਼ਸਲ ਰੱਖਣ ਨੂੰ ਥਾਂ ਨਹੀਂ ਹੈ ।ਜਿਸ ਕਰਕੇ ਆੜਤੀਆਂ ਵੱਲੋਂ ਕਿਸਾਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਇਸ ਸਮੱਸਿਆ ਨਾਲ ਵੀ ਕਿਸਾਨ ਜੂਝ ਰਿਹਾ ਹੈ। ਉਹਨਾਂ ਕਿਹਾ ਕਿ ਇਹ ਪ੍ਰਬੰਧ ਸਰਕਾਰ ਨੂੰ ਪਹਿਲਾਂ ਕਰ ਲੈਣੇ ਚਾਹੀਦੇ ਸਨ ਜੋ ਹੁਣ ਕੀਤੇ ਜਾ ਰਹੇ ਹਨ । ਇਹੀ ਕਾਰਨ ਹੈ ਕਿ ਕਿਸਾਨਾਂ ਨੂੰ ਧਰਨੇ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।