ਬਠਿੰਡਾ:ਨਾਭਾ ਜੇਲ ਬ੍ਰੇਕ ਕਾਂਡ ਦੇ ਮਾਸਟਰ ਮਾਇੰਡ ਗੈਂਗਸਟਰ ਰਮਨਜੀਤ ਸਿੰਘ ਉਰਫ ਰੋਮੀ ਜੋ ਕਿ ਹਾਂਗਕਾਂਗ ਦੀ ਜੇਲ੍ਹ ਵਿੱਚ ਸੀ, ਉਸ ਨੂੰ ਵੀਰਵਾਰ ਦੇਰ ਸ਼ਾਮ ਪੰਜਾਬ ਪੁਲਿਸ ਭਾਰਤ ਲੈ ਕੇ ਪਹੁੰਚੀ। ਰਮਨਜੀਤ ਸਿੰਘ ਉਰਫ ਰੋਮੀ ਨੂੰ ਭਾਰਤ ਲੈ ਕੇ ਆਉਣ ਲਈ ਭਾਰਤ ਨੂੰ 6 ਸਾਲ ਲੜਾਈ ਲੜਨੀ ਪਈ। ਹੁਣ ਮਨਜ਼ੂਰੀ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਦੇ ਇੱਕ ਐਸਪੀ ਅਤੇ ਦੋ ਡੀਐਸਪੀ ਅਧਿਕਾਰੀਆਂ ਸਣੇ 6 ਮੈਂਬਰੀ ਟੀਮ ਹਾਂਗਕਾਂਗ ਗਈ ਸੀ ਅਤੇ ਅੱਜ ਦੇਰ ਸ਼ਾਮ ਰਮਨ ਜੀਤ ਸਿੰਘ ਉਰਫ ਰੋਮੀ ਨੂੰ ਭਾਰਤ ਲਿਆਂਦਾ। ਇਸ ਦੀ ਪੁਸ਼ਟੀ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਵੀ ਕੀਤੀ ਗਈ ਹੈ।
6 ਕੈਦੀ ਫ਼ਰਾਰ ਹੋਏ, ਕਿਸੇ ਦਾ ਹੋ ਚੁੱਕਾ ਐਨਕਾਉਂਟਰ ਤੇ ਕਈ ਮੁੜ ਗ੍ਰਿਫਤਾਰ: ਨਵੰਬਰ 2016 ਵਿੱਚ ਨਾਭਾ ਜੇਲ ਬ੍ਰੇਕ ਕਾਂਡ ਵਿੱਚ 6 ਕੈਦੀ ਫ਼ਰਾਰ ਹੋਏ ਸੀ, ਜਿਨ੍ਹਾਂ ਵਿੱਚੋਂ ਦੋ ਅੱਤਵਾਦੀ ਅਤੇ ਚਾਰ ਗੈਂਗਸਟਰ ਸਨ। ਫ਼ਰਾਰ ਹੋਏ ਦੋ ਅੱਤਵਾਦੀਆਂ ਵਿੱਚੋਂ ਖਾਲਿਸਤਾਨ ਲਬਰੇਸ਼ਨ ਫੋਰਸ ਦੇ ਚੀਫ ਹਰਮਿੰਦਰ ਸਿੰਘ ਮਿੰਟੂ ਨੂੰ ਪੁਲਿਸ ਨੇ ਕੁਝ ਘੰਟਿਆਂ ਬਾਅਦ ਹੀ ਗ੍ਰਿਫਤਾਰ ਕਰ ਲਿਆ ਸੀ, ਜਦਕਿ ਉਸ ਦਾ ਸਾਥੀ ਅੱਤਵਾਦੀ ਕਸ਼ਮੀਰ ਸਿੰਘ ਫ਼ਰਾਰ ਹੋ ਗਿਆ ਸੀ। ਗੈਂਗਸਟਰ ਗੁਰਪ੍ਰੀਤ ਸੇਖੋ ਨੂੰ ਪੁਲਿਸ ਨੇ ਬਾਅਦ ਵਿੱਚ ਮੋਗਾ ਤੋਂ ਗ੍ਰਿਫਤਾਰ ਕੀਤਾ ਸੀ।
ਇਸ ਮਾਮਲੇ ਵਿੱਚ ਸ਼ਾਮਲ ਗੈਂਗਸਟਰ ਹਰਜੋਗਿੰਦਰ ਸਿੰਘ ਉਰਫ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦਾ ਸਾਲ 2018 ਵਿੱਚ ਪੁਲਿਸ ਨੇ ਐਨਕਾਊਂਟਰ ਕੀਤਾ ਸੀ। ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜੇ ਅੱਤਵਾਦੀ ਮਿੰਟੂ ਦੀ ਬੀਮਾਰੀ ਕਾਰਨ ਜੇਲ 'ਚ ਮੌਤ ਹੋ ਗਈ। ਜਦਕਿ ਨਰੇਸ਼ ਨਾਰੰਗ, ਰਵਿੰਦਰ ਵਿੱਕੀ, ਰਣਜੀਤ ਸਿੰਘ, ਤੇਜਿੰਦਰ ਸ਼ਰਮਾ, ਮੁਹੰਮਦ ਅਸੀਮ ਅਤੇ ਜਤਿੰਦਰ ਨੂੰ ਬਰੀ ਕਰ ਦਿੱਤਾ ਗਿਆ।