ਫੂਸ ਭਰ ਕੇ ਵੇਚਣ ਦੀ ਕੀਤੀ ਗਈ ਕੋਸ਼ਿਸ਼ ਸੰਗਰੂਰ: ਜ਼ਿਲ੍ਹੇ ਦੇ ਰੇਲਵੇ ਸਟੇਸ਼ਨ ਉੱਤੇ ਕਣਕ ਦੀ ਲੋਡਿੰਗ ਦੇ ਦੌਰਾਨ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਦੇਖਣ ਨੂੰ ਮਿਲਿਆ ਕਿ ਕਣਕ ਦੀਆਂ ਬੋਰੀਆਂ ਵਿੱਚ ਕਣਕ ਦੀ ਬਜਾਏ ਫੂਸ ਭਰ ਕੇ ਟਰੇਨ ਉੱਤੇ ਲੋਡ ਕਰਕੇ ਅੱਗੇ ਭੇਜਿਆ ਜਾ ਰਿਹਾ ਸੀ। ਜਿਸ ਤੋਂ ਬਾਅਦ ਲੇਬਰ ਨੇ ਜਦੋਂ ਮਾਮਲੇ ਜਾਣਕਾਰੀ ਦਿੱਤੀ ਤਾਂ ਮੀਡੀਆ ਨੇ ਇਸ ਮੁੱਦੇ ਨੂੰ ਚੁੱਕਿਆ ਇਸ ਤੋਂ ਬਾਅਦ ਦੇਖਣ ਨੂੰ ਮਿਲਿਆ ਕੀ ਕਣਕ ਦੀ ਬਜਾਏ ਫੂਸ ਬੋਰੀਆਂ ਵਿੱਚ ਭਰਿਆ ਹੈ।
ਪਨਗਰੇਨ ਇੰਸਪੈਕਟਰ ਅਤੇ ਫੂਡ ਸਪਲਾਈ ਇੰਸਪੈਕਟਰ ਵੱਲੋਂ ਮੌਕੇ ਦੇ ਉੱਤੇ ਆ ਕੇ ਸਾਰੀਆਂ ਬੋਰੀਆਂ ਦੀ ਜਾਂਚ ਕੀਤੀ ਗਈ ਅਤੇ ਫੂਸ ਦੀਆਂ ਭਰੀਆਂ ਹੋਈਆਂ ਘੱਟ ਵਜਨ ਵਾਲੀਆਂ ਬੋਰੀਆਂ ਟ੍ਰੇਨ ਦੇ ਵਿੱਚੋਂ ਉਤਰਵਾਈਆਂ ਗਈਆਂ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪਨਗਰੇਨ ਇੰਸਪੈਕਟਰ ਨੇ ਕਿਹਾ ਕਿ ਪਨਗਰੇਨ ਦੀ ਅੱਜ ਸਪੈਸ਼ਲ ਲੱਗੀ ਹੋਈ ਸੀ। ਜਿਸ ਦੇ ਵਿੱਚ ਆੜਤੀਆਂ ਦੇ ਵੱਲੋਂ ਸਿੱਧਾ ਹੀ ਟ੍ਰੇਨ ਦੇ ਵਿੱਚ ਕਣਕ ਦੀਆਂ ਬੋਰੀਆਂ ਲੋਡ ਕਰਵਾਈਆਂ ਜਾਣੀਆਂ ਸਨ।
ਕਣਕ ਦੀ ਥਾਂ ਬੋਰੀਆਂ 'ਚ ਭਰਿਆ ਫੂਸ:ਇਸ ਦੌਰਾਨ ਇੱਕ ਆੜਤੀ ਵੱਲੋਂ ਕਣਕ ਦੀਆਂ ਬੋਰੀਆਂ ਦੇ ਵਿੱਚ ਕਣਕ ਦੀ ਬਜਾਏ ਫੂਸ ਹੀ ਭਰਿਆ ਹੋਇਆ ਸੀ ਅਤੇ ਕਈ ਬੋਰੀਆਂ ਦਾ ਵਜਨ ਕਾਫੀ ਜਿਆਦਾ ਘੱਟ ਸੀ। ਸ਼ਿਕਾਇਤ ਮਿਲਣ ਮਗਰੋਂ ਸਾਡੇ ਵੱਲੋਂ ਮੌਕੇ ਉੱਤੇ ਪਹੁੰਚ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਫੂਸ ਦੀਆਂ ਭਰੀਆਂ ਹੋਈਆਂ ਬੋਰੀਆਂ ਥੱਲੇ ਉਤਾਰ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਆੜਤੀ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸਖਤ ਕਾਰਵਾਈ:ਉੱਥੇ ਹੀ ਜਦੋਂ ਇਸ ਦੇ ਬਾਰੇ ਸੰਗਰੂਰ ਦੇ ਡੀਸੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਥੋੜਾ ਸਮਾਂ ਪਹਿਲਾਂ ਹੀ ਇਸ ਦੀ ਜਾਣਕਾਰੀ ਮਿਲੀ ਹੈ। ਪਨਗਰੇਨ ਕੰਪਨੀ ਦੀ ਸਪੈਸ਼ਲ ਲੱਗੀ ਹੋਈ ਸੀ ਜਿਸ ਦੌਰਾਨ ਸਾਰਾ ਵਾਕਾ ਸਾਹਮਣੇ ਆਇਆ। ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।