ਬਰਨਾਲਾ: ਜ਼ਿਲ੍ਹੇ ਵਿੱਚ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਣਕ ਬੀਜਣ ਵਾਲੇ ਕਿਸਾਨਾਂ ਦੀ ਫ਼ਸਲ ਗੁਲਾਬੀ ਅਤੇ ਚਿੱਟੀ ਸੁੰਡੀ ਦੀ ਮਾਰ ਹੇਠ ਆ ਗਈ ਹੈ। ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਸੁੰਡੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਪ੍ਰਭਾਵਿਤ ਖੇਤਾਂ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਹੈ। ਜ਼ਿਲ੍ਹੇ ਦੇ ਪਿੰਡ ਰਾਏਸਰ ਦੇ ਸੁਖਵੀਰ ਸਿੰਘ ਦੀ 5 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਕਣਕ ਬੀਜੀ ਹੈ ਅਤੇ ਸਾਰੀ ਫ਼ਸਲ ਗੁਲਾਬੀ ਸੁੰਡੀ ਅਤੇ ਤੇਲੇ ਦੀ ਭੇਂਟ ਚੜ੍ਹ ਗਈ ਹੈ। ਕਿਸਾਨ ਨੇ ਦੱਸਿਆ ਕਿ ਫ਼ਸਲ ਦਾ ਵਾਧਾ ਰੁਕ ਗਿਆ ਹੈ ਅਤੇ ਸੁੱਕਣ ਲੱਗੀ ਹੈ। ਸਪਰੇਆਂ ਕਰਨ ਦੇ ਬਾਵਜੂਦ ਇਸ ਦਾ ਹੱਲ ਨਹੀਂ ਹੋਇਆ। ਉਹਨਾਂ ਇਸ ਲਈ ਸਰਕਾਰ ਨੂੰ ਹੀ ਜ਼ਿੰਮੇਵਾਰ ਦੱਸਿਆ ਹੈ ਕਿਉਂਕਿ ਸਰਕਾਰ ਨੇ ਉਹਨਾਂ ਨੂੰ ਝੋਨੇ ਦੀ ਪਰਾਲੀ ਮਚਾਉਣ ਨਹੀਂ ਦਿੱਤੀ।
ਕਣਕ ਦੀ ਫ਼ਸਲ ਦਾ ਵੱਡਾ ਰਕਬਾ ਗੁਲਾਬੀ ਅਤੇ ਚਿੱਟੀ ਸੁੰਡੀ ਦੀ ਲਪੇਟ 'ਚ, ਸਰਕਾਰ ਨੂੰ ਲਾਹਣਤਾਂ ਪਾ ਰਹੇ ਕਿਸਾਨ - PINK AND WHITE CATERPILLARS
ਬਰਨਾਲਾ ਵਿੱਚ ਕਣਕ ਉੱਤੇ ਗੁਲਾਬੀ ਅਤੇ ਚਿੱਟੀ ਸੁੰਡੀ ਦੀ ਮਾਰ ਪੈਣ ਕਾਰਨ ਕਿਸਾਨ ਪਰੇਸ਼ਾਨ ਹਨ। ਹੁਣ ਕਿਸਾਨ ਪੰਜਾਬ ਸਰਕਾਰ ਨੂੰ ਕੋਸ ਰਹੇ ਹਨ।
Published : Dec 6, 2024, 6:54 PM IST
ਸਰਕਾਰ ਨੂੰ ਲਾਹਣਤਾਂ ਪਾ ਰਹੇ ਕਿਸਾਨ
ਇਸੇ ਤਰ੍ਹਾਂ ਵਜੀਦਕੇ ਕਲਾਂ ਦੇ ਕਿਸਾਨ ਮੱਖਣ ਸਿੰਘ ਦੇ ਖੇਤ ਵੀ ਇਹੀ ਸਮੱਸਿਆ ਹੈ। ਅੱਜ ਮਹਿਕਮੇ ਦੇ ਅਧਿਕਾਰੀਆਂ ਨੇ ਖੇਤ ਦਾ ਦੌਰਾ ਵੀ ਕੀਤਾ। ਇਸੇ ਤਰ੍ਹਾਂ ਜਗਸੀਰ ਸਿੰਘ ਠੁੱਲ੍ਹੀਵਾਲ ਦੇ ਖੇਤ ਵੀ ਕਣਕ ਸੁੰਡੀ ਨੇ ਸੁਕਾਉਣੀ ਸ਼ੁਰੂ ਕਰ ਦਿੱਤੀ ਹੈ। ਅਮਲਾ ਸਿੰਘ ਵਾਲਾ ਦੇ ਨਾਨਕ ਸਿੰਘ ਨੇ ਦੱਸਿਆ ਕਿ 2 ਏਕੜ ਫ਼ਸਲ ਸੁੰਡੀ ਨੇ ਲਪੇਟ ਵਿੱਚ ਲਈ ਹੈ। ਵਿਭਾਗ ਨੇ ਸਪਰੇਅ ਅਤੇ ਯੂਰੀਏ ਦੀ ਬੋਰੀ ਮਿਲਾ ਕੇ ਪ੍ਰਤੀ ਏਕੜ ਪਾਉਣ ਦੀ ਸਿਫ਼ਾਰਿਸ਼ ਕੀਤੀ ਹੈ। ਇਸ ਨਾਲ ਪ੍ਰਤੀ ਏਕੜ 1500 ਦੇ ਕਰੀਬ ਖ਼ਰਚਾ ਆਵੇਗਾ। ਇਸ ਤੋਂ ਇਲਾਵਾ ਕਣਕ ਦਾ ਝਾੜ ਵੀ ਸੁੰਡੀ ਦੇ ਹਮਲੇ ਕਾਰਨ ਘੱਟਣ ਦਾ ਡਰ ਹੈ। ਇਲਾਕੇ ਦੇ ਵੱਡੀ ਗਿਣਤੀ ਕਿਸਾਨਾਂ ਨੂੰ ਸੁੰਡੀ ਦੀ ਮਾਰ ਕਾਰਨ ਆਰਥਿਕ ਨੁਕਸਾਨ ਤੋਂ ਇਲਾਵਾ ਹੋਰ ਵੀ ਚਿੰਤਾ ਖਾ ਰਹੀ ਹੈ।
ਹੁਣ ਨਹੀਂ ਲੈ ਰਿਹਾ ਕੋਈ ਸਾਰ
ਬੀਕੇਯੂ ਡਕੌਂਦਾ ਦੇ ਆਗੂ ਜਗਰਾਜ ਸਿੰਘ ਹਰਦਾਸਪੁਰਾ ਨੇ ਦੱਸਿਆ ਕਿ ਸੁੰਡੀ ਦੀ ਸਮੱਸਿਆ ਇੱਕ ਪਿੰਡ ਵਿੱਚ ਹੀ ਨਹੀਂ, ਬਲਕਿ ਹਰ ਪਿੰਡ ਵਿੱਚ ਹੈ। ਜਿਸ ਲਈ ਸਰਕਾਰ ਅਤੇ ਖੇਤੀਬਾੜੀ ਮਹਿਕਮਾ ਜਿੰਮੇਵਾਰ ਹੈ ਕਿਉਂਕਿ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਉਪਰ ਕਾਰਵਾਈ ਕਰਨ ਝੱਟ ਅਧਿਕਾਰੀ ਪਹੁੰਚ ਜਾਂਦੇ ਸਨ ਪਰ ਹੁਣ ਕਿਸਾਨਾਂ ਦੇ ਹੋ ਰਹੇ ਨੁਕਸਾਨ ’ਤੇ ਕੋਈ ਸਾਰ ਨਹੀਂ ਲਈ ਜਾ ਰਹੀ। ਉਹਨਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਪ੍ਰਭਾਵਿਤ ਕਿਸਾਨਾਂ ਦੀ ਲਿਸਟ ਬਣਾ ਕੇ ਹੋ ਰਹੇ ਆਰਥਿਕ ਨੁਕਸਾਨ ਲਈ ਮੁਆਵਜ਼ਾ ਦੇਣਾ ਚਾਹੀਦਾ ਹੈ। ਖੇਤਾਂ ਦਾ ਦੌਰਾ ਕਰਨ ਆਏ ਬਲਾਕ ਮਹਿਲ ਕਲਾਂ ਦੇ ਖੇਤੀਬਾੜੀ ਅਧਿਕਾਰੀ ਚਰਨ ਰਾਮ ਨੇ ਕਿਹਾ ਕਿ ਕੁੱਝ ਖੇਤਾਂ ਵਿੱਚ ਸੁੰਡੀ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਜਿੱਥੇ ਕਿਸਾਨਾਂ ਨੂੰ ਮੁੜ ਵਿਭਾਗ ਦੀ ਸਿਫ਼ਾਰਿਸ਼ ਮੁਤਾਬਿਕ ਸਪਰੇਹਾਂ ਕਰਨ ਦੀ ਸਲਾਹ ਦਿੱਤੀ ਗਈ ਹੈ।