ਲੁਧਿਆਣਾ: ਪੰਜਾਬ 'ਚ ਵੱਗ ਰਹੇ ਛੇਵੇਂ ਦਰਿਆ 'ਤੇ ਠੱਲ ਪਾਉਣ ਲਈ ਪੰਜਾਬ ਪੁਲਿਸ ਲਗਾਤਾਰ ਮੁਹਿੰਮ ਚਲਾ ਰਹੀ ਹੈ ਅਤੇ ਸਾਲ 2023 ਦੇ ਆਖਰ ਵਿੱਚ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇੱਕ ਸਾਲ ਵਿੱਚ 1161 ਕਿਲੋ ਹੈਰੋਇਨ ਪੁਲਿਸ ਨੇ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ, 795 ਕਿਲੋ ਅਫੀਮ, 43 ਕੁਇੰਟਲ ਪੋਸਤ, 83.17 ਲੱਖ ਗੋਲੀਆਂ, ਕੈਪਸੂਲ, ਇੰਜੈਕਸ਼ਨ ਅਤੇ ਸ਼ੀਸ਼ੀਆਂ ਆਦਿ ਬਰਾਮਦ ਹੋਈਆਂ ਹਨ। ਇਸ ਤੋਂ ਇਲਾਵਾ, 13.67 ਕਰੋੜ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ, ਪਰ ਇਸ ਦੇ ਬਾਵਜੂਦ ਨਸ਼ੇ ਉੱਤੇ ਠੱਲ੍ਹ ਨਹੀਂ ਪੈ ਰਹੀ ਹੈ।
ਸਾਲ 2022 ਐਨਸੀਆਰਬੀ ਦੇ ਡਾਟਾ ਦੇ ਮੁਤਾਬਿਕ ਪੰਜਾਬ ਵਿੱਚ ਨਸ਼ੇ ਦੇ ਓਵਰਡੋਜ਼ ਨਾਲ 144 ਲੋਕਾਂ ਦੀ ਮੌਤ ਹੋਈ ਸੀ, ਜਦਕਿ ਰਾਜਸਥਾਨ ਵਿੱਚ 117 ਅਤੇ ਮੱਧ ਪ੍ਰਦੇਸ਼ ਵਿੱਚ 74 ਨਸ਼ੇ ਦੀ ਓਵਰਡੋਜ ਨਾਲ ਮੌਤਾਂ ਦਾ ਅੰਕੜਾ ਸਾਹਮਣੇ ਆਇਆ ਹੈ। ਪੰਜਾਬ ਵਿੱਚ ਇਹ ਅੰਕੜਾ ਬਾਕੀ ਸੂਬਿਆਂ ਨਾਲੋਂ ਜਿਆਦਾ ਹੈ। ਪੂਰੇ ਦੇਸ਼ ਭਰ ਦੀ ਗੱਲ ਕੀਤੀ ਜਾਵੇ, ਤਾਂ ਸਾਲ 2022 ਵਿੱਚ ਐਨਸੀਆਰਬੀ ਦੇ ਡਾਟਾ ਮੁਤਾਬਕ 681 ਲੋਕਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਹੈ, ਜਿਨ੍ਹਾਂ ਵਿੱਚੋਂ 116 ਮਹਿਲਾਵਾਂ ਵੀ ਸ਼ਾਮਿਲ ਹਨ। ਐਨਸੀਆਰਬੀ ਦੇ ਡਾਟਾ ਮੁਤਾਬਕ ਪੰਜਾਬ ਵਿੱਚ ਸਭ ਤੋਂ ਜਿਆਦਾ ਐਨਡੀਪੀਐਸ ਦੇ ਤਹਿਤ ਸਾਲ 2022 ਵਿੱਚ 1,244 ਕੇਸ ਰਜਿਸਟਰ ਕੀਤੇ ਗਏ ਸਨ, ਹਾਲਾਂਕਿ ਮਹਾਰਾਸ਼ਟਰ ਅਤੇ ਕੇਰਲਾ ਵਿੱਚ ਇਹ ਅੰਕੜਾ ਪੰਜਾਬ ਨਾਲੋਂ ਜਿਆਦਾ ਰਿਹਾ ਹੈ।
ਜ਼ਮਾਨਤ 'ਤੇ ਬਾਹਰ ਆ ਰਹੇ ਤਸਕਰ:ਇੱਕ ਪਾਸੇ, ਜਿੱਥੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ੇ ਦੇ ਖਿਲਾਫ ਮੁਹਿੰਮ ਚਲਾ ਕੇ ਨਸ਼ੇ ਦੇ ਸੌਦਾਗਰਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾ ਰਿਹਾ ਹੈ। ਉੱਥੇ ਹੀ, ਦੂਜੇ ਪਾਸੇ ਲਗਾਤਾਰ ਇਹ ਮੁਲਜ਼ਮ ਜਮਾਨਤ ਉੱਤੇ ਬਾਹਰ ਆ ਕੇ ਫਿਰ ਤੋਂ ਨਸ਼ੇ ਦੀ ਤਸਕਰੀ ਕਰ ਰਹੇ ਹਨ। ਲੁਧਿਆਣਾ ਦੇ ਐਨਡੀਪੀਐਸ ਕੇਸਾਂ ਨਾਲ ਨਜਿੱਠਣ ਵਾਲੇ ਸੀਨੀਅਰ ਵਕੀਲ ਜਸਬੀਰ ਸਿੰਘ ਭੋਗਲ ਨੇ ਕਿਹਾ ਕਿ ਐਨਡੀਪੀਐਸ ਐਕਟ ਪੁਰਾਣਾ ਹੈ ਅਤੇ ਇਸ ਦੇ ਤਹਿਤ ਤਿੰਨ ਕੈਟਾਗਰੀ ਬਣਾਈਆਂ ਗਈਆਂ ਹਨ। ਜਿਸ ਦੇ ਵਿੱਚ ਸਮਾਲ ਰਿਕਵਰੀ, ਨਾਨ ਕਮਰਸ਼ੀਅਲ ਅਤੇ ਕਮਰਸ਼ੀਅਲ ਵੱਖ-ਵੱਖ ਕੈਟਾਗਰੀ ਹਨ ਅਤੇ ਇਸ ਕੈਟਾਗਰੀ ਵਿੱਚ ਨਸ਼ੇ ਦੀ ਤਾਦਾਦ ਦੇ ਮੁਤਾਬਿਕ ਜਮਾਨਤ ਮਿਲਣ ਦੀ ਇਜਾਜ਼ਤ ਹੈ। ਸਮਾਲ ਰਿਕਵਰੀ ਅਤੇ ਨਾਨ-ਕਮਰਸ਼ੀਅਲ ਰਿਕਵਰੀ ਵਿੱਚ ਟ੍ਰਾਇਲ ਕੋਰਟ ਤੋਂ ਜ਼ਮਾਨਤ ਆਸਾਨੀ ਨਾਲ ਮਿਲ ਜਾਂਦੀ ਹੈ, ਜਦਕਿ ਕਮਰਸ਼ੀਅਲ ਮਾਮਲਿਆਂ ਵਿੱਚ ਹਾਈਕੋਰਟ ਦੀ ਮਰਜ਼ੀ ਹੈ, ਜ਼ਮਾਨਤ ਦੇਣੀ ਜਾਂ ਨਹੀਂ ਦੇਣੀ।
ਵੱਖ-ਵੱਖ ਕੈਟਾਗਰੀ ਵਿੱਚ ਕਿੰਨੀ ਤਾਦਾਦ: ਸੀਨੀਅਰ ਵਕੀਲ ਜਸਬੀਰ ਸਿੰਘ ਭੋਗਲ ਨੇ ਦੱਸਿਆ ਕਿ ਸਮਾਲ ਰਿਕਵਰੀ ਵਿੱਚ ਡੋਡੇ ਲਗਭਗ 990 ਗ੍ਰਾਮ ਆਉਂਦੇ ਹਨ, ਜੋ ਕਿ ਜ਼ਮਾਨਤ ਟ੍ਰਾਇਲ ਦੌਰਾਨ ਹੀ ਮਿਲ ਜਾਂਦੀ ਹੈ। ਇਸ ਤਰ੍ਹਾਂ ਨਾਨ-ਕਮਰਸ਼ੀਅਲ ਵਿੱਚ 1 ਕਿਲੋ ਤੋਂ ਲੈ ਕੇ 50 ਕਿਲੋ ਤੱਕ ਦੀ ਡੋਡੇ ਆਉਂਦੇ ਹਨ ਅਤੇ ਅਜਿਹੇ ਮਾਮਲਿਆਂ ਵਿੱਚ ਵੀ ਟ੍ਰਾਇਲ ਕੋਰਟ ਤੋਂ ਜਮਾਨਤ ਮਿਲ ਜਾਂਦੀ ਹੈ। ਪਰ, ਜਿੱਥੇ ਕਮਰਸ਼ੀਅਲ ਬਰਾਮਦਗੀ ਆ ਗਈ ਜੋ ਕਿ 50 ਕਿਲੋ ਤੋਂ ਜਿਆਦਾ ਹੈ, ਤਾਂ ਫਿਰ ਹਾਈਕੋਰਟ ਆਪਣੀ ਮਰਜ਼ੀ ਦੇ ਨਾਲ ਜ਼ਮਾਨਤ ਦਿੰਦੀ ਹੈ। ਇਸੇ ਤਰ੍ਹਾਂ ਹੈਰੋਇਨ ਪੰਜ ਗ੍ਰਾਮ ਤੱਕ ਮੈਜਿਸਟ੍ਰੇਟ ਤੋਂ ਜ਼ਮਾਨਤ ਪੰਜ ਗ੍ਰਾਮ ਤੋਂ 250 ਗ੍ਰਾਮ ਨਾਨ-ਕਮਰਸ਼ੀਅਲ ਵਿੱਚ ਆਉਂਦੀ ਹੈ, ਉਸ ਵਿੱਚ ਟ੍ਰਾਇਲ ਕੋਰਟ ਤੋਂ ਜ਼ਮਾਨਤ ਮਿਲ ਜਾਂਦੀ ਹੈ। ਇਸੇ ਤਰ੍ਹਾਂ 250 ਗ੍ਰਾਮ ਤੋਂ ਜੇਕਰ ਉੱਤੇ ਬਰਾਮਦ ਹੁੰਦੀ ਹੈ, ਤਾਂ ਉੱਥੇ ਫਿਰ ਹਾਈਕੋਰਟ ਦੀ ਮਰਜ਼ੀ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਬਕਾਇਦਾ ਚਾਰਟ ਬਣਿਆ ਹੋਇਆ ਹੈ।