ਚੰਡੀਗੜ੍ਹ: ਲੰਬੇ ਸਮੇਂ ਬਾਅਦ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਧੁੱਪ ਨਿਕਲਣ ਕਾਰਨ ਪੰਜਾਬ ਦੇ ਲੋਕਾਂ ਨੂੰ ਹੱਡ ਭੰਨਵੀਂ ਠੰਢ ਤੋਂ ਰਾਹਤ ਮਿਲੀ ਹੈ। ਇਸ ਧੁੱਪ ਨੇ ਬੇਸ਼ੱਕ ਠੰਢ ਤੋਂ ਕੁਝ ਨਿੱਘ ਜ਼ਰੂਰ ਦਿੱਤਾ ਹੈ, ਪਰ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਅਜੇ ਵੀ ਬਣੀ ਹੋਈ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 10 ਦਿਨਾਂ 'ਚ ਮੌਸਮ 'ਚ ਬਦਲਾਅ ਹੋਵੇਗਾ। ਪੰਜਾਬ ਦਾ ਔਸਤ ਤਾਪਮਾਨ 2.5 ਡਿਗਰੀ, ਹਰਿਆਣਾ ਦਾ 3 ਡਿਗਰੀ ਅਤੇ ਚੰਡੀਗੜ੍ਹ ਦਾ 1 ਡਿਗਰੀ ਵਧਿਆ ਹੈ।
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 4-5 ਦਿਨਾਂ ਦੌਰਾਨ ਉੱਤਰ-ਪੱਛਮੀ ਭਾਰਤ ਵਿੱਚ ਘੱਟੋ-ਘੱਟ ਤਾਪਮਾਨ ਵਧਣ ਵਾਲਾ ਹੈ। ਹੌਲੀ-ਹੌਲੀ ਇਹ ਤਾਪਮਾਨ 2-3 ਡਿਗਰੀ ਸੈਲਸੀਅਸ ਵਧੇਗਾ। ਇਸ ਨਾਲ ਕੜਾਕੇ ਦੀ ਠੰਢ ਤੋਂ ਹੋਰ ਰਾਹਤ ਮਿਲਣ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 3-6 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਇਸ ਦੇ ਨਾਲ ਹੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ।
ਜਨਵਰੀ ਵਿੱਚ ਮੀਂਹ ਦੀ ਇੱਕ ਬੂੰਦ ਵੀ ਨਹੀਂ ਪਈ। ਆਮ ਤੌਰ 'ਤੇ ਜਨਵਰੀ ਵਿੱਚ ਚੰਗਾ ਮੀਂਹ ਪੈਂਦਾ ਹੈ। ਮੌਸਮ ਵਿਭਾਗ ਅਨੁਸਾਰ ਹੁਣ ਠੰਢ ਦਾ ਸਿਖਰ ਲੰਘ ਚੁੱਕਾ ਹੈ। ਅਜਿਹੇ 'ਚ ਬੇਹੱਦ ਠੰਢੇ ਦਿਨਾਂ ਦੀ ਸਥਿਤੀ ਨਹੀਂ ਰਹੇਗੀ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਨੂੰ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 21.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਪਿਛਲੇ ਦਿਨ 16.5 ਡਿਗਰੀ ਸੀ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਤ ਦੇ ਤਾਪਮਾਨ ਵਿਚ 2 ਡਿਗਰੀ ਦਾ ਵਾਧਾ ਹੋਇਆ ਹੈ, ਪਰ ਇਸ ਦੇ ਉਲਟ ਆਉਣ ਵਾਲੇ ਦਿਨਾਂ ਵਿਚ ਦਿਨ ਦੇ ਤਾਪਮਾਨ ਵਿਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਨਾਲ ਲੋਕਾਂ ਨੂੰ ਸਰਦੀ ਦੇ ਕਹਿਰ ਤੋਂ ਰਾਹਤ ਮਿਲੇਗੀ। ਹਾਲਾਂਕਿ ਅਜੇ ਵੀ ਧੁੰਦ ਰਹੇਗੀ।
31 ਜਨਵਰੀ ਨੂੰ ਪੈ ਸਕਦਾ ਹੈ ਮੀਂਹ: ਮੌਸਮ ਵਿਭਾਗ ਨੇ ਇਹ ਵੀ ਭਵਿੱਖਬਾਣੀ ਕੀਤੀ ਹੈ ਕਿ ਜਨਵਰੀ ਦਾ ਮਹੀਨਾ ਮੀਂਹ ਨਾਲ ਖਤਮ ਹੋਣ ਦੀ ਸੰਭਾਵਨਾ ਹੈ। ਭਾਵ 31 ਜਨਵਰੀ ਨੂੰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੀਂਹ ਤੋਂ ਬਾਅਦ ਮੌਸਮ ਸਾਫ਼ ਹੋ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਹੁਣ ਸੰਘਣੀ ਧੁੰਦ ਤੋਂ ਰਾਹਤ ਮਿਲੀ ਹੈ। ਕੁਝ ਹੀ ਸਮੇਂ ਵਿੱਚ ਧੁੰਦ ਦਾ ਕਹਿਰ ਖਤਮ ਹੋ ਜਾਵੇਗਾ।
ਦਿੱਲੀ ਦਾ ਮੌਸਮ:ਸ਼ਨੀਵਾਰ ਨੂੰ ਦਿੱਲੀ ਵਿੱਚ ਇਸ ਮਹੀਨੇ ਦਾ ਸਭ ਤੋਂ ਵੱਧ ਤਾਪਮਾਨ ਵੀ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਸੀ, ਜੋ ਆਮ ਨਾਲੋਂ ਦੋ ਡਿਗਰੀ ਵੱਧ ਸੀ, ਜਦੋਂ ਕਿ ਸ਼ੁੱਕਰਵਾਰ ਨੂੰ 20.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸੀਜ਼ਨ ਦਾ ਦੂਜਾ ਸਭ ਤੋਂ ਉੱਚਾ ਸੀ।