ਲੁਧਿਆਣਾ: ਨਗਰ ਨਿਗਮ ਚੋਣਾਂ ਦੇ ਅੰਦਰ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਾ ਮਿਲਣ ਕਰਕੇ ਹੁਣ ਲੁਧਿਆਣਾ ਦੇ ਵਿੱਚ ਮੇਅਰ ਬਣਾਉਣ ਨੂੰ ਲੈ ਕੇ ਜੋੜ ਤੋੜ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ। ਵਿਧਾਇਕਾਂ ਵੱਲੋਂ ਅਜ਼ਾਦ ਉਮੀਦਵਾਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਲੁਧਿਆਣਾ ਤੋਂ ਐਮਐਲਏ ਮਦਨ ਲਾਲ ਬੱਗਾ ਵੱਲੋਂ ਅਜ਼ਾਦ ਉਮੀਦਵਾਰ ਰਣਧੀਰ ਸਿੰਘ ਸਿਵੀਆ ਤੱਕ ਵੀ ਪਹੁੰਚ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਪਤਨੀ ਨੇ ਵਾਰਡ ਨੰਬਰ ਇੱਕ ਤੋਂ ਜਿੱਤ ਹਾਸਿਲ ਕੀਤੀ। ਹਾਲਾਂਕਿ ਦੂਜੇ ਪਾਸੇ ਕਾਂਗਰਸ ਵੱਲੋਂ ਵੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਆਪਣੇ ਉਮੀਦਵਾਰਾਂ ਨੂੰ ਮੇਅਰ ਬਣਾਉਣ ਲਈ ਸੱਦਾ ਦਿੱਤਾ ਗਿਆ ਹੈ। ਜਦੋਂ ਕਿ ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਮੇਅਰ ਉਹਨਾਂ ਵੱਲੋਂ ਹੀ ਬਣਾਇਆ ਜਾਵੇਗਾ।
ਮੇਅਰ ਬਣਾਉਣ ਦਾ ਦਾਅਵਾ
ਇਸ ਸੰਬੰਧੀ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਹੈ ਕਿ ਸਾਡੀ ਪੰਜਾਬ ਭਰ ਦੇ ਵਿੱਚ ਕਾਰਗੁਜ਼ਾਰੀ ਚੰਗੀ ਰਹੀ ਹੈ। ਹਾਲਾਂਕਿ ਜਿੱਥੇ ਨਵੇਂ ਉਮੀਦਵਾਰ ਖੜ੍ਹੇ ਸਨ ਉੱਥੇ ਜਰੂਰ ਕਿਤੇ ਨਾ ਕਿਤੇ ਥੋੜ੍ਹੀ ਵੋਟ ਘੱਟ ਪਈ ਹੈ ਪਰ ਬਾਕੀ ਇਲਾਕੇ ਦੇ ਵਿੱਚ ਚੰਗਾ ਸਮਰਥਨ ਮਿਲਿਆ ਹੈ। ਉਹਨਾਂ ਕਿਹਾ ਕਿ ਅਸੀਂ ਲੁਧਿਆਣਾ ਦੇ ਵਿੱਚ ਆਪਣਾ ਮੇਅਰ ਬਣਾਉਣ ਜਾ ਰਹੇ ਹਾਂ, ਸਾਡੇ ਕੋਲ ਲਗਭਗ ਬਹੁਮਤ ਹੈ, ਬਾਕੀ ਜਦੋਂ ਵੀ ਸਰਕਾਰ ਇਸ ਸਬੰਧੀ ਗੱਲ ਕਰੇਗੀ ਤਾਂ ਅਸੀਂ ਆਪਣਾ ਮੇਅਰ ਬਣਾਉਣ ਦਾ ਦਾਅਵਾ ਜ਼ਰੂਰ ਕਰਾਂਗੇ।
ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਹੋਰ ਅਜ਼ਾਦ ਉਮੀਦਵਾਰਾਂ ਤੱਕ ਵੀ ਪਹੁੰਚ ਕਰ ਰਹੇ ਹਨ ਤਾਂ ਉਹਨਾਂ ਕਿਹਾ ਕਿ ਇਹ ਫੈਸਲਾ ਪਾਰਟੀ ਪੱਧਰ ਉੱਤੇ ਲਿਆ ਜਾ ਸਕਦਾ ਹੈ ਅਤੇ ਇਸ ਸਬੰਧੀ ਉਹ ਸੋਚ ਵਿਚਾਰ ਕਰ ਰਹੇ ਹਨ। ਹਾਲਾਂਕਿ ਜੇਕਰ ਕਿਸੇ ਵੀ ਪਾਰਟੀ ਦੇ ਕੌਂਸਲਰ ਪੂਰੇ ਨਹੀਂ ਹੁੰਦੇ ਤਾਂ ਵਿਧਾਇਕਾਂ ਨੂੰ ਵੀ ਵੋਟ ਪਾਉਣ ਦਾ ਹੱਕ ਹੁੰਦਾ ਹੈ। ਲੁਧਿਆਣਾ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਦੇ 6 ਵਿਧਾਇਕ ਹਨ। ਜਦੋਂ ਕਿ 41 ਕੌਂਸਲਰ ਆਮ ਆਦਮੀ ਪਾਰਟੀ ਨਾਲ ਸਬੰਧਿਤ ਪਹਿਲਾਂ ਹੀ ਜਿੱਤ ਚੁੱਕੇ ਹਨ। ਕੁੱਲ੍ਹ 95 ਵਾਰਡਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ 48 ਵੋਟਾਂ ਚਾਹੀਦੀਆਂ ਹਨ। ਇਸੇ ਕਰਕੇ ਅਜ਼ਾਦ ਉਮੀਦਵਾਰਾਂ ਤੱਕ ਵੀ ਪਹੁੰਚ ਕੀਤੀ ਜਾ ਰਹੀ ਹੈ।
ਜੇਤੂ ਉਮੀਦਵਾਰ ਦਾ ਬਿਆਨ
ਜਦੋਂ ਇਸ ਸਬੰਧੀ ਅਜ਼ਾਦ ਉਮੀਦਵਾਰ ਰਣਧੀਰ ਸਿੰਘ ਸਿਵੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਫਿਲਹਾਲ ਉਹ ਸੋਚ ਰਹੇ ਹਨ ਕਿ ਕਿਸ ਪਾਰਟੀ ਨੂੰ ਸਮਰਥਨ ਦੇਣ ਹੈ। ਉਹਨਾਂ ਕਿਹਾ ਕਿ ਕਾਂਗਰਸ ਤੋਂ ਜ਼ਰੂਰ ਉਹਨਾਂ ਵੱਲੋਂ ਟਿਕਟ ਮੰਗੀ ਗਈ ਸੀ ਪਰ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ, ਉਹਨਾਂ ਨੂੰ ਅਜ਼ਾਦ ਉਮੀਦਵਾਰ ਵਜੋਂ ਇਲਾਕੇ ਦੇ ਲੋਕਾਂ ਨੇ ਜਿਤਾਇਆ ਹੈ ਅਤੇ ਹੁਣ ਉਹ ਸੋਚਣਗੇ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣਾ ਹੈ ਜਾਂ ਫਿਰ ਕਾਂਗਰਸ ਨੂੰ ਦੇਣ ਹੈ।
ਸਰਕਾਰ ਉੱਤੇ ਧੱਕੇਸ਼ਾਹੀ ਦਾ ਇਲਜ਼ਾਮ
ਇਸ ਸਬੰਧੀ ਸਾਡੀ ਟੀਮ ਵੱਲੋਂ ਵਿਸ਼ੇਸ਼ ਤੌਰ ਉੱਤੇ ਕਾਂਗਰਸ ਦੇ ਬੁਲਾਰੇ ਕੰਵਰ ਹਰਪ੍ਰੀਤ ਨਾਲ ਵੀ ਗੱਲਬਾਤ ਕੀਤੀ ਗਈ। ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਸਾਡੇ 30 ਕੌਂਸਲਰ ਜਿੱਤੇ ਹਨ, ਸਾਨੂੰ ਥੋੜੀ ਨਾਮੋਸ਼ੀ ਜ਼ਰੂਰ ਹੈ ਕਿਉਂਕਿ ਉਮੀਦ ਦੇ ਮੁਤਾਬਿਕ ਨਤੀਜੇ ਨਹੀਂ ਆਏ ਪਰ ਉਹਨਾਂ ਕਿਹਾ ਕਿ ਸਰਕਾਰ ਨੇ ਜੋ ਪ੍ਰਸ਼ਾਸਨਿਕ ਦੁਰਵਰਤੋਂ ਕੀਤੀ ਹੈ ਉਸ ਦਾ ਅਸਰ ਇਹਨਾਂ ਨਤੀਜਿਆਂ ਉੱਤੇ ਜਰੂਰ ਕਿਤੇ ਨਾ ਕਿਤੇ ਵੇਖਣ ਨੂੰ ਮਿਲਿਆ ਹੈ।
- ਕਿਸਾਨਾਂ ਲਈ ਬੋਲੇ ਸੁਨੀਲ ਜਾਖੜ, ਕੁਝ ਲੋਕ ਸਪੀਚਾਂ ਲਿਖ ਕੇ ਬੈਠੇ ਨੇ ਜੋ ਉਹਨਾਂ ਵੱਲੋਂ ਡੱਲੇਵਾਲ ਦੀ ਮੌਤ ਨੂੰ ਲੈ ਕੇ ਬੋਲੀਆਂ ਜਾਣੀਆਂ
- ਸਰਕਾਰੀ ਮੰਡੀਆਂ ਖਤਮ ਕਰਨ ਨੂੰ ਲੈ ਕੇ ਜਾਰੀ ਡਰਾਫਟ ਦਾ ਕਿਸਾਨਾਂ ਵੱਲੋਂ ਵਿਰੋਧ,ਕੀਤਾ ਸੂਬਾ ਪੱਧਰੀ ਪ੍ਰਦਰਸ਼ਨ
- ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨੀ ਅੰਦੋਲਨ 'ਤੇ ਦਿੱਤਾ ਵੱਡਾ ਬਿਆਨ, ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕਿਹਾ....
ਕੰਵਰ ਹਰਪ੍ਰੀਤ ਨੇ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਜਾਂ ਫਿਰ ਭਾਜਪਾ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕਰਨ ਜਾ ਰਹੇ ਪਰ ਇਹ ਗੱਲ ਜ਼ਰੂਰ ਹੈ ਕਿ ਜੇਕਰ ਆਮ ਆਦਮੀ ਪਾਰਟੀ ਵਿੱਚ ਸਾਡੇ ਪੁਰਾਣੇ ਆਗੂ ਟਿਕਟ ਲੈ ਕੇ ਜਿੱਤੇ ਹਨ ਜਾਂ ਫਿਰ ਭਾਜਪਾ ਤੋਂ ਜਿੱਤੇ ਹਨ ਉਹਨਾਂ ਨੂੰ ਜ਼ਰੂਰ ਸੱਦਾ ਦੇਵਾਂਗੇ ਕਿ ਲੁਧਿਆਣਾ ਦੇ ਵਿੱਚ ਕਾਂਗਰਸ ਦਾ ਮੇਅਰ ਬਣਾਉਣ ਲਈ ਉਹਨਾਂ ਨੂੰ ਸਮਰਥਨ ਦਿੱਤਾ ਜਾਵੇ। ਹਾਲਾਂਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਪਾਰਟੀ ਪੱਧਰ ਉੱਤੇ ਕੋਈ ਇਸ ਸਬੰਧੀ ਮੀਟਿੰਗ ਹੋਈ ਹੈ ਜਾਂ ਫਿਰ ਕੋਈ ਅਜ਼ਾਦ ਉਮੀਦਵਾਰਾਂ ਤੱਕ ਗੱਲਬਾਤ ਕੀਤੀ ਹੈ ਜਾਂ ਫਿਰ ਕਿਸੇ ਕੌਂਸਲਰ ਨਾਲ ਤੁਹਾਡਾ ਸੰਪਰਕ ਹੋਇਆ ਹੈ ਤਾਂ ਉਹਨਾਂ ਕਿਹਾ ਕਿ ਫਿਲਹਾਲ ਇਹ ਪਾਰਟੀ ਪੱਧਰ ਦੀ ਗੱਲਬਾਤ ਹੈ ਪਰ ਅਸੀਂ ਜਿੱਤੇ ਹੋਏ ਕੌਂਸਲਰਾਂ ਨੂੰ ਸੱਦਾ ਜ਼ਰੂਰ ਦੇ ਰਹੇ ਹਾਂ ਕਿਉਂਕਿ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਪੰਜਾਬ ਵਿੱਚ ਬਣਨੀ ਤੈਅ ਹੈ।