ਪੰਜਾਬ

punjab

ETV Bharat / state

ਮੌਤ ਵੰਡਦਾ ਨਹਿਰੀ ਪਾਣੀ: ਮਾਲਵੇ ਦੇ ਸੈਂਕੜੇ ਪਿੰਡਾਂ ਨੂੰ ਪੀਣ ਦਾ ਪਾਣੀ ਸਪਲਾਈ ਕਰਨ ਵਾਲੀ ਸਰਹਿੰਦ ਨਹਿਰ ਦਾ ਪਾਣੀ ਹੋਇਆ ਦੂਸ਼ਿਤ - Sirhind Canal Polluted water - SIRHIND CANAL POLLUTED WATER

ਮਾਲਵੇ ਦੇ ਕਈ ਪਿੰਡ ਸਰਹਿੰਦ ਨਹਿਰ 'ਚ ਆ ਰਹੇ ਦੂਸ਼ਿਤ ਪਾਣੀ ਤੋਂ ਨਿਰਾਸ਼ ਹਨ। ਉਨ੍ਹਾਂ ਦਾ ਕਹਿਣਾ ਕਿ ਮਾਲਵਾ ਇਲਾਕਾ ਜਿਥੇ ਪਹਿਲਾਂ ਹੀ ਕੈਂਸਰ ਵਰਗੀ ਬਿਮਾਰੀ ਸਹੇੜ ਰਿਹਾ ਹੈ ਤਾਂ ਹੁਣ ਹੋਰ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ।

ਮੌਤ ਵੰਡਦਾ ਨਹਿਰੀ ਪਾਣੀ
ਮੌਤ ਵੰਡਦਾ ਨਹਿਰੀ ਪਾਣੀ

By ETV Bharat Punjabi Team

Published : Apr 26, 2024, 10:48 AM IST

ਮੌਤ ਵੰਡਦਾ ਨਹਿਰੀ ਪਾਣੀ

ਬਠਿੰਡਾ:ਕੈਂਸਰ ਜਿਹੀ ਨਾ ਮੁਰਾਦ ਬਿਮਾਰੀ ਨਾਲ ਜੂਝ ਰਹੇ ਪੰਜਾਬ ਦੀ ਮਾਲਵਾ ਬੈਲਟ ਲਈ ਹੁਣ ਨਵੀਂ ਚਿੰਤਾ ਖੜੀ ਹੋ ਗਈ ਹੈ। ਮਾਲਵੇ ਦੇ ਸੈਂਕੜੇ ਪਿੰਡਾਂ ਨੂੰ ਪੀਣ ਦੇ ਪਾਣੀ ਦੇ ਇੱਕੋ ਇੱਕ ਸਰੋਤ ਸਰਹਿੰਦ ਨਹਿਰ ਵਿੱਚ ਦੂਸ਼ਿਤ ਪਾਣੀ ਆਉਣ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੰਜਾਬ ਦੇ ਰੋਪੜ ਜ਼ਿਲ੍ਹੇ ਤੋਂ ਸ਼ੁਰੂ ਹੋ ਕੇ ਸਰਹਿੰਦ ਨਹਿਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲੰਘਦੀ ਹੈ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਪਿੰਡਾਂ ਅਤੇ ਸ਼ਹਿਰਾਂ ਨੂੰ ਪੀਣ ਦਾ ਪਾਣੀ ਸਪਲਾਈ ਕਰਦੀ ਹੈ ਪਰ ਪਿਛਲੇ ਦਿਨੀਂ ਨਹਿਰਬੰਦੀ ਤੋਂ ਬਾਅਦ ਦੁਬਾਰਾ ਛੱਡਿਆ ਗਿਆ ਪਾਣੀ ਅਤਿ ਦਰਜੇ ਦਾ ਦੂਸ਼ਿਤ ਹੋਣ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਨਹਿਰ 'ਚ ਆ ਰਿਹਾ ਦੂਸ਼ਿਤ ਪਾਣੀ: ਬਠਿੰਡਾ ਦਾ ਪਿੰਡ ਗੋਬਿੰਦਪੁਰਾ ਜੋ ਨਹਿਰ ਦੇ ਕੰਢੇ ਵਸਿਆ ਹੋਇਆ ਹੈ, ਉਸ ਦੇ ਸਾਬਕਾ ਸਰਪੰਚ ਨਵਤੇਜ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਨਹਿਰਬੰਦੀ ਤੋਂ ਬਾਅਦ ਛੱਡਿਆ ਗਿਆ ਪਾਣੀ ਇੰਨਾ ਦੂਸ਼ਿਤ ਹੋਵੇ ਕਿਉਂਕਿ ਨਹਿਰਬੰਦੀ ਤੋਂ ਬਾਅਦ ਛੱਡਿਆ ਗਿਆ ਪਾਣੀ ਬਿਲਕੁਲ ਹੀ ਕਾਲਾ ਸੀ ਅਤੇ ਇਸ ਵਿੱਚੋਂ ਮੁਸ਼ਕ ਮਾਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਹੀ ਪਾਣੀ ਵੱਖ-ਵੱਖ ਪਿੰਡਾਂ ਦੇ ਵਾਟਰ ਵਰਕਸਾਂ ਨੂੰ ਸਪਲਾਈ ਕੀਤਾ ਗਿਆ, ਜਿਸ ਦੀ ਵਰਤੋ ਲੋਕਾਂ ਵੱਲੋਂ ਘਰੇ ਪੀਣ ਦੇ ਪਾਣੀ ਵਜੋਂ ਕੀਤੀ ਗਈ ਹੈ।

ਪਿੰਡਾਂ ਵਿੱਚ ਫੈਲ ਰਹੀਆਂ ਬਿਮਾਰੀਆਂ: ਉਹਨਾਂ ਦੱਸਿਆ ਕਿ ਧਰਤੀ ਹੇਠਲਾ ਪਾਣੀ ਪੀਣਯੋਗ ਨਾ ਹੋਣ ਕਾਰਨ ਲੋਕਾਂ ਨੂੰ ਸਿਰਫ ਵਾਟਰ ਵਰਕਸ 'ਤੇ ਪਾਣੀ ਤੋਂ ਹੀ ਸਪਲਾਈ ਦਿੱਤੀ ਜਾਂਦੀ ਹੈ ਪਰ ਪਿਛਲੇ ਦਿਨੀਂ ਨਹਿਰ ਵਿੱਚ ਦੂਸ਼ਿਤ ਪਾਣੀ ਆਉਣ ਕਾਰਨ ਹੁਣ ਇਹ ਆਮ ਲੋਕਾਂ ਨੂੰ ਚਿੰਤਾ ਸਤਾਉਣ ਲੱਗੀ ਹੈ ਕਿ ਹੁਣ ਆਮ ਲੋਕਾਂ ਨੂੰ ਸਾਫ ਪੀਣ ਵਾਲਾ ਪਾਣੀ ਕਿਸ ਤਰ੍ਹਾਂ ਮਿਲੇਗਾ। ਉਨ੍ਹਾਂ ਦੱਸਿਆ ਕਿ ਸਰਹਿੰਦ ਨਹਿਰ ਤੋਂ ਸੈਂਕੜੇ ਪਿੰਡਾਂ ਅਤੇ ਸ਼ਹਿਰਾਂ ਨੂੰ ਪੀਣ ਦੇ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਹੈ। ਹੁਣ ਦੂਸ਼ਿਤ ਪਾਣੀ ਦੀ ਸਪਲਾਈ ਤੋਂ ਬਾਅਦ ਪਿੰਡਾਂ ਵਿੱਚ ਵੱਡੇ ਪੱਧਰ 'ਤੇ ਬਿਮਾਰੀਆਂ ਫੈਲਣ ਦਾ ਖਤਰਾ ਮੰਡਰਾਉਣ ਲੱਗਿਆ ਹੈ।

ਪ੍ਰਸ਼ਾਸਨ ਨੂੰ ਪਿੰਡ ਵਾਸੀਆਂ ਨੇ ਕੀਤੀ ਅਪੀਲ: ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡਾਂ ਵਿੱਚ ਪਹਿਲਾਂ ਹੀ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਅਤੇ ਗੋਡਿਆਂ ਵਿੱਚ ਦਰਦ ਦੇ ਮਰੀਜ਼ਾਂ ਦੀ ਗਿਣਤੀ ਵੀ ਬਹੁਤ ਹੈ। ਉਹਨਾਂ ਕਿਹਾ ਕਿ ਸਰਹਿੰਦ ਨਹਿਰ ਨੂੰ ਦੂਸ਼ਿਤ ਕਰਨ ਵਾਲੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਕੁਝ ਲੋਕਾਂ ਵੱਲੋਂ ਆਪਣੇ ਨਿੱਜੀ ਸਵਾਰਥ ਦੇ ਚੱਲਦਿਆਂ ਪੀਣ ਵਾਲੇ ਪਾਣੀ ਦੇ ਸਰੋਤਾਂ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ। ਉਹਨਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਲੋਕਾਂ ਨੂੰ ਸਾਫ ਸੁਥਰਾ ਪੀਣ ਯੋਗ ਪਾਣੀ ਉਪਲੱਧ ਕਰਾਇਆ ਜਾਵੇ ਕਿਉਂਕਿ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਰੇਨੀਅਮ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਲੋਕ ਲਗਾਤਾਰ ਕੈਂਸਰ ਜਿਹੀ ਨਾ ਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ।

ABOUT THE AUTHOR

...view details