ਬਠਿੰਡਾ: ਇਤਿਹਾਸਕ ਨਗਰ ਤਲਵੰਡੀ ਸਾਬੋ ਦੇ 10 ਵਾਰਡਾਂ ਦੇ ਕੌਂਸਲਰਾਂ ਦੀ ਚੋਣ ਲਈ 21 ਦਸੰਬਰ ਨੂੰ ਪੈਣ ਜਾ ਰਹੀਆਂ ਵੋਟਾਂ ਲਈ ਪ੍ਰਸ਼ਾਸਨ ਨੇ ਸਮੁੱਚੇ ਪ੍ਰਬੰਧ ਮੁਕੰਮਲ ਕਰ ਲੈਣ ਦਾ ਦਾਅਵਾ ਕੀਤਾ ਹੈ। ਅੱਜ ਸਥਾਨਕ ਦਸਮੇਸ਼ ਪਬਲਿਕ ਸਕੂਲ ਵਿੱਚ ਬਣਾਏ ਸਟਰਾਂਗ ਰੂਮ ਤੋਂ ਵੱਖ ਵੱਖ ਵਾਰਡਾਂ ਲਈ ਪੋਲਿੰਗ ਪਾਰਟੀਆਂ ਚੋਣ ਸਮੱਗਰੀ ਲੈ ਕੇ ਰਵਾਨਾ ਹੋ ਗਈਆਂ ਹਨ। ਜਦੋਂ ਕਿ ਪੁਲਸ ਅਧਿਕਾਰੀਆਂ ਵੱਲੋ ਵੀ ਸਰੱਖਿਆਂ ਦੇ ਸਖਤ ਪ੍ਰਬੰਧ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਹਰੇਕ ਪੋਲਿੰਗ ਬੂਥ ਉੱਤੇ ਪੰਜ ਮੁਲਾਜ਼ਮਾਂ ਦੀ ਤਾਇਨਾਤੀ
ਚੋਣ ਅਧਿਕਾਰੀ ਕਮ ਐੱਸ.ਡੀ.ਅੇੈੱਮ ਤਲਵੰਡੀ ਸਾਬੋ ਹਰਵਿੰਦਰ ਸਿੰਘ ਜੱਸਲ ਨੇ ਦੱਸਿਆ ਕਿ ਤਲਵੰਡੀ ਸਾਬੋ ਨਗਰ ਕੌਂਸਲ ਦੇ ਕੁੱਲ 15 ਵਾਰਡਾਂ ਵਿੱਚੋਂ 5 ਵਾਰਡਾਂ ਦੇ ਕੌਂਸਲਰ ਪਹਿਲਾਂ ਹੀ ਨਿਰਵਿਰੋਧ ਚੁਣੇ ਜਾ ਚੁੱਕੇ ਹਨ। ਇਸ ਲਈ 21 ਦਸੰਬਰ ਨੂੰ ਬਾਕੀ ਰਹਿੰਦੇ 10 ਵਾਰਡਾਂ ਦੇ ਕੌਂਸਲਰ ਚੁਣੇ ਜਾਣ ਲਈ ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਉਨ੍ਹਾਂ ਦੱਸਿਆ ਕਿ ਉਕਤ 10 ਵਾਰਡਾਂ ਦੀ ਵੋਟਿੰਗ ਲਈ ਕੁੱਲ 13 ਪੋਲਿੰਗ ਬੂਥ ਬਣਾਏ ਗਏ ਹਨ ਅਤੇ ਹਰੇਕ ਪੋਲਿੰਗ ਬੂਥ ਉੱਤੇ ਪੰਜ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ।