ਸ੍ਰੀ ਆਨੰਦਪੁਰ ਸਾਹਿਬ: ਕਾਂਗਰਸ ਪਾਰਟੀ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਵਿਜੇ ਇੰਦਰ ਸਿੰਗਲਾ ਵੱਲੋਂ ਆਪਣੇ ਚੋਣ ਪ੍ਰਚਾਰ ਨੂੰ ਤੇਜ਼ ਕਰਦਿਆਂ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਅੰਦਰ ਪੈਂਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸੇ ਕੜੀ ਦੇ ਤਹਿਤ ਸ੍ਰੀ ਅਨੰਦਪੁਰ ਸਾਹਿਬ ਦੀ ਪੁੱਡਾ ਮਾਰਕੀਟ ਵਿੱਚ ਵੀ ਉਹਨਾਂ ਵੱਲੋਂ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਰੱਖੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਸਪੀਕਰ ਰਾਣਾ ਕੇਪੀ ਸਿੰਘ ਅਤੇ ਵਿਜੇਇੰਦਰ ਸਿੰਗਲਾ ਵੱਲੋਂ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਾ ਵੀ ਕੀਤੀ ਗਈ।
ਸਿੰਗਲਾ ਦੀ ਚੋਣ ਮੁਹਿੰਮ ਨੂੰ ਹੁੰਗਾਰਾ: ਇਸ ਮੌਕੇ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਗੁਰੂ ਮਹਾਰਾਜ ਦੀ ਇਸ ਧਰਤੀ ਦੇ ਉੱਪਰ ਜਿੱਥੇ-ਜਿੱਥੇ ਵੀ ਉਹ ਜਾ ਰਹੇ ਹਨ, ਲੋਕਾਂ ਵੱਲੋਂ ਭਰਪੂਰ ਹੁੰਗਾਰਾ ਉਹਨਾਂ ਦੀ ਚੋਣ ਮੁਹਿੰਮ ਨੂੰ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਚੋਣ ਮੁਹਿੰਮ ਹੋਰ ਭਖੇਗੀ ਤੇ ਲੋਕਾਂ ਵੱਲੋਂ ਵੱਡਾ ਹੁੰਗਾਰਾ ਉਹਨਾਂ ਨੂੰ ਮਿਲੇਗਾ ਤੇ ਉਹ ਇਹ ਚੋਣ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਉਣਗੇ।
ਇਲਾਕੇ ਦੀ ਸੱਚੇ ਮਨ ਨਾਲ ਕਰਾਂਗਾ ਸੇਵਾ: ਇੱਕ ਸਵਾਲ ਦੇ ਜਵਾਬ ਵਿੱਚ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਲੋੜ ਮੁਤਾਬਿਕ ਉਮੀਦਵਾਰਾਂ ਨੂੰ ਤਬਦੀਲ ਕੀਤਾ ਜਾਂਦਾ ਹੈ ਤੇ ਇਸੇ ਲਈ ਮਨੀਸ਼ ਤਿਵਾੜੀ ਅਤੇ ਰਵਨੀਤ ਬਿੱਟੂ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਤਬਦੀਲ ਹੋਏ ਹਨ। ਉਹਨਾਂ ਕਿਹਾ ਕਿ ਪਹਿਲਾਂ ਮੈਂ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜੀ ਸੀ ਤੇ ਇਸ ਵਾਰ ਪਾਰਟੀ ਵੱਲੋਂ ਟਿਕਟ ਦੇ ਕੇ ਮੈਨੂੰ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਇਲਾਕੇ ਦੀ ਸੇਵਾ ਸੱਚੇ ਤਰੀਕੇ ਦੇ ਨਾਲ ਉਸੇ ਤਰ੍ਹਾਂ ਕਰਨਾ ਚਾਹੁੰਦਾ ਹਾਂ, ਜਿਵੇਂ ਮੈਂ ਸੰਗਰੂਰ ਦੇ ਵਿੱਚ ਪਹਿਲਾਂ ਵੀ ਵਧੀਆ ਢੰਗ ਨਾਲ ਲੋਕਾਂ ਦੀ ਸੇਵਾ ਕੀਤੀ ਹੈ।