ਬਰਨਾਲਾ:ਪੰਜਾਬ ਸਰਕਾਰ ਅਤੇ ਵਿਜੀਲੈਂਸ ਵਿਭਾਗ ਦੀ ਰਿਸ਼ਵਤ ਵਿਰੋਧੀ ਮੁਹਿੰਮ ਲਗਾਤਾਰ ਸਰਗਰਮ ਚੱਲ ਰਹੀ ਹੈ। ਇਸੇ ਮੁਹਿੰਮ ਤਹਿਤ ਬਰਨਾਲਾ ਵਿੱਚ ਵਿਜੀਲੈਂਸ ਨੂੰ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਬਰਨਾਲਾ ਵਿਖੇ ਵਿਜੀਲੈਂਸ ਨੇ ਇੱਕ ਮਹਿਲਾ ਏਐਸਆਈ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਮੁਲਜ਼ਮ ਮਹਿਲਾ ਏਐਸਆਈ ਮੀਨਾ ਰਾਣੀ ਥਾਣਾ ਸ਼ਹਿਣਾ ਵਿੱਚ ਤਾਇਨਾਤ ਸੀ ਅਤੇ ਉਸ ਨੇ ਪ੍ਰੇਮ ਵਿਆਹ ਦੇ ਕੇਸ ਵਿੱਚ 15,000 ਰੁਪਏ ਦੀ ਰਿਸ਼ਵਤ ਮੰਗੀ ਸੀ। ਜਿਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਉਕਤ ਮੁਲਜ਼ਮ ਏਐਸਆਈ ਨੂੰ 5000 ਰਿਸ਼ਵਤ ਲੈਂਦਿਆਂ ਰੰਗੇ ਹੱਥੀ ਥਾਣੇ ਵਿੱਚੋਂ ਕਾਬੂ ਕਰ ਲਿਆ।
ਪ੍ਰੇਮ ਵਿਆਹ ਦੇ ਕੇਸ 'ਚ ਰਿਸ਼ਵਤ:ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਥਾਣਾ ਸ਼ਹਿਣਾ ਵਿਖੇ ਤਾਇਨਾਤ ਏ.ਐਸ.ਆਈ ਮੀਨਾ ਰਾਣੀ ਨੂੰ ਵਿਜੀਲੈਂਸ ਵੱਲੋਂ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਬਰਨਾਲਾ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਨੇ ਵਿਜੀਲੈਂਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਲੜਕੇ ਨੇ ਜਗਮੀਤ ਕੌਰ ਨਾਂ ਦੀ ਲੜਕੀ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ। ਇਹ ਵਿਆਹ ਅਦਾਲਤ ਵਲੋਂ ਬਾਕਾਇਦਾ ਰਜਿਸਟਰਡ ਕੀਤਾ ਹੋਇਆ ਹੈ, ਪਰ ਮੁਲਜ਼ਮ ਏਐਸਆਈ ਵਲੋਂ ਸ਼ਿਕਾਇਤਕਰਤਾ ਦੇ ਲੜਕੇ ਨੂੰ ਡਰਾ ਧਮਕਾ ਕੇ ਇਸ ਮਾਮਲੇ ਵਿੱਚ ਪਰਚਾ ਦਰਜ ਕਰਨ ਦੀ ਧਮਕੀ ਦਿੱਤੀ ਜਾ ਰਹੀ ਸੀ।