ਆਂਗਣਵਾੜੀ ਦੇ ਬੱਚਿਆਂ ਨੂੰ ਖਾਣੇ 'ਚ ਕੀ ਮਿਲ ਰਿਹਾ, ਖੁਦ ਆਂਗਣਵਾੜੀ ਵਰਕਰਾਂ ਨੇ ਦੱਸਿਆ ਸੱਚ.. (CHILDRENS FOOD MENU (ETV BHARAT)) ਬਠਿੰਡਾ:ਬੱਚੇ ਹਰ ਦੇਸ਼ ਦਾ ਭਵਿੱਖ ਨੇ ਪਰ ਜੇਕਰ ਦੇਸ਼ ਦੇ ਭਵਿੱਖ ਨੂੰ ਹੀ ਖ਼ਤਰਾ ਹੋਵੇ ਉਹ ਵੀ ਆਪਣੀ ਹੀ ਸਰਕਾਰ ਤੋਂ ਕੀ ਕੀਤਾ ਜਾਵੇ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿ ਆਂਗਣਵਾੜੀ ਸੈਂਟਰਾਂ 'ਚ ਜੋ ਹੁਣ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਖਾਣਾ ਆ ਰਿਹਾ ਉਸ ਨੂੰ ਖਾਣਾ ਤਾਂ ਇੱਕ ਪਾਸੇ ਦੇਖਣ ਨੂੰ ਵੀ ਦਿਲ ਨਹੀਂ ਕਰਦਾ। ਇਸੇ ਕਾਰਨ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਆਂਗਣਵਾੜੀ ਯੂਨੀਅਨ ਨਰਾਜ਼ ਚੱਲ ਰਹੀ ਹੈ।
ਸਵਾਲਾਂ 'ਚ ਰਾਸ਼ਨ: ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਸੈਂਟਰਾਂ ਵਿੱਚ ਭੇਜੇ ਜਾ ਰਹੇ ਰਾਸ਼ਨ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਣ ਸ਼ੁਰੂ ਹੋ ਗਏ ਹਨ ,ਕਿਉਂਕਿ ਛੋਟੇ ਬੱਚਿਆਂ ਅਤੇ ਲਾਭਪਾਤਰੀਆਂ ਨੂੰ ਇਹ ਰਾਸ਼ਨ ਆਂਗਣਵਾੜੀ ਸੈਂਟਰਾਂ ਰਾਹੀਂ ਵੰਡਿਆ ਜਾਂਦਾ, ਪਰ ਪੰਜਾਬ ਸਰਕਾਰ ਵੱਲੋਂ ਵੇਰਕਾ ਨੂੰ ਛੱਡ ਕੇ ਇਹ ਰਾਸ਼ਨ ਮਾਰਕ ਫੈਡ ਰਾਹੀਂ ਪ੍ਰਾਈਵੇਟ ਕੰਪਨੀਆਂ ਤੋਂ ਖਰੀਦ ਕੇ ਆਂਗਣਵਾੜੀ ਸੈਂਟਰਾਂ ਨੂੰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਭੇਜੇ ਜਾ ਰਹੇ ਰਾਸ਼ਨ ਦੀ ਕੁਆਲਿਟੀ ਨੂੰ ਲੈ ਕੇ ਆਂਗਣਵਾੜੀ ਸੈਂਟਰ ਚਲਾਉਣ ਵਾਲਿਆਂ ਵਰਕਰਾਂ ਅਤੇ ਹੈਲਪਰਾਂ ਵੱਲੋਂ ਲਗਾਤਾਰ ਸਵਾਲ ਖੜੇ ਕੀਤੇ ਜਾ ਰਹੇ ਹਨ। ਲਾਭਪਾਤਰੀਆਂ ਵੱਲੋਂ ਵੀ ਇਸ ਰਾਸ਼ਨ ਨੂੰ ਲੈ ਕੇ ਆਂਗਣਵਾੜੀ ਵਰਕਰਾਂ ਨੂੰ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਨੇ ਅਤੇ ਆਂਗਣਵਾੜੀ ਵਰਕਰਾਂ ਵੱਲੋਂ ਵਾਰ-ਵਾਰ ਵਿਭਾਗ ਨੂੰ ਭੇਜੇ ਜਾ ਰਹੇ ਰਾਸ਼ਨ ਸਬੰਧੀ ਆ ਰਹੀਆਂ ਦਿੱਕਤਾਂ ਤੋਂ ਜਾਣੂ ਕਰਵਾਏ ਜਾਣ ਤੋਂ ਬਾਅਦ ਵੀ ਕੋਈ ਸੁਧਾਰ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ।
ਆਂਗਣਵਾੜੀ ਦੇ ਬੱਚਿਆਂ ਨੂੰ ਖਾਣੇ 'ਚ ਕੀ ਮਿਲ ਰਿਹਾ, ਖੁਦ ਆਂਗਣਵਾੜੀ ਵਰਕਰਾਂ ਨੇ ਦੱਸਿਆ ਸੱਚ.. (CHILDRENS FOOD MENU (ETV BHARAT)) ਰਾਸ਼ਨ ਦੇਖਣ ਲਾਈਕ ਵੀ ਨਹੀਂ: ਇਥੇ ਦੱਸਣ ਯੋਗ ਹੈ ਕਿ ਆਂਗਣਵਾੜੀ ਸੈਂਟਰਾਂ ਵਿੱਚ ਪਹਿਲਾਂ ਵੇਰਕਾ ਰਾਹੀਂ ਰਾਸ਼ਨ ਦੀ ਸਪਲਾਈ ਹੁੰਦੀ ਸੀ ।ਜਿਸ ਵਿੱਚ ਸੁੱਕਾ ਦੁੱਧ, ਕਣਕ, ਚਾਵਲ, ਖਿਚੜੀ ਆਦਿ ਬੱਚਿਆਂ ਅਤੇ ਲਾਭਪਾਤਰੀਆਂ ਨੂੰ ਉਪਲਬਧ ਕਰਾਈ ਜਾਂਦੀ ਸੀ ਪਰ ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਵੇਰਕਾ ਦੀ ਥਾਂ ਮਾਰਕ ਫੈਡ ਰਾਹੀਂ ਰਾਸ਼ਨ ਦੀ ਸਪਲਾਈ ਆਂਗਣਵਾੜੀ ਸੈਂਟਰਾਂ ਨੂੰ ਕੀਤੀ ਜਾ ਰਹੀ ਹੈ। ਮਾਰਕਫੈਡ ਵੱਲੋਂ ਆਂਗਣਵਾੜੀ ਸੈਂਟਰਾਂ ਨੂੰ ਭੇਜਣ ਵਾਲੇ ਰਾਸ਼ਨ ਅੱਗੇ ਪ੍ਰਾਈਵੇਟ ਕੰਪਨੀਆਂ ਤੋਂ ਖਰੀਦ ਕਰਕੇ ਭੇਜਿਆ ਜਾਣ ਲੱਗਿਆ। ਆਂਗਣਵਾੜੀ ਯੂਨੀਅਨ ਦੀ ਬਲਾਕ ਪ੍ਰਧਾਨ ਨੀਲਮ ਰਾਣੀ ਨੇ ਦੱਸਿਆ ਕਿ ਵੇਰਕਾ ਦੀ ਥਾਂ ਜੋ ਮਾਰਕ ਫੈਡ ਵੱਲੋਂ ਪ੍ਰਾਈਵੇਟ ਕੰਪਨੀਆਂ ਤੋਂ ਰਾਸ਼ਨ ਖਰੀਦਕੇ ਆਂਗਣਵਾੜੀ ਸੈਂਟਰਾਂ ਨੂੰ ਭੇਜ ਰਹੇ ਨੇ ਉਸ 'ਚ ਮਿੱਠਾ, ਨਮਕੀਨ, ਦਲੀਆ ਅਤੇ ਖਿਚੜੀ ਭੇਜੀ ਜਾ ਰਹੀ ਹੈ। ਜਿਸ ਦੇ ਉੱਪਰ ਸਾਫ ਸ਼ਬਦਾਂ 'ਚ ਲਿਿਖਆ ਗਿਆ ਕਿ ਇਹ ਰਿਫਾਇੰਡ ਤੋਂ ਤਿਆਰ ਕੀਤੀ ਗਈ ਹੈ।ਇਸ ਤੋਂ ਇਲਾਵਾ ਰਾਸ਼ਨ 'ਚ ਕੌਕੜੂ, ਸਮੈਲ ਆਉਂਦੀ ਹੈ। ਜਿਸ ਨੂੰ ਨਾ ਤਾਂ ਬੱਚੇ ਖਾਂਦੇ ਨੇ ਅਤੇ ਨਾ ਹੀ ਉਨਾਂ੍ਹ ਦੇ ਮਾਪੇ ਪਸੰਦ ਕਰਦੇ ਨੇ,,,ਬਲਕਿ ਹਰ ਪਾਸੇ ਤੋਂ ਸ਼ਿਕਾਇਤਾਂ ਹੀ ਆ ਰਹੀਆਂ ਨੇ..ਆਂਗਣਵਾੜੀ ਵਰਕਰਾਂ ਦਾ ਕਹਿਣਾ ਹੈ ਕਿ ਅਸੀਂ ਵਾਰ ਵਾਰ ਸ਼ਿਕਾਇਤ ਦਰਜ ਕਰਵਾਈ ਅਤੇ ਵਿਭਾਗ ਨੂੰ ਪੱਤਰ ਵੀ ਲਿਿਖਆ ਪਰ ਕੋਈ ਸੁਣਵਾਈ ਨਹੀਂ ਹੋ ਰਹੀ।
ਆਂਗਣਵਾੜੀ ਦੇ ਬੱਚਿਆਂ ਨੂੰ ਖਾਣੇ 'ਚ ਕੀ ਮਿਲ ਰਿਹਾ, ਖੁਦ ਆਂਗਣਵਾੜੀ ਵਰਕਰਾਂ ਨੇ ਦੱਸਿਆ ਸੱਚ.. (CHILDRENS FOOD MENU (ETV BHARAT)) ਬੇਸਿੱਟਾ ਮੀਟਿੰਗ:ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਪ੍ਰਧਾਨ ਹਰਗੋਵਿੰਦ ਕੌਰ ਨੇ ਕਿਹਾ ਕਿ ਉਨ੍ਹਾਂ ਦੀਆਂ ਤਿੰਨ ਮੁੱਖ ਮੰਗਾਂ ਹਨ। ਸਭ ਤੋਂ ਪਹਿਲਾਂ ਤਾਂ ਆਂਗਣਵਾੜੀ ਕੇਂਦਰ ਵਿੱਚ ਆਉਣ ਵਾਲੇ ਰਾਸ਼ਨ ਦੀ ਗੁਣਵੱਤਾ ਠੀਕ ਨਹੀਂ ਹੈ ਪਰ ਮੰਤਰੀ ਨੇ ਇਸ ਬਾਰੇ ਕੁਝ ਵੀ ਸਪੱਸ਼ਟ ਨਹੀਂ ਕੀਤਾ, ਜਾਂਚ ਦੀ ਗੱਲ ਕੀਤੀ ਅਤੇ ਭਰੋਸਾ ਦਿੱਤਾ। ਦੂਸਰੀ ਮੰਗ ਹੈ ਕਿ ਆਂਗਣਵਾੜੀ ਸੈਂਟਰ ਤੋਂ ਸਕੂਲ ਵਿੱਚ ਸ਼ਿਫਟ ਕੀਤੇ 3 ਤੋਂ 6 ਸਾਲ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰ ਵਿੱਚ ਭੇਜਿਆ ਜਾਵੇ। ਇਸ ਬਾਰੇ ਵੀ ਕੋਈ ਸਹਿਮਤੀ ਨਹੀਂ ਬਣ ਸਕੀ। ਤੀਸਰੀ ਮੰਗ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਨੂੰ ਡਿਊਟੀ ’ਤੇ ਬਹਾਲ ਕਰਨ ਦੀ ਸੀ ਪਰ ਇਹ ਮਾਮਲਾ ਵੀ ਅਜੇ ਤੱਕ ਕਿਸੇ ਸਿੱਟੇ ’ਤੇ ਨਹੀਂ ਪਹੁੰਚਿਆ।
ਹਰਸਿਮਰਤ ਬਾਦਲ ਨੇ ਘੇਰੀ ਸਰਕਾਰ:ਹਰਸਿਮਰਤ ਬਾਦਲ ਨੇ ਇਲਜ਼ਾਮ ਲਾਇਆ ਹੈ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ ਇਨ੍ਹਾਂ ਸਕੀਮਾਂ ਤਹਿਤ ਅਨਾਜ ਸਪਲਾਈ ਕਰਨ ਲਈ ਪ੍ਰਾਈਵੇਟ ਦੁਕਾਨਦਾਰ ਨਿਯੁਕਤ ਕੀਤੇ ਗਏ ਹਨ। ਇਸ ਕਾਰਨ ਘਟੀਆ ਅਨਾਜ ਦੀ ਖਰੀਦ ਤੇ ਵੰਡ ਵਿੱਚ ਭਾਰੀ ਭ੍ਰਿਸ਼ਟਾਚਾਰ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਮੰਦਭਾਗੀ ਗੱਲ ਹੈ ਕਿ ਸਰਕਾਰੀ ਏਜੰਸੀ ਵੇਰਕਾ ਤੋਂ ਪ੍ਰਾਈਵੇਟ ਫੂਡ ਸਪਲਾਇਰਾਂ ਵਿੱਚ ਤਬਦੀਲ ਹੋਣ ਨਾਲ ਨਾ ਸਿਰਫ਼ ਮੁਹੱਈਆ ਕੀਤੇ ਜਾ ਰਹੇ ਭੋਜਨ ਦੀ ਗੁਣਵੱਤਾ ਨਾਲ ਸਮਝੌਤਾ ਹੋਇਆ ਹੈ, ਸਗੋਂ ਲਾਭਪਾਤਰੀਆਂ ਵਿੱਚ ਵਿਆਪਕ ਅਸੰਤੁਸ਼ਟੀ ਵੀ ਪੈਦਾ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਖਪਤਕਾਰ ਨਵੇਂ ਭੋਜਨ ਦੀ ਪੇਸ਼ਕਸ਼ ਨੂੰ ਰੱਦ ਕਰ ਰਹੇ ਹਨ। ਨਵਜਾਤ ਤੇ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਲਈ ਤਿਆਰ ਕੀਤਾ ਗਿਆ ਪ੍ਰੋਗਰਾਮ ਬਦਕਿਸਮਤੀ ਨਾਲ ਪੰਜਾਬ ਵਿੱਚ ਫੈਲੇ ਭ੍ਰਿਸ਼ਟਾਚਾਰ ਕਾਰਨ ਮੌਤ ਦਰ ਵਿੱਚ ਵਾਧਾ ਕਰਨ ਵਿੱਚ ਯੋਗਦਾਨ ਪਾ ਰਿਹਾ ਹੈ। ਹਰਸਿਮਰਤ ਬਾਦਲ ਨੇ ਇਲਜ਼ਾਮ ਲਾਇਆ ਕਿ ਆਂਗਣਵਾੜੀ ਵਰਕਰਾਂ ਵੱਲੋਂ ਨਿੱਜੀ ਦੁਕਾਨਾਂ ਨੂੰ ਖਾਣ-ਪੀਣ ਦਾ ਠੇਕਾ ਦੇਣ ਦੇ ਤਰਕ 'ਤੇ ਸਵਾਲ ਉਠਾਏ ਜਾ ਰਹੇ ਹਨ। ਆਂਗਣਵਾੜੀ ਵਰਕਰਾਂ ਵੱਲੋਂ ਅਧਿਕਾਰੀਆਂ ਤੇ ਸੂਬਾ ਸਰਕਾਰ ਦੇ ਮੰਤਰੀ ਨੂੰ ਵਾਰ-ਵਾਰ ਕੀਤੀਆਂ ਸ਼ਿਕਾਇਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।
ਸਰਕਾਰ ਨੂੰ ਅਪੀਲ: ਇਸ ਮਾਮਲੇ ਨੂੰ ਲੈ ਕੇ ਆਂਗਣਵਾੜੀ ਵਰਕਰ, ਲਾਭਪਾਤਰੀ ਅਤੇ ਵਿਰੋਧੀ ਹਰ ਕੋਈ ਸਰਕਾਰ ਨੂੰ ਅਪੀਲ ਕਰ ਰਿਹਾ ਕਿ ਔਰਤਾਂ ਅਤੇ ਮਾਸੂਮ ਬੱਚਿਆਂ ਦੀ ਜਾਨ ਨਾਲ ਖਿਲਵਾੜ ਨਾ ਕੀਤਾ ਜਾਵੇ ਹੁਣ ਦੇਖਣਾ ਹੋਵੇਗਾ ਕਿ ਆਖਰ ਇੰਨ੍ਹਾਂ ਦੀ ਆਵਾਜ਼ ਕਦੋਂ ਸਰਕਾਰ ਦੇ ਕੰਨੀ ਪੈਂਦੀ ਹੈ ਤਾਂ ਜੋ ਬੱਚਿਆਂ ਨੂੰ ਇਸ ਦਾ ਪੂਰਾ ਲਾਭ ਮਿਲ ਸਕੇ ਅਤੇ ਲੋਕਾਂ ਦਾ ਪੈਸਾ ਬਰਬਾਦ ਨਾ ਹੋਵੇ ਅਤੇ ਭ੍ਰਿਸ਼ਟਾਚਾਰ 'ਤੇ ਠੱਲ੍ਹ ਪਾਈ ਜਾਵੇ।