ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਆਏ ਦਿਨ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਵਿਵਾਦਾਂ ਦੇ ਘੇਰੇ ਵਿੱਚ ਰਹਿੰਦੀ ਹੈ। ਬੀਤੇ ਦਿਨੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਬੱਚਿਆਂ ਦੇ ਖਾਨ ਵਾਲੇ ਭੋਜਨ ਦੇ ਰੇਟ 27 ਰੁਪਏ ਤੋਂ ਵਧਾ ਕੇ 32 ਰੁਪਏ ਕਰ ਦਿੱਤੇ ਗਏ। ਜਿਸ ਕਾਰਨ ਵਿਦਿਆਰਥੀਆਂ ਵਿੱਚ ਰੋਸ਼ ਦੇਖਣ ਨੂੰ ਮਿਲ ਰਿਹਾ ਸੀ, ਉੱਥੇ ਹੀ ਅੰਬੇਦਕਰ ਹੋਸਟਲ ਦੀਆਂ ਲੜਕੀਆਂ ਨੇ ਬੀਤੀ ਰਾਤ ਡੀਨ ਦੇ ਘਰ ਨੂੰ ਘੇਰ ਲਿਆ ਗਿਆ। ਉਹਨਾਂ ਨੇ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਕਿ ਜਿਹੜੇ ਕੰਟੀਨ ਦੇ ਠੇਕੇਦਾਰ ਹਨ। ਉਹਨਾਂ ਵੱਲੋਂ ਗੰਦਾ ਅਤੇ ਸਿਹਤ ਲਈ ਹਾਨੀਕਾਰਕ ਭੋਜਨ ਮਹਿੰਗੇ ਰੇਟਾਂ ਵਿੱਚ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ। ਜਿਸ ਦੇ ਸਬੂਤ ਵਜੋਂ ਉਹਨਾਂ ਵੱਲੋਂ ਚੌਲ (ਚਾਵਲ) ਦਿਖਾਏ ਗਏ, ਜਿਸ ਵਿੱਚ ਸੁੰਡੀਆਂ ਸਾਫ ਨਜ਼ਰ ਆ ਰਹੀਆਂ ਹਨ।
ਬਾਥਰੂਮ ਸਾਫ਼ ਸਫ਼ਾਈ ਵਜੋਂ ਬਹੁਤ ਹੀ ਗੰਦੇ ਹਨ: ਇਸੇ ਰੋਸ ਤੋਂ ਉਹਨਾਂ ਨੇ ਬੀਤੀ ਰਾਤ ਡੀਨ ਦਾ ਘਰ ਘੇਰਿਆ ਅਤੇ ਗੱਲਬਾਤ ਦੇ ਭਰੋਸੇ ਤੋਂ ਵਾਪਸ ਪਰਤੇ। ਇੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਬੇਦਕਰ ਹੋਸਟਲ ਦੀ ਇੱਕ ਵਿਦਿਆਰਥਨ ਦਿਲਪ੍ਰੀਤ ਕੌਰ ਨੇ ਦੱਸਿਆ ਕਿ ਜਿੱਥੇ ਦੋ ਲੜਕੀਆਂ ਨੂੰ ਕਮਰਾ ਅਲਾਟ ਹੁੰਦਾ ਹੈ, ਉੱਥੇ ਤਿੰਨ ਨੂੰ ਕੀਤਾ ਜਾ ਰਿਹਾ ਹੈ। ਜਿੱਥੇ ਅੱਠ ਨੂੰ ਅਲਾਟ ਹੁੰਦਾ ਹੈ, ਉੱਥੇ 28 ਲੜਕੀਆਂ ਨੂੰ ਅਲਾਟ ਕੀਤਾ ਜਾ ਰਿਹਾ ਹੈ। ਇਸੇ ਨਾਲ ਉਹਨਾਂ ਇਹ ਵੀ ਕਿਹਾ ਕਿ ਬਾਥਰੂਮ ਸਾਫ਼ ਸਫ਼ਾਈ ਵਜੋਂ ਬਹੁਤ ਹੀ ਗੰਦੇ ਹਨ। ਇਮਾਰਤ ਤੋਂ ਵੱਡੇ ਵੱਡੇ ਪਲਸਤਰ ਦੇ ਟੁੱਕੜੇ ਗਿਰਦੇ ਹਨ, ਜਿਸ ਤੋਂ ਹਮੇਸ਼ਾ ਉਹਨਾਂ ਨੂੰ ਖ਼ਤਰਾ ਮਹਿਸੂਸ ਹੁੰਦਾ ਹੈ।