ਟੋਲ ਪਲਾਜ਼ਾ 'ਤੇ VIP ਲਾਈਨ ਨੂੰ ਲੈਕੇ ਹੰਗਾਮਾ (ETV BHARAT) ਅੰਮ੍ਰਿਤਸਰ:ਲੁਧਿਆਣੇ ਤੋਂ ਬਾਅਦ ਅਕਸਰ ਵਿਵਾਦਾਂ ਵਿੱਚ ਰਹਿਣ ਵਾਲੇ ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਦੇ ਉੱਤੇ ਸਥਿਤ ਢਿਲਵਾਂ ਟੋਲ ਪਲਾਜ਼ਾ 'ਤੇ ਰਾਤ ਕਰੀਬ ਪੌਣੇ ਤਿੰਨ ਘੰਟੇ ਤੱਕ ਗਹਿਮਾ ਗਹਿਮੀ ਦਾ ਮਾਹੌਲ ਬਣਿਆ ਰਿਹਾ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਵਿਧਾਇਕ ਦਲਬੀਰ ਸਿੰਘ ਟੋਂਗ ਅਤੇ ਢਿਲਵਾਂ ਟੋਲ ਪਲਾਜਾ ਦੇ ਟੋਲ ਮੈਨੇਜਰ ਸਮੇਤ ਹੋਰਨਾਂ ਅਧਿਕਾਰੀਆਂ ਦੌਰਾਨ ਤਿੱਖੀ ਤਕਰਾਰ ਦੀਆਂ ਤਸਵੀਰਾਂ ਸਾਹਮਣੇ ਆਈਆਂ।
VIP ਲਾਈਨ ਨੂੰ ਲੈਕੇ ਹੰਗਾਮਾ:ਇਸ ਦੌਰਾਨ ਇੱਕ ਪਾਸੇ ਜਿੱਥੇ ਹਲਕਾ ਵਿਧਾਇਕ ਦਲਬੀਰ ਸਿੰਘ ਟੋਂਗ ਵੱਲੋਂ ਟੋਲ ਪਲਾਜ਼ਾ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਗਿਆ ਕਿ ਟੋਲ ਅਧਿਕਾਰੀਆਂ ਵੱਲੋਂ ਵੀਆਈਪੀ ਲਾਈਨਾਂ ਬੰਦ ਕੀਤੀਆਂ ਹੋਈਆਂ ਹਨ। ਇਸ ਨੂੰ ਲੈ ਕੇ ਉਹਨਾਂ ਵੱਲੋਂ ਬੀਤੇ ਦਿਨਾਂ ਦੌਰਾਨ ਵੀ ਉਕਤ ਲਾਈਨਾਂ ਨੂੰ ਖੋਲ੍ਹਣ ਬਾਰੇ ਮੰਗ ਕੀਤੀ ਗਈ ਸੀ, ਲੇਕਿਨ ਉਸ ਵਕਤ ਵੀ ਕਥਿਤ ਤੌਰ ਦੇ ਉੱਤੇ ਟੋਲ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਜਦੋਂ ਉਹ ਹਰਿਦੁਆਰ ਤੋਂ ਵਾਪਸ ਬਾਬਾ ਬਕਾਲਾ ਹਲਕੇ ਨੂੰ ਆ ਰਹੇ ਸਨ ਤਾਂ ਇਸ ਦੌਰਾਨ ਮੁੜ ਤੋਂ ਉਹ ਲਾਈਨ ਬੰਦ ਹੋਣ ਦੇ ਉੱਤੇ ਜਦੋਂ ਟੋਲ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਮਾਮਲਾ ਵਿਗੜਨ ਤੇ ਉਹਨਾਂ ਵੱਲੋਂ ਟੋਲ ਪਲਾਜ਼ਾ ਮੁਫਤ ਕਰ ਦਿੱਤਾ ਗਿਆ।
AAP ਵਿਧਾਇਕ ਨੇ ਫ੍ਰੀ ਕੀਤਾ ਟੋਲ: ਵਿਧਾਇਕ ਦਲਬੀਰ ਸਿੰਘ ਟੋਂਗ ਨੇ ਕਿਹਾ ਕਿ ਇਸ ਸਬੰਧੀ ਥਾਣਾ ਢਿਲਵਾਂ ਦੇ ਐਸਐਚਓ ਨਾਲ ਰਾਬਤਾ ਕੀਤਾ ਗਿਆ ਹੈ, ਜਿਨਾਂ ਵੱਲੋਂ ਮੌਕੇ ਉੱਤੇ ਪੁੱਜ ਕੇ ਟੋਲ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ। ਵਿਧਾਇਕ ਦਲਬੀਰ ਸਿੰਘ ਟੋਂਗ ਨੇ ਕਿਹਾ ਕਿ ਟੋਲ ਅਧਿਕਾਰੀਆਂ ਵੱਲੋਂ ਉਹਨਾਂ ਦੇ ਨਾਲ ਗਲਤ ਵਿਹਾਰ ਕਰਦੇ ਹੋਏ ਜਿੱਥੇ ਉਹਨਾਂ ਦੇ ਖਿਲਾਫ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ, ਉੱਥੇ ਹੀ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਖਿਲਾਫ ਵੀ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ। ਜਿਸ ਕਾਰਨ ਉਹਨਾਂ ਵੱਲੋਂ ਕਾਰਵਾਈ ਦੀ ਮੰਗ ਕਰਦਿਆਂ ਟੋਲ ਪਲਾਜ਼ਾ ਫ੍ਰੀ ਕੀਤਾ ਗਿਆ ਹੈ
ਟੋਲ ਪਲਾਜ਼ਾ 'ਤੇ VIP ਲਾਈਨ ਨੂੰ ਲੈਕੇ ਹੰਗਾਮਾ (ETV BHARAT) ਟੋਲ ਫ੍ਰੀ ਹੋਣ ਨਾਲ ਲੱਖਾਂ ਦਾ ਨੁਕਸਾਨ: ਉਧਰ ਦੂਜੇ ਪਾਸੇ ਜਦੋਂ ਟੋਲ ਪਲਾਜ਼ਾ ਦੇ ਮੈਨੇਜਰ ਸੰਜੇ ਠਾਕੁਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਡੇ ਵੱਲੋਂ ਕੋਈ ਤਕਰਾਰ ਨਹੀਂ ਹੋਇਆ, ਜਦ ਕਿ ਵਿਧਾਇਕ ਦੇ ਆਉਣ ਸਮੇਂ ਗੱਡੀ ਦੀ ਲਾਈਨ ਖੁੱਲ੍ਹੀ ਸੀ ਅਤੇ ਬਕਾਇਦਾ ਡਿਊਟੀ 'ਤੇ ਤੈਨਾਤ ਲੜਕੇ ਵੱਲੋਂ ਬੈਰੀਅਰ ਖੋਲ੍ਹ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਵਿਧਾਇਕ ਲੰਘਣ ਦੀ ਬਜਾਏ ਖੜ ਗਏ ਅਤੇ ਉਹਨਾਂ ਵੱਲੋਂ ਟੋਲ ਪਲਾਜ਼ਾ ਫਰੀ ਕਰ ਦਿੱਤਾ ਗਿਆ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਸਮੇਤ ਵਿਧਾਇਕ ਨੂੰ ਮਾੜਾ ਚੰਗਾ ਬੋਲਣ ਦੇ ਇਲਜ਼ਾਮ ਉੱਤੇ ਉਹਨਾਂ ਕਿਹਾ ਕਿ ਅਸੀਂ ਅਜਿਹਾ ਕੁਝ ਨਹੀਂ ਕਿਹਾ। ਉਹਨਾਂ ਕਿਹਾ ਕਿ ਪੁਲਿਸ ਮੌਕੇ ਉੱਤੇ ਪੁੱਜੀ ਹੈ, ਜਿਨਾਂ ਨੂੰ ਘਟਨਾ ਮੌਕੇ ਦੀ ਸੀਸੀਟੀਵੀ ਫੁਟੇਜ ਦਿਖਾਈ ਗਈ ਹੈ, ਹੁਣ ਅਗਲੀ ਜੋ ਵੀ ਉਹ ਕਾਰਵਾਈ ਕਰਨਗੇ ਉਹ ਦੇਖਣਾ ਹੋਵੇਗਾ। ਉਹਨਾਂ ਦੱਸਿਆ ਕਿ ਕਰੀਬ ਪੌਣੇ ਤਿੰਨ ਘੰਟੇ ਦੌਰਾਨ ਟੋਲ ਪਲਾਜ਼ਾ ਬੰਦ ਰਹਿਣ ਦੇ ਨਾਲ ਇੱਕ ਲੱਖ ਤੋਂ ਸਵਾ ਲੱਖ ਰੁਪਏ ਦਾ ਨੁਕਸਾਨ ਉਹਨਾਂ ਦਾ ਹੋਇਆ ਹੈ।
ਪੁਲਿਸ ਕਰੇਗੀ ਮਾਮਲੇ ਦੀ ਜਾਂਚ: ਇਸ ਘਟਨਾ ਦੀ ਸੂਚਨਾ ਮਿਲਣ ਦੇ ਉੱਤੇ ਮੌਕੇ ਉੱਤੇ ਪੁੱਜੇ ਥਾਣਾ ਢਿਲਵਾਂ ਦੇ ਐਸਐਚਓ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਮੌਕੇ ਉੱਤੇ ਪਹੁੰਚ ਕੇ ਦੋਵਾਂ ਧਿਰਾਂ ਦੀ ਗੱਲਬਾਤ ਸੁਣੀ ਜਾ ਰਹੀ ਹੈ। ਇਸ ਦੇ ਨਾਲ ਹੀ ਦੋਵੇਂ ਧਿਰਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਅਨੁਸਾਰ ਬਣਦੀ ਜੋ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ।
ਟੋਲ ਅਧਿਕਾਰੀਆਂ ਵਲੋਂ ਵੀ ਕਾਰਵਾਈ ਦੀ ਮੰਗ:ਕਾਬਿਲੇਗੌਰ ਹੈ ਕਰੀਬ ਪੌਣੇ ਤਿੰਨ ਘੰਟੇ ਟੋਲ ਅਧਿਕਾਰੀ ਅਤੇ ਵਿਧਾਇਕ ਦੌਰਾਨ ਹੋਏ ਕਲੇਸ਼ ਵਿੱਚ ਲੋਕਾਂ ਨੂੰ ਮੌਜਾਂ ਲੱਗੀਆਂ ਰਹੀਆਂ ਅਤੇ ਲੋਕ ਬਿਨਾਂ ਟੈਕਸ ਦਿੰਦਿਆਂ ਆਪਣੇ ਵਾਹਨ ਲੈ ਕੇ ਉਥੋਂ ਗੁਜਰਦੇ ਰਹੇ। ਇਸ ਦੇ ਨਾਲ ਹੀ ਦੋਵੇਂ ਧਿਰਾਂ ਦੌਰਾਨ ਸਹਿਮਤੀ ਨਾ ਬਣਨ ਦੇ ਉੱਤੇ ਆਖਿਰਕਾਰ ਪੁਲਿਸ ਨੇ ਵਿਧਾਇਕ ਵੱਲੋਂ ਟੋਲ ਅਧਿਕਾਰੀਆਂ ਖਿਲਾਫ ਦਿੱਤੀ ਦਰਖਾਸਤ ਲੈ ਲਈ ਗਈ ਹੈ। ਇਸ ਦੇ ਨਾਲ ਹੀ ਟੋਲ ਅਧਿਕਾਰੀਆਂ ਵੱਲੋਂ ਵੀ ਧੱਕੇਸ਼ਾਹੀ ਦੇ ਇਲਜਾਮ ਲਗਾਉਂਦੇ ਹੋਏ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਕੀ ਐਕਸ਼ਨ ਲੈਂਦੀ ਹੈ।