ਲੁਧਿਆਣਾ :ਇੱਕ ਪਾਸੇ ਜਿੱਥੇ ਅੱਜ ਰਾਮ ਮੰਦਿਰ ਦੇ ਵਿੱਚ ਸਮਾਗਮ ਚੱਲ ਰਹੇ ਨੇ ਉੱਥੇ ਹੀ ਦੂਜੇ ਪਾਸੇ ਲੁਧਿਆਣਾ ਵਿੱਚ ਅੱਜ ਕੱਚੇ ਅਧਿਆਪਕ ਅਤੇ ਆਸ਼ਾ ਵਰਕਰਾਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਆਪਣੀ ਭੜਾਸ ਕੱਢੀ ਗਈ। ਇਸ ਦੌਰਾਨ ਇੱਕ ਪਾਸੇ ਜਿੱਥੇ ਕੱਚੇ ਅਧਿਆਪਕ ਟੈਂਕੀ 'ਤੇ ਚੜ੍ਹ ਗਏ ਅਤੇ ਸਰਕਾਰ ਦੇ ਖਿਲਾਫ ਆਪਣਾ ਰੋਸ ਪ੍ਰਗਟ ਕੀਤਾ। ਉੱਥੇ ਹੀ ਦੂਜੇ ਪਾਸੇ ਆਸ਼ਾ ਵਰਕਰਾਂ ਵੱਲੋਂ ਲੁਧਿਆਣਾ ਦੇ ਡੀਸੀ ਦਫਤਰ ਵਿੱਚ ਪ੍ਰਦਰਸ਼ਨ ਕੀਤਾ ਗਿਆ ਅਤੇ ਆਪਣੀਆਂ ਹੱਕੀ ਮੰਗਾਂ ਦੇ ਲਈ ਆਵਾਜ਼ ਬੁਲੰਦ ਕੀਤੀ। ਉਹਨਾਂ ਨੇ ਕਿਹਾ ਕਿ ਸ੍ਰੀ ਰਾਮ ਦੀ ਪੂਜਾ ਕਰਨੀ ਤਾਂ ਹੀ ਸਫਲ ਹੋਵੇਗੀ ਜੇਕਰ ਦੇਸ਼ ਦੇ ਲੋਕ ਖੁਸ਼ ਹੋਣਗੇ ਉਹਨਾਂ ਦੇ ਘਰ ਚੱਲ ਸਕਣਗੇ ਉਹਨਾਂ ਨੂੰ ਰਜਮੀ ਰੋਟੀ ਮਿਲ ਸਕੇਗੀ।
ਟੈਂਕੀ 'ਤੇ ਚੜੇ ਰਹਿਣਗੇ ਅਧਿਆਪਕ: ਉੱਥੇ ਹੀ ਦੂਜੇ ਪਾਸੇ ਅਧਿਆਪਕਾਂ ਨੇ ਕਿਹਾ ਕਿ ਸਾਨੂੰ ਸਰਕਾਰ ਨੇ ਕਿਹਾ ਸੀ ਕਿ ਉਹਨਾਂ ਨੂੰ ਪੱਕਾ ਕੀਤਾ ਜਾਵੇਗਾ। ਸਾਡੇ ਨਾਲਦਿਆਂ ਨੂੰ ਪੱਕਾ ਕਰ ਦਿੱਤਾ ਗਿਆ ਪਰ ਲਗਭਗ 130 ਦੇ ਕਰੀਬ ਅਧਿਆਪਕ ਰਹਿ ਗਏ ਹਨ, ਜਿਨਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ। ਉਹਨਾਂ ਕਿਹਾ ਕਿ ਇਸੇ ਕਰਕੇ ਉਹ ਅੱਜ ਪ੍ਰਦਰਸ਼ਨ ਕਰ ਰਹੇ ਨੇ ਅਤੇ ਜਦੋਂ ਤੱਕ ਸਰਕਾਰ ਮੰਗਾਂ ਪੂਰੀ ਨਹੀਂ ਕਰਦੀ ਉਹ ਟੈਂਕੀ 'ਤੇ ਚੜੇ ਰਹਿਣਗੇ। ਆਸ਼ਾ ਵਰਕਰਾਂ ਨੇ ਕਿਹਾ ਕਿ ਉਹਨਾਂ ਨੇ ਕੋਰੋਨਾ ਕਾਲ ਵਿੱਚ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਲੋਕਾਂ ਦੀ ਸੇਵਾ ਕੀਤੀ ਸੀ ਪਰ ਉਹਨਾਂ ਨੂੰ ਤਨਖਾਹ ਦੇ ਨਾਮ ਉੱਤੇ ਸਿਰਫ 2500 ਪ੍ਰਤੀ ਮਹੀਨਾ ਦਿੱਤਾ ਜਾ ਰਿਹਾ ਹੈ। ਉਸ ਨਾਲ ਸਾਡਾ ਘਰ ਨਹੀਂ ਚੱਲ ਸਕਦਾ। ਉਹਨਾਂ ਕਿਹਾ ਕਿ ਅੱਜ ਅਸੀਂ ਮਜਬੂਰ ਹਾਂ ਕਿ ਸਾਨੂੰ ਸੜਕਾਂ ਉੱਤੇ ਉਤਰਨਾ ਪੈ ਰਿਹਾ ਹੈ।