ਚੰਡੀਗੜ੍ਹ:ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.) ਦੇ 8ਵੇਂ ਕੋਰਸ ਦੇ ਦੋ ਕੈਡਿਟਾਂ ਨੇ ਭਾਰਤੀ ਹਵਾਈ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਸ਼ਾਮਲ ਹੋ ਕੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ।
ਭਾਰਤੀ ਹਵਾਈ ਸੈਨਾ ਵਿੱਚ ਕਮਿਸ਼ਨਡ ਅਫ਼ਸਰ: ਇਨ੍ਹਾਂ ਦੋਵੇਂ ਕੈਡਿਟਾਂ ਨੂੰ ਅੱਜ ਏਅਰ ਫੋਰਸ ਅਕੈਡਮੀ, ਡੁੰਡੀਗਲ (ਹੈਦਰਾਬਾਦ) ਵਿੱਚ ਹੋਈ ਕੰਬਾਈਂਡ ਗ੍ਰੈਜੂਏਸ਼ਨ ਪਰੇਡ (ਸੀਜੀਪੀ) ਉਪਰੰਤ ਭਾਰਤੀ ਹਵਾਈ ਸੈਨਾ ਵਿੱਚ ਅਫ਼ਸਰ ਵਜੋਂ ਕਮਿਸ਼ਨ ਮਿਲਿਆ ਹੈ। ਦੱਸਣਯੋਗ ਹੈ ਕਿ ਇਸ ਪਰੇਡ ਦਾ ਨਿਰੀਖਣ ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ, ਪੀ.ਵੀ.ਐਸ.ਐਮ., ਏ.ਵੀ.ਐਸ.ਐਮ., ਵੀ.ਐਮ., ਏ.ਡੀ.ਸੀ. ਵੱਲੋਂ ਕੀਤਾ ਗਿਆ। ਤਰਨ ਤਾਰਨ ਵਾਸੀ ਫਲਾਇੰਗ ਅਫ਼ਸਰ ਕੰਵਰਨੂਰ ਸਿੰਘ ਫਾਈਟਰ ਪਾਇਲਟ ਵਜੋਂ ਫਲਾਇੰਗ ਬ੍ਰਾਂਚ ਵਿੱਚ ਸ਼ਾਮਲ ਹੋਣਗੇ, ਜਦੋਂਕਿ ਅੰਮ੍ਰਿਤਸਰ ਵਾਸੀ ਫਲਾਇੰਗ ਅਫ਼ਸਰ ਅਨੀਸ਼ ਪਾਂਡੇ ਹੈਲੀਕਾਪਟਰ ਪਾਇਲਟ ਵਜੋਂ ਫਲਾਇੰਗ ਬ੍ਰਾਂਚ ਵਿਚ ਸ਼ਾਮਲ ਹੋਣਗੇ।
ਕਮਿਸ਼ਨਡ ਅਫ਼ਸਰ ਬਣੇ ਪੰਜਾਬ ਦੇ ਦੋ ਨੌਜਵਾਨ (ETV BHARAT) ਮੰਤਰੀ ਅਮਨ ਅਰੋੜਾ ਨੇ ਦਿੱਤੀ ਵਧਾਈ: ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਦੋਵਾਂ ਕੈਡਿਟਾਂ ਨੂੰ ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਬਣਨ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਡਿਟਾਂ ਦੇ ਕਮਿਸ਼ਨਡ ਅਫਸਰ ਬਣਨ ਨਾਲ ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ. ਦੇ 160 ਸਾਬਕਾ ਕੈਡਿਟ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਵੱਖ-ਵੱਖ ਵਿੰਗਾਂ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਸ਼ਾਮਲ ਹੋ ਚੁੱਕੇ ਹਨ, ਜਿਨ੍ਹਾਂ ਵਿੱਚ 21 ਅਫ਼ਸਰ ਭਾਰਤੀ ਹਵਾਈ ਸੈਨਾ, 121 ਅਫ਼ਸਰ ਭਾਰਤੀ ਫੌਜ ਅਤੇ 18 ਅਫ਼ਸਰ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਹੋਏ ਹਨ। ਇਸ ਤੋਂ ਇਲਾਵਾ 69 ਸਾਬਕਾ ਕੈਡਿਟ ਤਿੰਨਾਂ ਸੇਵਾਵਾਂ ਵਿੱਚ ਕਮਿਸ਼ਨਡ ਅਫਸਰ ਬਣਨ ਲਈ ਸਿਖਲਾਈ ਲੈ ਰਹੇ ਹਨ।
ਪੰਜਾਬ ਦੀ ਇਸ ਅਕੈਡਮੀ ਦੇ ਦੋਵੇਂ ਨੌਜਵਾਨ: ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ. ਦੇ ਡਾਇਰੈਕਟਰ ਜਨਰਲ, ਮੇਜਰ ਜਨਰਲ ਅਜੈ ਐਚ. ਚੌਹਾਨ, ਵੀ.ਐਸ.ਐਮ. ਨੇ ਕੈਡਿਟਾਂ ਨੂੰ ਕਮਿਸ਼ਨਡ ਅਫਸਰ ਬਣਨ 'ਤੇ ਵਧਾਈ ਦਿੰਦਿਆਂ ਉਨ੍ਹਾਂ ਨੂੰ ਸੰਸਥਾ ਦੇ ਸੱਚੇ ਪ੍ਰਤੀਨਿਧ ਅਤੇ ਪੰਜਾਬ ਦੇ ਸਪੂਤ ਵਜੋਂ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਆ।