ਟਰੱਕ ਯੂਨੀਅਨ ਦੀ ਪ੍ਰਧਾਨਗੀ ਦੀ ਲੜਾਈ (ETV BHARAT (ਰਿਪੋਰਟ - ਪੱਤਰਕਾਰ, ਬਰਨਾਲਾ)) ਬਰਨਾਲਾ: ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਖੜਕਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਬਰਨਾਲਾ ਦੀ ਸਬ ਡਿਵੀਜ਼ਨ ਤਪਾ ਮੰਡੀ ਟਰੱਕ ਯੂਨੀਅਨ ਦਾ ਹੈ। ਜਿੱਥੇ ਪ੍ਰਧਾਨਗੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਦੋ ਧੜੇ ਆਹਮੋ ਸਾਹਮਣੇ ਹਨ। ਦੋਵੇਂ ਧੜਿਆਂ ਵਿੱਚ ਜੰਮ ਕੇ ਗਾਲੀ ਗਲੋਚ ਅਤੇ ਧੱਕਾਮੁੱਕੀ ਵੀ ਹੋਈ। ਜਿਸ ਕਰਕੇ ਟਰੱਕ ਯੂਨੀਅਨ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਪਹੁੰਚੀ ਅਤੇ ਟਰੱਕ ਯੂਨੀਅਨ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਈ। ਉਥੇ ਦੋਵੇਂ ਧਿਰਾਂ ਵੱਲੋਂ ਆਪਣੇ ਆਪ ਨੂੰ ਟਰੱਕ ਯੂਨੀਅਨ ਤਪਾ ਦੀ ਪ੍ਰਧਾਨਗੀ ਦਾ ਦਾਵੇਦਾਰ ਦੱਸਿਆ ਜਾ ਰਿਹਾ ਹੈ। ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ 'ਤੇ ਵੀ ਆਮ ਆਦਮੀ ਪਾਰਟੀ ਦੇ ਪੁਰਾਣੇ ਪ੍ਰਧਾਨਾਂ ਨੇ ਧੱਕੇਸ਼ਾਹੀ ਦੇ ਗੰਭੀਰ ਦੋਸ਼ ਲਗਾਏ ਹਨ।
ਪੁਰਾਣੇ ਪ੍ਰਧਾਨਾਂ ਦੇ ਵਿਧਾਇਕ 'ਤੇ ਇਲਜ਼ਾਮ: ਇਸ ਮਾਮਲੇ ਸੰਬੰਧੀ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਟਰੱਕ ਯੂਨੀਅਨ ਤਪਾ ਦੇ ਪਹਿਲੇ ਦੋਵੇਂ ਪ੍ਰਧਾਨਾਂ ਨਰਾਇਣ ਸਿੰਘ ਪੰਧੇਰ ਅਤੇ ਤੇਜਿੰਦਰ ਸਿੰਘ ਢਿੱਲਵਾਂ ਨੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਉਹਨਾਂ ਨੂੰ ਅੱਜ ਟਰੱਕ ਯੂਨੀਅਨ ਤਪਾ ਦੀ ਪ੍ਰਧਾਨਗੀ ਦੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਉਹਨਾਂ ਹਲਕਾ ਭਦੌੜ ਦੇ ਵਿਧਾਇਕ ਉੱਪਰ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਹਲਕਾ ਭਦੌੜ ਦੇ ਆਪ ਵਿਧਾਇਕ ਦੀ ਸ਼ਹਿ ਉੱਪਰ ਜਾਣ ਬੁੱਝ ਕੇ ਤਪਾ ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ ਮਾਮਲਾ ਗਰਮਾਇਆ ਜਾ ਰਿਹਾ ਹੈ ਜੋ ਨਿੰਦਣਯੋਗ ਹੈ। ਇਸ ਮਾਮਲੇ ਨੂੰ ਲੈ ਕੇ ਵੱਡੇ ਪੱਧਰ 'ਤੇ ਤਪਾ ਮੰਡੀ ਦੇ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਿਆ। ਉੱਥੇ ਵੱਡੇ ਪੱਧਰ 'ਤੇ ਟਰੱਕ ਆਪਰੇਟਰ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਦਿਖਾਈ ਦਿੱਤੇ।
ਯੂਨੀਅਨ 'ਚ ਭ੍ਰਿਸ਼ਟਾਚਾਰ ਕਾਰਨ ਪ੍ਰਧਾਨਗੀ ਦੀ ਚੋਣ:ਜਦਕਿ ਦੂਜੇ ਗਰੁੱਪ ਅਤੇ ਆਮ ਆਦਮੀ ਪਾਰਟੀ ਦੇ ਆਗੂ ਜਸਵਿੰਦਰ ਸਿੰਘ ਚੱਠਾ, ਸੁਸ਼ੀਲ ਕੁਮਾਰ ਭੂਤ ਅਤੇ ਮੋਹਿਤ ਕੁਮਾਰ ਭੂਤ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਆਮ ਆਦਮੀ ਪਾਰਟੀ ਦੇ ਵਰਕਰ ਹਨ ਅਤੇ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਖਿਲਾਫ ਲਗਾਤਾਰ ਆਪਣੀਆਂ ਗਤੀਵਿਧੀਆਂ ਕਰ ਰਹੀ ਹੈ। ਟਰੱਕ ਯੂਨੀਅਨ ਅੰਦਰ ਵੀ ਭ੍ਰਿਸ਼ਟਾਚਾਰ ਕਾਰਨ ਪ੍ਰਧਾਨਗੀ ਦੀ ਚੋਣ ਕੀਤੀ ਜਾ ਰਹੀ ਹੈ। ਉਹਨਾਂ ਦੋਸ਼ ਲਾਉਂਦੇ ਕਿਹਾ ਕਿ ਟਰੱਕ ਯੂਨੀਅਨ ਤਪਾ ਵਿੱਚ ਪਹਿਲਾਂ ਦੋ ਪ੍ਰਧਾਨ ਬਣਾਏ ਗਏ ਸਨ, ਜਿੰਨਾ ਤੋਂ ਟਰੱਕ ਆਪਰੇਟਰ ਨਰਾਜ਼ ਚੱਲ ਰਹੇ ਸਨ। ਅੱਜ ਟਰੱਕ ਯੂਨੀਅਨ ਦੇ ਓਪਰੇਟਰਾਂ ਦੀ ਸਹਿਮਤੀ 'ਤੇ ਉਹਨਾਂ ਨੂੰ ਹਾਰ ਪਾ ਕੇ ਟਰੱਕ ਯੂਨੀਅਨ ਤਪਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਰ ਪਹਿਲਾਂ ਤੋਂ ਟਰੱਕ ਯੂਨੀਅਨ ਤਪਾ ਦੀ ਪ੍ਰਧਾਨਗੀ ਕਰ ਰਹੇ ਦੋਵੇਂ ਪ੍ਰਧਾਨਾਂ ਵੱਲੋ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਪੁਲਿਸ ਅਧਿਕਾਰੀਆਂ ਨੇ ਨਹੀਂ ਦਿੱਤਾ ਕੋਈ ਜਵਾਬ: ਉਥੇ ਹੀ ਇਸ ਮੌਕੇ ਵੱਡੀ ਗਿਣਤੀ 'ਚ ਪੁਲਿਸ ਤਰ੍ਹਾਂ ਜ਼ਰੂਰ ਰਹੀ ਪਰ ਇਸ ਮਾਮਲੇ ਸੰਬੰਧੀ ਕਿਸੇ ਵੀ ਪੁਲਿਸ ਅਧਿਕਾਰੀ ਨੇ ਬੋਲਣ ਤੋਂ ਜਵਾਬ ਦੇ ਦਿੱਤਾ। ਉਥੇ ਹੀ ਟਰੱਕ ਯੂਨੀਅਨ ਦੇ ਪੁਰਾਣੇ ਪ੍ਰਧਾਨਾਂ ਵਲੋਂ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ 'ਤੇ ਜੋ ਇਲਜ਼ਾਮ ਲਗਾਏ ਗਏ ਹਨ, ਉਸ ਸਬੰਧੀ ਵੀ ਕੋਈ ਪੱਖ ਸਾਹਮਣੇ ਨਹੀਂ ਆਇਆ। ਕਾਬਿਲੇਗੌਰ ਹੈ ਕਿ ਟਰੱਕ ਯੂਨੀਅਨ ਦੀ ਪ੍ਰਧਾਨਗੀ ਲਈ ਆਪ ਵਰਕਰਾਂ ਦੀ ਲੜਾਈ ਇਹ ਕੋਈ ਪਹਿਲੀ ਨਹੀਂ ਹੈ, ਸਗੋਂ ਪਹਿਲਾਂ ਵੀ ਕਈ ਥਾਵਾਂ 'ਤੇ ਸੂਬੇ 'ਚ ਇਹ ਦ੍ਰਿਸ਼ ਦੇਖਣ ਨੂੰ ਮਿਲ ਚੁੱਕੇ ਹਨ।