ਜੂਨੀਅਰ ਸਵਿਮਿੰਗ ਚੈਂਪੀਅਨਸ਼ਿਪ (ETV BHARAT) ਲੁਧਿਆਣਾ:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਪੰਜਾਬ ਸਟੇਟ ਜੂਨੀਅਰ ਅਤੇ ਸਬ ਜੂਨੀਅਰ ਸਵਿਮਿੰਗ ਚੈਂਪੀਅਨਸ਼ਿਪ ਹੋ ਰਹੀ ਹੈ। ਦੋ ਦਿਨ ਚੱਲਣ ਵਾਲੀ ਇਹ ਚੈਂਪੀਅਨਸ਼ਿਪ ਅੱਜ ਪੀਏਯੂ ਦੇ ਵਿੱਚ ਅਤੇ ਐਤਵਾਰ ਨੂੰ ਕਾਰਪੋਰੇਸ਼ਨ ਦੇ ਸਵਿਮਿੰਗ ਪੂਲ ਦੇ ਵਿੱਚ ਹੋਵੇਗੀ। ਇਹਨਾਂ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਗੋਲਡ, ਸਿਲਵਰ ਅਤੇ ਲੜੀਵਾਰ ਬਰੋਂਜ਼ ਮੈਡਲ ਦਿੱਤੇ ਜਾਣਗੇ।
ਸੂਬੇ ਭਰ ਤੋਂ ਖਿਡਾਰੀ ਲੈ ਰਹੇ ਭਾਗ: ਦੱਸ ਦਈਏ ਕਿ 13 ਸਾਲ ਤੋਂ ਲੈ ਕੇ 17 ਸਾਲ ਦੇ ਲੜਕੇ ਅਤੇ ਲੜਕੀਆਂ ਦੋਵਾਂ ਦੀ ਇਹ ਚੈਂਪੀਅਨਸ਼ਿਪ ਚੱਲ ਰਹੀ ਹੈ। ਜਿਸ ਵਿੱਚ ਕਈ ਜ਼ਿਲ੍ਹਿਆਂ ਤੋਂ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਖਿਡਾਰੀਆਂ ਨੇ ਹਿੱਸਾ ਲਿਆ ਹੈ। ਇਸ ਤੋਂ ਇਲਾਵਾ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਉਹਨਾਂ ਖਿਡਾਰੀਆਂ ਨੂੰ ਵੀ ਸਰਟੀਫਿਕੇਟ ਦਿੱਤੇ ਜਾਣਗੇ ਜੋ ਕੋਈ ਪੁਜੀਸ਼ਨ ਹਾਸਿਲ ਨਹੀਂ ਕਰਨਗੇ।
ਸਖ਼ਤ ਮਿਹਨਤ ਦਾ ਮਿਲਦਾ ਫਲ: ਇਸ ਦੌਰਾਨ ਪੰਜਾਬ ਸਵਿਮਿੰਗ ਐਸੋਸੀਏਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਕੋਰੋਨਾ ਤੋਂ ਬਾਅਦ ਇਹ ਬੇਹਦ ਲੋੜਵੰਦ ਚੈਂਪੀਅਨਸ਼ਿਪ ਹੈ। ਉੱਥੇ ਹੀ ਇਹਨਾਂ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਣ ਪਹੁੰਚੇ ਖਿਡਾਰੀਆਂ ਨੇ ਵੀ ਗੱਲਬਾਤ ਕੀਤੀ ਅਤੇ ਦੱਸਿਆ ਕਿ ਉਹ ਕਿਸ ਤਰ੍ਹਾਂ ਪ੍ਰੈਕਟਿਸ ਕਰਦੇ ਹਨ ਅਤੇ ਕਿੰਨੀ ਸਖ਼ਤ ਮਿਹਨਤ ਤੋਂ ਬਾਅਦ ਇਹਨਾਂ ਮੁਕਾਬਲਿਆਂ ਦੇ ਵਿੱਚ ਹਿੱਸਾ ਲੈ ਰਹੇ ਹਨ।
ਮੋਹਾਲੀ ਜ਼ਿਲ੍ਹਾ ਚੱਲ ਰਿਹਾ ਮੋਹਰੀ: ਦੂਜੇ ਪਾਸੇ ਖਿਡਾਰੀਆਂ ਦੇ ਮਾਪਿਆਂ ਨੇ ਵੀ ਟੂਰਨਾਮੈਂਟ ਨੂੰ ਲੈ ਕੇ ਸੰਤੁਸ਼ਟੀ ਜਤਾਈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਪਲੈਟਫਾਰਮ ਜ਼ਰੂਰ ਬੱਚਿਆਂ ਨੂੰ ਮਿਲਣੇ ਚਾਹੀਦੇ ਹਨ। ਜਿਸ ਨਾਲ ਉਹਨਾਂ ਦੀ ਹੌਂਸਲਾ ਅਫਜ਼ਾਈ ਹੁੰਦੀ ਹੈ ਅਤੇ ਉਹ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਦੇ ਲਈ ਤਿਆਰ ਹੁੰਦੇ ਹਨ। ਇਹਨਾਂ ਮੁਕਾਬਲਿਆਂ ਦੇ ਵਿੱਚ ਜ਼ਿਆਦਾਤਰ ਖਿਡਾਰੀ ਮੋਹਾਲੀ ਤੋਂ ਹਿੱਸਾ ਲੈ ਰਹੇ ਹਨ ਅਤੇ ਜ਼ਿਆਦਾਤਰ ਮੈਡਲ ਵੀ ਮੋਹਾਲੀ ਜ਼ਿਲ੍ਹੇ ਦੇ ਖਿਡਾਰੀ ਲਿਜਾ ਰਹੇ ਹਨ। ਉੱਥੇ ਹੀ ਲੁਧਿਆਣਾ ਦੀ ਵੀ ਇੱਕ ਲੜਕੀ ਨੇ ਗੋਲਡ ਮੈਡਲ 800 ਮੀਟਰ ਦੇ ਵਿੱਚ ਜਿੱਤਿਆ ਅਤੇ ਉਹਨਾਂ ਦੱਸਿਆ ਕਿ ਉਹ ਇੱਕ ਸਾਲ ਤੋਂ ਪ੍ਰੈਕਟਿਸ ਕਰ ਰਹੀ ਹੈ। ਪਹਿਲਾਂ ਵੀ ਉਹ ਇਨਾਮ ਜਿੱਤ ਚੁੱਕੀ ਹੈ।