ਟਰਾਈਡੈਂਟ ਮਾਲਕ ਨੇ ਅੱਗ ਨਾਲ ਕਰੋੜਾਂ ਦੇ ਨੁਕਸਾਨ ਦਾ ਜਤਾਇਆ ਖਦਸ਼ਾ, ਜਾਣੋ ਕਿਵੇਂ ਵਾਪਰੀ ਸੀ ਘਟਨਾ - Trident owner - TRIDENT OWNER
Trident Fire Incident: ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਰਾਜਿੰਦਰ ਗੁਪਤਾ ਨੇ ਦੱਸਿਆ ਕਿ ਇਸ ਅੱਗ ਦੀ ਘਟਨਾ ਨਾਲ ਕਰੀਬ 50 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਇਸ ਭਿਆਨਕ ਅੱਗ 'ਤੇ ਕਾਬੂ ਪਾਉਣ ਲਈ ਹਰ ਠੋਸ ਕਦਮ ਚੁੱਕਣ ਲਈ ਬਰਨਾਲਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਦੇ ਪਿੰਡ ਵਾਸੀਆਂ ਅਤੇ ਪੁਲਿਸ ਪ੍ਰਸ਼ਾਸਨ ਦਾ ਵਿਸ਼ੇਸ਼ ਧੰਨਵਾਦ ਕੀਤਾ।
Published : Jun 7, 2024, 11:32 AM IST
ਬਰਨਾਲਾ: ਤੇਜ਼ ਹਨੇਰੀ ਕਾਰਨ ਟਰਾਈਡੈਂਟ ਗਰੁੱਪ ਦੀ ਪੇਪਰ ਮਿੱਲ ਯੂਨਿਟ ਵਿੱਚ ਭਿਆਨਕ ਅੱਗ ਲੱਗ ਗਈ ਸੀ। ਜਿਸ ਉਪਰ ਦੋ ਦਰਜ਼ਨ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਵੀਰਵਾਰ ਸਵੇਰੇ ਤੱਕ ਕਾਬੂ ਪਾਇਆ ਜਾ ਸਕਿਆ ਹੈ। ਕੰਪਨੀ ਵਲੋਂ ਇਸ ਅੱਗ ਨਾਲ ਕਰੋੜਾਂ ਰੁਪਏ ਦੇ ਨੁਕਸਾਨ ਦੀ ਗੱਲ ਆਖੀ ਜਾ ਰਹੀ ਹੈ। ਇਸ ਅੱਗ ਨਾਲ ਕੱਚੇ ਮਾਲ ਅਤੇ ਇਲੈਕਟ੍ਰਾਨਿਕ ਉਪਕਰਨਾਂ ਦੇ ਨੁਕਸਾਨ ਦਾ ਦਾਅਵਾ ਕੀਤਾ ਗਿਆ ਹੈ। ਜਦਕਿ ਇਸ ਅੱਗ ਦੀ ਘਟਨਾ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।
ਮੁਸਕਿਲ ਨਾਲ ਅੱਗ 'ਤੇ ਪਾਇਆ ਕਾਬੂ: ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਰਾਜਿੰਦਰ ਗੁਪਤਾ ਨੇ ਦੱਸਿਆ ਕਿ ਇਸ ਅੱਗ ਦੀ ਘਟਨਾ ਨਾਲ ਕਰੀਬ 50 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਇਸ ਭਿਆਨਕ ਅੱਗ 'ਤੇ ਕਾਬੂ ਪਾਉਣ ਲਈ ਹਰ ਠੋਸ ਕਦਮ ਚੁੱਕਣ ਲਈ ਬਰਨਾਲਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਦੇ ਪਿੰਡ ਵਾਸੀਆਂ ਅਤੇ ਪੁਲਿਸ ਪ੍ਰਸ਼ਾਸਨ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਪੰਜਾਬ ਦੇ ਕਰੀਬ 19 ਸਟੇਸ਼ਨਾਂ ਤੋਂ ਫਾਇਰ ਗੱਡੀਆਂ ਨੇ ਇਸ ਅੱਗ 'ਤੇ ਕਾਬੂ ਪਾਇਆ। ਜਦਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਉਹਨਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਫੈਕਟਰੀ ਦੇ ਅੰਦਰ ਜਾਨੀ ਨੁਕਸਾਨ ਹੋਇਆ ਹੈ ਅਤੇ ਲੋਕਾਂ ਦੀ ਮੌਤ ਹੋਣ ਦੀ ਖਬਰ ਪੂਰੀ ਤਰ੍ਹਾਂ ਨਾਲ ਗਲਤ ਹੈ। ਉਹਨਾਂ ਕਿਹਾ ਕਿ ਪੇਪਰ ਮਿੱਲ ਵਿੱਚ ਕਰੋੜਾਂ ਰੁਪਏ ਦੇ ਇਲੈਕਟ੍ਰਿਕ ਸਾਮਾਨ ਸੜ ਕੇ ਸੁਆਹ ਹੋ ਗਿਆ।
ਜ਼ਿਕਰਯੋਗ ਹੈ ਕਿ ਬੀਤੀ ਰਾਤ ਸੂਬੇ ਭਰ ਵਿੱਚ ਆਈ ਤੇਜ਼ ਹਨੇਰੀ ਕਾਰਨ ਟਰਾਈਡੈਂਟ ਫ਼ੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ ਸੀ। ਇਹ ਅੱਗ ਏਨੀ ਭਿਆਨਕ ਸੀ ਕਿ ਇਸਦੀਆਂ ਲਾਟਾਂ 20-25 ਕਿਲੋਮੀਟਰ ਦੂਰ ਤੱਕ ਅਸਮਾਨ ਵਿੱਚ ਦਿਖਾਈ ਦੇ ਰਹੀਆਂ ਸਨ। ਸਾਰੀ ਰਾਤ ਫ਼ਾਇਰ ਬਿਗ੍ਰੇਡ ਦੀਆਂ ਗੱਡੀਆਂ ਅੱਗ ਨੂੰ ਬੁਝਾਉਣ ਵਿੱਚ ਜੁਟੀਆਂ ਰਹੀਆਂ ਅਤੇ ਸਵੇਰੇ 8-9 ਵਜੇ ਤੱਕ ਜਾ ਕੇ ਅੱਗ ਉਪਰ ਕਾਬੂ ਪਾਇਆ ਜਾ ਸਕਿਆ। ਇਸ ਅੱਗ ਨਾਲ ਆਸ ਪਾਸ ਦੇ ਕਰੀਬ ਦਰਜ਼ਨ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਸੀ।