ਸਮਰਾਲਾ: ਅੱਜ ਸਵੇਰੇ ਤੜਕਸਾਰ ਸਾਢੇ ਪੰਜ ਵਜੇ ਦੇ ਕਰੀਬ ਸਮਰਾਲਾ ਦੇ ਨੇੜਲੇ ਪਿੰਡ ਰੋਹਲਿਆਂ ਦੇ ਕੋਲ ਇੱਕ ਦਰਦਨਾਕ ਹਾਦਸਾ ਹੋਇਆ। ਜਿਥੇ ਇੱਕ ਟੂਰਿਸਟ ਬੱਸ ਦੀ ਸੜਕ ਦੇ ਵਿਚਾਲੇ ਖੜੇ ਟਰਾਲੇ ਨਾਲ ਟੱਕਰ ਹੋ ਗਈ ਤੇ ਦਰਦਨਾਕ ਹਾਦਸਾ ਵਾਪਰ ਗਿਆ। ਜਿਸ ਵਿੱਚ ਦੋ ਸ਼ਰਧਾਲੂਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦਰਜਨ ਦੇ ਕਰੀਬ ਸ਼ਰਧਾਲੂ ਜ਼ਖ਼ਮੀ ਹੋਏ ਹਨ। ਜਿੰਨ੍ਹਾਂ ਨੂੰ ਐਬੂਲੈਂਸ ਰਾਹੀਂ ਸਥਾਨਕ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਮਰਨ ਵਾਲੀਆਂ ਦੋਵੇਂ ਔਰਤਾਂ ਸਨ।
ਟੂਰਿਸਟ ਬੱਸ ਹਾਦਸਾਗ੍ਰਸਤ: ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ 8 ਮਈ ਨੂੰ ਇਕ ਮਹੀਨੇ ਲਈ ਇੰਦੌਰ ਤੋਂ ਸ਼ੁਰੂ ਹੋਈ ਕਰੀਬ 50 ਤੋਂ60 ਯਾਤਰੀਆਂ ਦੀ ਧਾਰਮਿਕ ਟੂਰਿਸਟ ਬੱਸ ਯਾਤਰਾ ਚੱਲ ਰਹੀ ਸੀ। ਜਦੋਂ ਯਾਤਰੀ ਬੱਸ ਰਾਤ ਹਰਿਦੁਆਰ ਤੋਂ ਅੰਮ੍ਰਿਤਸਰ ਨੂੰ ਆ ਰਹੀ ਸੀ ਤਾਂ ਸਮਰਾਲਾ ਦੇ ਨੜੇਲੇ ਪਿੰਡ ਰੋਹਲਿਆਂ ਦੇ ਕੋਲ ਸਵੇਰੇ ਤੜਕਸਾਰ 5.30 ਵਜੇ ਦੇ ਕਰੀਬ ਸੜਕ ਤੇ ਖ਼ਰਾਬ ਖੜੇ ਟਰਾਲੇ ਦੇ ਪਿਛਲੇ ਪਾਸੇ ਤੋਂ ਇਸ ਟੂਰਿਸਟ ਬੱਸ ਦੀ ਟੱਕਰ ਹੋ ਗਈ। ਟੱਕਰ ਇਨੀ ਭਿਆਨਕ ਸੀ ਕਿ ਟੂਰਿਸਟ ਬੱਸ ਦੇ ਇੱਕ ਪਾਸੇ ਦੇ ਪਰਖੱਚੇ ਉਡ ਗਏ ਅਤੇ ਮਾਹੌਲ ਚੀਖਾਂ ਵਿੱਚ ਬਦਲ ਗਿਆ। ਹਰ ਕੋਈ ਜਾਨ ਬਚਾਓ ਦੀਆਂ ਚੀਕਾਂ ਮਾਰਨ ਲੱਗ ਗਿਆ। ਇਹ ਦਰਦਨਾਕ ਹਾਦਸੇ ਦੀ ਆਵਾਜ਼ ਦੂਰ ਪਿੰਡਾਂ ਤੱਕ ਸੁਣਾਈ ਦਿੱਤੀ ਜਿਸ ਤੋਂ ਬਾਅਦ ਆਲੇ ਦੁਆਲੇ ਪਿੰਡਾਂ ਦੇ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ।