ਟੂਥਪਿਕ ਕਲਾਕਾਰ ਦਾ ਕਮਾਲ (ETV BHARAT) ਅੰਮ੍ਰਿਤਸਰ: ਹਰ ਕਈ ਇਨਸਾਨ ਅਜਿਹਾ ਹੁੰਦਾ ਹੈ, ਜੋ ਆਪਣੀ ਇੱਕ ਕਲਾ 'ਚ ਮਾਹਿਰ ਹੁੰਦਾ ਹੈ। ਉਸ ਦੀ ਕਲਾ ਦੇ ਚਰਚੇ ਦੂਰ-ਦੂਰ ਤੱਕ ਹੁੰਦੇ ਹਨ। ਇਸ ਤੋਂ ਇਲਾਵਾ ਕਹਿ ਲਿਆ ਜਾਵੇ ਤਾਂ ਕਲਾਕਾਰ ਲਈ ਉਸ ਦੀ ਕਲਾ ਹੀ ਉਸ ਦਾ ਸਭ ਕੁੱਝ ਹੁੰਦਾ ਹੈ ਅਤੇ ਆਪਣੀ ਕਲਾ ਦੇ ਸਦਕਾ ਹੀ ਇੱਕ ਕਲਾਕਾਰ ਦੇਸ਼-ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ।
ਟੂਥਪਿਕ ਆਰਟਿਸਟ ਦਾ ਕਮਾਲ:ਅਜਿਹਾ ਹੀ ਇੱਕ ਅੰਮ੍ਰਿਤਸਰ ਦਾ ਟੂਥਪਿਕ ਆਰਟਿਸਟ ਬਲਜਿੰਦਰ ਸਿੰਘ ਮਾਨ ਵੀ ਆਪਣੀ ਕਲਾ ਦੇ ਸਦਕਾ ਹੀ ਦੇਸ਼-ਦੁਨੀਆ ਦੇ ਵਿੱਚ ਜਾਣੇ ਜਾਂਦੇ ਹਨ ਅਤੇ ਇਸ ਵਿਲੱਖਣ ਕਲਾ ਦੇ ਸਦਕਾ ਉਹਨਾਂ ਨੇ ਆਪਣੀ ਪਹਿਚਾਣ ਵਿਸ਼ਵ ਭਰ ਵਿੱਚ ਬਣਾਈ ਹੈ। ਟੂਥਪਿਕ ਆਰਟਿਸਟ ਬਲਜਿੰਦਰ ਸਿੰਘ ਮਾਨ ਵਲੋਂ ਆਪਣਾ 8ਵਾਂ ਵਰਲਡ ਰਿਕਾਰਡ ਆਪਣੇ ਨਾਂ ਦਰਜ ਕਰਵਾਇਆ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਉਹ ਸੱਤ ਵਰਲਡ ਰਿਕਾਰਡ ਆਪਣੇ ਨਾਮ ਦਰਜ ਕਰਵਾ ਚੁੱਕੇ ਹਨ।
ਸ਼ਿਵਲਿੰਗ ਦੇ ਮਾਡਲ ਨੂੰ ਕੀਤਾ ਤਿਆਰ:ਕਾਬਿਲੇਗੌਰ ਹੈ ਕਿ ਟੂਥਪਿਕ ਕਲਾਕਾਰ ਬਲਜਿੰਦਰ ਸਿੰਘ ਮਾਨ ਨੇ ਜਿਥੇ ਟੂਥਪਿਕ ਦੀ ਮਦਦ ਨਾਲ ਸ਼ਤਰੰਜ ਬਣਾਈ ਹੈ ਤਾਂ ਉਥੇ ਹੀ ਉਨ੍ਹਾਂ ਨੇ ਹੁਣ ਸ਼ਿਵਲਿੰਗ ਦਾ ਮਾਡਲ ਤਿਆਰ ਕੀਤਾ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਲਾਕਾਰ ਬਲਜਿੰਦਰ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਵਲੋਂ ਟੂਥਪਿਕ ਦੇ ਨਾਲ ਸ਼ਿਵਲਿੰਗ ਦੇ ਮਾਡਲ ਨੂੰ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸ਼ਿਵਲਿੰਗ ਦੇ ਮਾਡਲ ਦਾ ਵਜ਼ਨ 846 ਗ੍ਰਾਮ ਦਾ ਹੈ, ਉਨ੍ਹਾਂ ਕਿਹਾ ਕਿ ਇਸ ਮਾਡਲ ਦੀ ਚੌੜਾਈ 7.5 ਇੰਚ ਹੈ ਤੇ ਇਸਦੀ ਉਚਾਈ 10 ਇੰਚ ਦੀ ਹੈ।
ਪਹਿਲਾਂ ਵੀ ਕਈ ਮਾਡਲ ਕੀਤੇ ਤਿਆਰ: ਇਸ ਦੇ ਨਾਲ ਹੀ ਬਲਜਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਸ ਮਾਡਲ ਨੂੰ ਤਿਆਰ ਕਰਨ 9981 ਟੂਥਪਿਕ ਦਾ ਇਸਤੇਮਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਬਣਾਉਣ ਵਿੱਚ 20 ਦਿਨ ਦਾ ਸਮਾਂ ਲੱਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਟੂਥਪਿਕ ਕਲਾਕਾਰ ਵੱਲੋਂ 470 ਫੁੱਟ ਲੰਮਾ ਤਿਰੰਗਾ, 550 ਸਾਲਾ ਗੁਰਪੁਰਬ ਦਾ ਵੱਖਰਾ ਮਾਡਲ ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਰਗੇ ਕਈ ਯਾਦਗਾਰੀ ਮਾਡਲ ਟੂਥਪਿਕ ਨਾਲ ਬਣਾ ਕੇ ਤਿਆਰ ਕੀਤੇ ਜਾ ਚੁੱਕੇ ਹਨ।
ਪੇਂਟਿੰਗ ਦੇ ਸ਼ੌਂਕ ਨੇ ਬਣਾਈ ਕਲਾ:ਇਸ ਦੇ ਨਾਲ ਹੀ ਗੱਲਬਾਤ ਕਰਦਿਆਂ ਆਰਟਿਸਟ ਬਲਜਿੰਦਰ ਸਿੰਘ ਮਾਨ ਨੇ ਦੱਸਿਆ ਕਿ ਉਹਨਾਂ ਨੂੰ ਸ਼ੁਰੂ ਤੋਂ ਹੀ ਪੇਂਟਿੰਗ ਦਾ ਸ਼ੌਂਕ ਸੀ ਅਤੇ ਸਰਕਾਰੀ ਸਕੂਲ ਵਿਖੇ ਬਤੌਰ ਅਧਿਆਪਕ ਹੋਣ ਦੇ ਨਾਲ-ਨਾਲ ਉਹ ਪੇਂਟਿੰਗ ਦੀ ਕਲਾ ਨੂੰ ਸਮਾਂ ਦਿੰਦੇ ਸੀ। ਉਨ੍ਹਾਂ ਕਿਹਾ ਕਿ ਇੱਕ ਸਮੇਂ ਉਹਨਾਂ ਦੇ ਜ਼ਹਿਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਕੁਝ ਵੱਖਰਾ ਕੀਤਾ ਜਾਵੇ ਤਾਂ ਉਹਨਾਂ ਨੇ ਟੂਥਪਿਕਾਂ ਨੂੰ ਜੋੜ-ਜੋੜ ਕੇ ਚੀਜ਼ਾਂ ਬਣਾਉਣੀਆਂ ਸ਼ੁਰੂ ਕੀਤੀਆਂ ਜੋ ਕਿ ਆਖਿਰ ਵਿੱਚ ਇੱਕ ਅਨੋਖੀ ਕਲਾ ਦਾ ਰੂਪ ਧਾਰਨ ਕਰ ਗਈ।