ਲੁਧਿਆਣਾ:ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਪਿਛਲੇ ਦੋ ਦਿਨ ਤੋਂ ਚੱਲ ਰਿਹਾ ਹੈ। ਅੱਜ ਨਾਮਜ਼ਦਗੀਆਂ ਭਰਨ ਦਾ ਤੀਜਾ ਦਿਨ ਰਿਹਾ। ਲੁਧਿਆਣਾ ਦੇ ਐੱਸਡੀਐੱਮ ਦਫਤਰ ਦੇ ਵਿੱਚ ਫਿਲਹਾਲ ਕਾਫੀ ਘੱਟ ਉਮੀਦਵਾਰ ਨਾਮਜ਼ਦਗੀ ਭਰਨ ਲਈ ਆ ਰਹੇ ਹਨ। ਆਮ ਆਦਮੀ ਪਾਰਟੀ ਵੱਲੋਂ ਵੀ ਆਪਣੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਅਤੇ ਬਾਕੀ ਪਾਰਟੀਆਂ ਵੱਲੋਂ ਵੀ ਲੁਧਿਆਣਾ ਦੇ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ।
ਕਾਂਗਰਸ ਵੱਲੋਂ 63 ਉਮੀਦਵਾਰ ਜਦੋਂ ਕਿ ਭਾਜਪਾ ਵੱਲੋਂ 90 ਤੋਂ ਵੱਧ ਉਮੀਦਵਾਰ ਇਸੇ ਤਰ੍ਹਾਂ ਅਕਾਲੀ ਦਲ ਵੱਲੋਂ 37 ਉਮੀਦਵਾਰ ਐਲਾਨੇ ਜਾ ਚੁੱਕੇ ਹਨ। 21 ਦਸੰਬਰ ਨੂੰ ਵੋਟਿੰਗ ਹੋਣੀ ਹੈ ਅਤੇ ਕੱਲ੍ਹ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਰਹੇਗਾ। ਅਫਸਰਾਂ ਦੀ ਡਿਊਟੀਆਂ ਐਪਲੀਕੇਸ਼ਨ ਚੈੱਕ ਕਰਨ ਉੱਤੇ ਲਾਈਆਂ ਗਈਆਂ ਹਨ।
ਮੋਬਾਇਲ ਅੰਦਰ ਲੈਕੇ ਜਾਣਾ ਬੰਦ
ਸਾਡੀ ਟੀਮ ਵੱਲੋਂ ਲੁਧਿਆਣਾ ਦੇ ਐਸਡੀਐਮ ਦਫਤਰ ਵਿਖੇ ਭਰਿਆ ਜਾ ਰਹੀਆਂ ਨਾਮਜ਼ਦਗੀਆਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਗਿਆ। ਚੋਣ ਅਧਿਕਾਰੀਆਂ ਨੇ ਦੱਸਿਆ ਕਿ ਨਾਮਜ਼ਦਗੀਆਂ ਦੇ ਪਹਿਲੇ ਪੜਾ ਉੱਤੇ ਮੋਬਾਇਲ ਫੋਨ ਜਮ੍ਹਾਂ ਕਰਵਾੇ ਜਾਂਦੇ ਹਨ ਕਿਉਂਕਿ ਕਿਸੇ ਵੀ ਉਮੀਦਵਾਰ ਜਾਂ ਉਸ ਦੇ ਸਾਥੀ ਨੂੰ ਅੰਦਰ ਮੋਬਾਇਲ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ। ਉਸ ਤੋਂ ਬਾਅਦ ਫਾਈਲ ਚੈੱਕ ਕੀਤੀ ਜਾਂਦੀ ਹੈ।