ਚੰਡੀਗੜ੍ਹ:ਬੀਤੀ 18 ਦਸੰਬਰ ਦੀ ਰਾਤ ਨੂੰ ਸਰਹੱਦੀ ਕਸਬਾ ਕਲਾਨੌਰ ਦੀ ਪੁਲਿਸ ਚੌਕੀ ਬਖਸ਼ੀਵਾਲ 'ਤੇ ਗ੍ਰਨੇਡ ਹਮਲਾ ਕਰਨ ਵਾਲੇ ਦੋਸ਼ੀ ਉੱਤਰ ਪ੍ਰਦੇਸ਼ ਦੇ ਪੀਲੀਭੀਤ 'ਚ ਮੁਕਾਬਲੇ ਦੌਰਾਨ ਮਾਰੇ ਗਏ ਹਨ। ਇਹ ਤਿੰਨੇ ਅੱਤਵਾਦੀ (KZF) ਖਾਲਿਸਤਾਨ ਜ਼ਿੰਦਾਬਾਦ ਫੋਰਸ ਸੰਗਠਨ ਦੇ ਮੈਂਬਰ ਸਨ, ਜਿਸ ਨੂੰ ਜਸਵਿੰਦਰ ਸਿੰਘ ਬਾਗੀ ਉਰਫ ਮੰਨੂ ਅਗਵਾਨ ਵਿਦੇਸ਼ ਤੋਂ ਚਲਾ ਰਿਹਾ ਸੀ। ਦੱਸ ਦਈਏ ਕਿ ਤਿੰਨੋਂ ਮੁਲਜ਼ਮ ਸਰਹੱਦੀ ਕਸਬਾ ਕਲਾਨੌਰ ਦੇ ਵਸਨੀਕ ਸਨ, ਜਿਨ੍ਹਾਂ ਵਿੱ ਜਸਪ੍ਰੀਤ ਸਿੰਘ 18 ਸਾਲ, ਗੁਰਦੇਵ ਸਿੰਘ ਉਮਰ 25 ਸਾਲ ਅਤੇ ਵਰਿੰਦਰ ਸਿੰਘ ਵਾਸੀ ਪਿੰਡ ਅਗਵਾਨ ਸਨ। ਇਹ ਤਿੰਨੋ ਮ੍ਰਿਤਕ ਗਰੀਬ ਪਰਿਵਾਰ ਨਾਲ ਸਬੰਧਿਤ ਸਨ।
ਪਰਿਵਾਰ ਨੇ ਬੇਕਸੂਰ ਦੱਸਿਆ
ਦੱਸਿਆ ਜਾ ਰਿਹਾ ਹੈ ਕਿ ਜਸ਼ਨਪ੍ਰੀਤ ਸਿੰਘ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਤਾ ਪਰਮਜੀਤ ਕੌਰ ਨੇ ਦੂਜਾ ਵਿਆਹ ਕਰਵਾ ਲਿਆ ਅਤੇ ਆਪਣੇ ਬੱਚਿਆਂ ਨਾਲ ਪਿੰਡ ਸ਼ਹੂਰ ਵਿਖੇ ਰਹਿ ਰਹੀ ਸੀ। ਉਸ ਦੇ ਤਿੰਨ ਭਰਾ ਅਤੇ ਦੋ ਭੈਣਾਂ ਹਨ। ਜਸ਼ਨਪ੍ਰੀਤ ਸਿੰਘ ਦਾ ਵਿਆਹ 3 ਮਹੀਨੇ ਪਹਿਲਾਂ ਹੀ ਗੁਰਪ੍ਰੀਤ ਕੌਰ ਨਾਲ ਹੋਇਆ ਸੀ। ਗਰੀਬ ਪਰਿਵਾਰ ਹੋਣ ਕਾਰਨ ਸਾਰੇ ਹੀ ਮਿਹਨਤ ਮਜ਼ਦੂਰੀ ਕਰਦੇ ਹਨ ਅਤੇ ਉਹ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ ਅਤੇ 8 ਦਿਨਾਂ ਤੋਂ ਘਰ ਵਾਪਸ ਨਹੀਂ ਆਇਆ ਸੀ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਜਸ਼ਨਪ੍ਰੀਤ ਸਿੰਘ ਦੀ ਮਾਤਾ ਅਤੇ ਪਤਨੀ ਨੇ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਆਪਣੇ ਸਾਥੀ ਵਰਿੰਦਰ ਸਿੰਘ ਉਰਫ ਰਵੀ ਅਗਵਾਨ ਨਾਲ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ ਅਤੇ ਮੰਗਲਵਾਰ ਨੂੰ ਉਸ ਦੇ ਨਾਲ ਘਰੋਂ ਨਿਕਲਿਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਬੇਕਸੂਰ ਹੈ, ਉਨ੍ਹਾਂ ਦਾ ਬੇਟਾ ਅਜਿਹਾ ਨਹੀਂ ਕਰ ਸਕਦਾ।