ਸੀਐੱਮ ਮਾਨ ਨਾਲ ਗੂੜ੍ਹੀ ਦੋਸਤੀ ਦਾ ਦਾਅਵਾ (ETV Bharat Mansa) ਮਾਨਸਾ : ਮੱਘਦਾ ਰਹੀਂ ਵੇ ਸੂਰਜਾਂ ਕਮੀਆਂ ਦੇ ਵਿਹੜੇ ਸਾਡੇ ਵਿਹੜੇ ਪਤਾ ਨਹੀਂ ਕਦੋਂ ਸੂਰਜ ਮੱਘੇਗਾ, ਇਹ ਕਹਿਣਾ ਪਿਛਲੇ 11 ਸਾਲਾਂ ਤੋਂ ਪਟਿਆਲਾ ਮਾਨਸਾ ਰੋਡ 'ਤੇ ਜੂਸ ਵਾਲੀ ਰੇਹੜੀ ਲਗਾ ਕੇ ਆਪਣੀ ਮਾਂ ਅਤੇ ਆਪਣਾ ਪੇਟ ਪਾਲ ਰਹੀ ਜਵਾਨ ਧੀ ਹੁਸਨ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹ ਚਾਰ ਵਾਰ ਮਿਲ ਚੁੱਕੀ ਹੈ। ਉਹ ਬਾਰਵੀਂ ਪਾਸ ਹੈ ਅਤੇ ਹੈਂਡਬਾਲ ਦੀ ਚੰਗੀ ਖਿਡਾਰਨ ਹੈ। ਉਸ ਦੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਮੰਗ ਹੈ ਕਿ ਉਸ ਦੀ ਯੋਗਤਾ ਅਨੁਸਾਰ ਉਸ ਨੂੰ ਨੌਕਰੀ ਦਿੱਤੀ ਜਾਵੇ। ਹੁਸਨ ਕੌਰ ਦਾ ਕਹਿਣਾ ਹੈ ਕਿ ਪਤਾ ਨਹੀਂ ਕਦੋਂ ਸਾਡੇ ਕਮੀਆਂ ਦੇ ਵਿਹੜੇ ਸੂਰਜ ਮੱਘੇਗਾ।
ਪਿਛਲੇ 11 ਸਾਲਾਂ ਲਗਾ ਰਹੀ ਜੂਸ ਦੀ ਰੇਹੜੀ :ਮਾਨਸਾ ਪਟਿਆਲਾ ਰੋਡ 'ਤੇ ਸਥਿਤ ਪਿੰਡ ਹਮੀਰਗੜ੍ਹ ਢੈਪਈ ਵਿਖੇ ਪਿਛਲੇ 11 ਸਾਲਾਂ ਤੋਂ ਹੁਸਨ ਕੌਰ ਜੂਸ ਵਾਲੀ ਰੇਹੜੀ ਲਗਾ ਕੇ ਆਪਣਾ ਅਤੇ ਆਪਣੀ ਮਾਂ ਦਾ ਪੇਟ ਪਾਲ ਰਹੀ ਹੈ। ਹੁਸਨ ਨੇ ਦੱਸਿਆ ਕਿ ਉਹ ਤਿੰਨ ਭੈਣਾਂ ਹਨ, ਉਹਨਾਂ ਵਿੱਚੋਂ ਦੋ ਭੈਣਾਂ ਦਾ ਵਿਆਹ ਹੋ ਚੁੱਕਾ ਹੈ ਜਦੋਂ ਕਿ ਪਿਤਾ ਅਤੇ ਭਰਾ ਦੀ ਮੌਤ ਹੋ ਚੁੱਕੀ ਹੈ, ਪਰ ਫਿਰ ਵੀ ਉਹ ਆਪਣੀ ਮਾਂ ਦਾ ਸਹਾਰਾ ਬਣ ਕੇ ਮਿਹਨਤ ਕਰ ਰਹੀ ਹੈ।
ਸੀਐੱਮ ਮਾਨ ਨਾਲ ਗੂੜ੍ਹੀ ਦੋਸਤੀ ਦਾ ਦਾਅਵਾ (ETV Bharat Mansa) ਹੁਸਨ ਕੌਰ ਦੀ ਪੜ੍ਹਾਈ : ਹੁਸਨ ਨੇ ਦੱਸਿਆ ਕਿ ਉਹ ਬਾਰਵੀਂ ਕਲਾਸ ਪਾਸ ਕਰ ਚੁੱਕੀ ਹੈ ਅਤੇ ਹੈਂਡਬਾਲ ਦੀ ਚੰਗੀ ਖਿਡਾਰਨ ਹੈ। ਮੁੱਖ ਮੰਤਰੀ ਪੰਜਾਬ ਤੋਂ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਦੀ ਮੰਗ ਕਰ ਰਹੀ ਹੈ ਤਾਂ ਕਿ ਉਸ ਦੀ ਮਾਂ ਦੀਆਂ ਅੱਖਾਂ ਦੇ ਵਿੱਚ ਅੱਥਰੂ ਨਾ ਆਉਂਣ ਅਤੇ ਉਸ ਦੀ ਮਾਂ ਨੂੰ ਇਹ ਨਾ ਲੱਗੇ ਕਿ ਉਸ ਦੀ ਧੀ ਇਕੱਲੀ ਰੋਡ 'ਤੇ ਖੜ ਕੇ ਕਮਾਈ ਕਰਨ ਦੇ ਲਈ ਗਈ ਹੈ। ਹੁਸਨ ਕੌਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਬਠਿੰਡਾ ਤੋਂ ਸੰਸਦ ਹਰਸਿਮਰਤ ਕੌਰ ਬਾਦਲ ਵੀ ਉਸ ਕੋਲ ਆਏ ਸਨ ਅਤੇ ਉਨਾਂ ਨੇ ਉਸ ਦਾ ਦੁੱਖ ਸੁਣਿਆ ਅਤੇ ਉਸ ਨੂੰ ਆਰਥਿਕ ਮਦਦ ਵੀ ਕਰਕੇ ਗਏ।
ਮੁੱਖ ਮੰਤਰੀ ਭਗਵੰਤ ਮਾਨ ਮਿਲ ਚੁੱਕੀ ਚਾਰ ਵਾਰ :ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਚਾਰ ਵਾਰ ਉਸ ਨੂੰ ਮਿਲ ਚੁੱਕੇ ਹਨ ਅਤੇ ਉਹ ਹਰ ਵਾਰ ਮੁੱਖ ਮੰਤਰੀ ਨੂੰ ਇਹੀ ਅਪੀਲ ਕਰਦੀ ਹੈ ਕਿ ਉਸ ਨੂੰ ਕੋਈ ਯੋਗਤਾ ਦੇ ਅਨੁਸਾਰ ਨੌਕਰੀ ਦੇ ਦਿੱਤੀ ਜਾਵੇ, ਪਰ ਮੁੱਖ ਮੰਤਰੀ ਹਰ ਵਾਰ ਇਹੀ ਕਹਿ ਜਾਂਦੇ ਹਨ ਕਿ ਕੋਈ ਗੱਲ ਨਹੀਂ ਹੁਸਨ ਕਰਾਂਗੇ ਹੱਲ ਜਰੂਰ ਕਰਾਂਗੇ। ਹੁਸਨ ਨੇ ਦੱਸਿਆ ਕਿ 2014 ਤੋਂ ਲੈ ਕੇ 17 ਤੱਕ ਮੁੱਖ ਮੰਤਰੀ ਭਗਵੰਤ ਮਾਨ ਦੀ ਹਰ ਇਲੈਕਸ਼ਨ ਦੇ ਵਿੱਚ ਉਸ ਵੱਲੋਂ ਡੋਰ ਟੂ ਡੋਰ ਪ੍ਰਚਾਰ ਕਰਕੇ ਵੀ ਮਦਦ ਕੀਤੀ ਗਈ ਸੀ ਅਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਭਰਾ ਮੰਨਦੀ ਹੈ ਅਤੇ ਮੁੱਖ ਮੰਤਰੀ ਵੀ ਉਸ ਨੂੰ ਆਪਣੀ ਭੈਣ ਮੰਨਦਾ ਹੈ ਪਰ ਪਤਾ ਨਹੀਂ ਕਦੋਂ ਮੁੱਖ ਮੰਤਰੀ ਆਪਣੀ ਇਸ ਭੈਣ ਦੀ ਫ਼ਰਿਆਦ ਸੁਣੇਗਾ।