ਮੋਗਾ :ਸੂਬੇ 'ਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਕੋਈ ਨਾਮ ਨਹੀਂ ਲੈ ਰਹੀਆਂ ਹਨ, ਜਾਪਦਾ ਹੈ ਜਿਵੇਂ ਚੋਰਾਂ ਨੂੰ ਹੁਣ ਪੁਲਿਸ ਅਤੇ ਕਾਨੂੰਨ ਦਾ ਕੋਈ ਡਰ ਖੌਫ ਨਹੀਂ ਹੈ। ਤਾਜ਼ਾ ਮਾਮਲਾ ਮੋਗਾ ਦੇ ਹਲਕਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਰਣਸੀਹ ਕਲਾਂ ਤੋਂ ਸਾਹਮਣੇ ਆਇਆ ਹੈ। ਜਿਥੇ ਚੋਰਾਂ ਨੇ ਵਿੱਦਿਆ ਦੇ ਮੰਦਰ ਯਾਨੀ ਕਿ ਸਕੂਲ ਨੂੰ ਆਪਣਾ ਨਿਸ਼ਾਨਾ ਬਣਾਇਆ। ਚੋਰ ਸਕੂਲ ਦੇ ਚੌਂਕੀਦਾਰ ਨੂੰ ਬੰਨ੍ਹ ਕੇ ਸਕੂਲ ਦੇ ਦਫ਼ਤਰ 'ਚੋਂ 40 ਹਜ਼ਾਰ ਰੁਪਏ ਦੇ ਕਰੀਬ ਨਕਦੀ ਅਤੇ ਮਿਡ-ਡੇ-ਮੀਲ ਦਾ ਸਮਾਨ ਅਤੇ ਸਰਫ ਤੇ ਮਸਾਲੇ ਵੀ ਚੋਰੀ ਕਰ ਲਏ। ਇਨਾਂ ਹੀ ਨਹੀਂ ਚੋਰ ਮਸਾਲਾ ਪੀਸਣ ਲਈ ਰੱਖਿਆ ਗਿਆ ਮਿਕਸਰ ਵੀ ਚੋਰੀ ਕਰਕੇ ਲੈ ਗਏ।
ਇਨਸਾਫ ਦੀ ਮੰਗ
ਮਾਮਲੇ ਸਬੰਧੀ ਜਦੋਂ ਸਕੂਲ ਪ੍ਰਸ਼ਾਸਨ ਨੂੰ ਪਤਾ ਲੱਗਾ ਤਾਂ ਪੁਲਿਸ ਨੁੰ ਵੀ ਇਸ ਦੀ ਸੁਚਨਾ ਦਿੱਤੀ ਗਈ। ਨਾਲ ਹੀ ਲੁਟੇਰਿਆਂ ਵੱਲੋਂ ਜ਼ਖਮੀ ਕੀਤੇ ਗਏ ਚੌਂਕੀਦਾਰ ਨੂੰ ਵੀ ਹਸਪਤਾਲ ਪਹੂੰਚਾਇਆ ਗਿਆ। ਇਸ ਸਬੰਧੀ ਜ਼ਖਮੀ ਚੌਂਕੀਦਾਰ ਨੇ ਕਿਹਾ ਕਿ ਉਸ ਨੂੰ ਇਨਸਾਫ ਦਿੱਤਾ ਜਾਵੇ। ਉਕਤ ਚੌਂਕੀਦਾਰ ਨੇ ਦੱਸਿਆ ਕਿ ਉਸ ਦੀ ਬਾਂਹ ਬੰਨ੍ਹੀ ਹੋਈ ਸੀ, ਚੋਰਾਂ ਦੇ ਮੂੰਹ ਢੱਕੇ ਹੋਏ ਸਨ, ਉਨ੍ਹਾਂ ਨੇ ਮੇਰੇ ਮੂੰਹ 'ਤੇ ਟੇਪ ਲਗਾ ਦਿੱਤੀ ਅਤੇ ਮੇਰੀ ਕੁੱਟਮਾਰ ਵੀ ਕੀਤੀ, ਦਫ਼ਤਰ ਦਾ ਸਾਰਾ ਰਿਕਾਰਡ ਤੋੜ ਕੇ ਪਾੜ ਦਿੱਤਾ। ਚੋਰਾਂ ਨੇ ਉਸਨੂੰ ਇੱਕਲਿਆਂ ਦੇਖ ਕੇ ਕੁੱਟਮਾਰ ਕੀਤੀ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜ਼ਖਮੀ ਚੌਂਕੀਦਾਰ ਸ਼ਿੰਦਰਪਾਲ ਸਿੰਘ ਨੇ ਕਿਹਾ ਕਿ ਰਾਤ ਦੀ ਡਿਉਟੀ ਦੌਰਾਨ ਉਸ ਦੇ ਨਾਲ ਹੋਰ ਵੀ ਮੁਲਾਜ਼ਮ ਹੁੰਦੇ ਤਾਂ ਅੱਜ ਇਹ ਵਾਰਦਾਤ ਨਾ ਹੁੰਦੀ।