ਲੁਧਿਆਣਾ:ਮਾਛੀਵਾੜਾ ਦੇ ਇੱਕ ਪ੍ਰਾਈਵੇਟ ਹਸਪਤਾਲ 'ਚ ਨੌਕਰੀ ਕਰਨ ਵਾਲੇ ਨੌਜਵਾਨ ਜਸਪ੍ਰੀਤ ਸਿੰਘ ਜੱਸ (23 ਸਾਲਾ) ਵਾਸੀ ਰਾਣਵਾਂ ਨੇ ਹਸਪਤਾਲ ਵਿਚ ਹੀ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ ਮਾਛੀਵਾਡ਼ਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਨੌਕਰੀ ਕਰਦਾ ਸੀ ਅਤੇ ਅੱਜ ਸਵੇਰੇ ਜਦੋਂ ਡਾਕਟਰ ਆਪਣੇ ਕਲੀਨਿਕ ਵਿਚ ਆਇਆ ਤਾਂ ਉਸ ਨੇ ਦੇਖਿਆ ਕਿ ਜਸਪ੍ਰੀਤ ਸਿੰਘ ਨੇ ਫਾਹਾ ਲੈ ਕੇ ਆਤਮ-ਹੱਤਿਆ ਕੀਤੀ ਹੋਈ ਸੀ। ਡਾਕਟਰ ਨੇ ਜਾਂਚ ਕੀਤੀ ਤਾਂ ਉਸ ਦੇ ਸਾਹ ਚੱਲ ਰਹੇ ਜਿਸ ਨੂੰ ਤੁਰੰਤ ਇਲਾਜ ਲਈ ਹੋਰ ਹਸਪਤਾਲ ਲੈ ਜਾਇਆ ਗਿਆ, ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਮਾਛੀਵਾੜਾ ਦੇ ਪ੍ਰਾਈਵੇਟ ਹਸਪਤਾਲ 'ਚ ਨੌਜਵਾਨ ਨੇ ਕੀਤੀ ਖੁਦਕੁਸ਼ੀ (ਲੁਧਿਆਣਾ-ਪਤੱਰਕਾਰ (ਈਟੀਵੀ ਭਾਰਤ)) ਸੁਸਾਈਡ ਨੋਟ ਲਿਖ ਕੇ ਪਿਤਾ ਤੋਂ ਮੰਗੀ ਮੁਆਫੀ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਪਵਿੱਤਰ ਸਿੰਘ ਵੀ ਮੌਕੇ ’ਤੇ ਪਹੁੰਚ ਗਏ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਆਤਮ ਹੱਤਿਆ ਕਰਨ ਤੋਂ ਪਹਿਲਾਂ ਨੌਜਵਾਨ ਜਸਪ੍ਰੀਤ ਸਿੰਘ ਨੇ ਸੁਸਾਇਡ ਨੋਟ ਲਿਖਿਆ ਜਿਸ ਵਿਚ ਉਸਨੇ ਕਿਹਾ ਕਿ ‘ਉਹ ਆਪਣੀ ਜ਼ਿੰਦਗੀ ਤੋਂ ਬਹੁਤ ਤੰਗ ਹੈ ਜਿਸ ਕਾਰਨ ਉਹ ਗਲ ਫਾਹਾ ਲੈ ਕੇ ਆਤਮ ਹੱਤਿਆ ਕਰ ਰਿਹਾ ਹੈ। ਉਸਨੇ ਲਿਖਿਆ ਕਿ ਕਿਸੇ ਦਾ ਕੋਈ ਦੋਸ਼ ਨਹੀਂ ਹੈ ਅਤੇ ਨਾ ਹੀ ਕਿਸੇ ’ਤੇ ਕੋਈ ਇਲਜ਼ਾਮ ਲਗਾਇਆ ਜਾਵੇ। ਸੁਸਾਇਡ ਨੋਟ ਦੇ ਅਖੀਰ 'ਚ ਉਸ ਨੇ ਕਿਹਾ ਕਿ 'ਡੈਡੀ ਸੌਰੀ ਮੈਂ ਕਾਬਿਲ ਨਹੀਂ ਬਣ ਸਕਿਆ’।
ਸੁਸਾਈਡ ਨੋਟ 'ਚ ਲਿਖਿਆ ਕਾਰਨ
ਉੱਥੇ ਹੀ ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਕਿਹਾ ਕਿ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 6 ਸਾਲ ਤੋਂ ਇਹ ਨੌਜਵਾਨ ਉਸ ਕਲੀਨਿਕ 'ਚ ਕੰਮ ਕਰ ਰਿਹਾ ਸੀ, ਉਨ੍ਹਾਂ ਕਿਹਾ ਕਿ ਖੁਦਕੁਸ਼ੀ ਨੋਟ 'ਚ ਉਸ ਨੇ ਇਸ ਲਈ ਕਿਸੇ ਨੂੰ ਜਿੰਮੇਵਾਰ ਨਹੀਂ ਦੱਸਿਆ ਹੈ ਅਤੇ ਲਿਖਿਆ ਕਿ ਉਹ ਆਪਣੇ ਪਿਤਾ ਦੀ ਉਮੀਦ ਮੁਤਾਬਿਕ ਨਹੀਂ ਬਣ ਸਕਿਆ ਜਿਸ ਕਰਕੇ ਉਸ ਨੇ ਖੁਦਕੁਸ਼ੀ ਕੀਤੀ ਹੈ।