ਗਰੀਬ ਪਰਿਵਾਰ ਦੀ ਕਹਾਣੀ (Etv Bharat Amritsar) ਅੰਮ੍ਰਿਤਸਰ: ਇਸ ਧਰਤੀ ਤੇ ਦੁਨੀਆਂ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲਦੇ ਹਨ ਜਿੱਥੇ ਅੱਜ ਦੇ ਇਸ ਮਾਹੌਲ ਦੌਰਾਨ ਕਈ ਲੋਕ ਕੋਠੀਆਂ ਵੱਡੀਆਂ ਕਾਰਾਂ ਵਿਦੇਸ਼ਾਂ ਦੇ ਸੁਪਨੇ ਲੈ ਰਹੇ ਹਨ ਉੱਥੇ ਹੀ ਕਈ ਪਿੰਡਾਂ ਸ਼ਹਿਰਾਂ ਦੇ ਵਿੱਚ ਅਜਿਹੇ ਲੋਕ ਵੀ ਹਨ ਜੋ ਸਿਰਫ ਦੋ ਵਕਤ ਦੀ ਰੋਟੀ, ਘਰ ਦੀ ਪੱਕੀ ਛੱਤ ਅਤੇ ਸਰੀਰਕ ਤੰਦਰੁਸਤੀ ਲਈ ਮਾਲਿਕ ਕੋਲ ਅਰਦਾਸ ਕਰਦੇ ਨਜ਼ਰ ਆਉਂਦੇ ਹਨ।
ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਤਸਵੀਰਾਂ ਵਿੱਚ ਦਿਖਾਈ ਦੇ ਰਹੀ ਬੇਟੀ ਦੀ ਜਿਸ ਨੂੰ ਕਿ ਇਸ ਦੇ ਨਾਨਾ ਬਲਵਿੰਦਰ ਸਿੰਘ ਅਤੇ ਨਾਨੀ ਸੁਖਵਿੰਦਰ ਕੌਰ ਵੱਲੋਂ ਬਚਪਨ ਤੋਂ ਹੀ ਅਜਿਹੇ ਹਾਲਾਤਾਂ ਦੇ ਵਿੱਚ ਜਿੱਥੇ ਪਾਲਿਆ ਪੋਸਿਆ ਜਾ ਰਿਹਾ ਹੈ। ਉੱਥੇ ਹੀ ਇਸਦਾ ਇਲਾਜ ਕਰਵਾਉਣ ਦੇ ਲਈ ਲੱਖ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਉਹ ਅਸਫਲ ਰਹੇ।
ਰੋਜ਼ਾਨਾ ਜੀਵਨ ਸ਼ੈਲੀ:ਹੁਣ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਬਜ਼ੁਰਗ ਬਲਵਿੰਦਰ ਸਿੰਘ ਜੋ ਕਿ 58 ਤੋਂ 59 ਸਾਲ ਦੀ ਉਮਰ ਦੇ ਹਨ ਸਰੀਰਕ ਬਿਮਾਰੀ ਕਾਰਨ ਲੰਬੇ ਸਮੇਂ ਤੋਂ ਘਰ ਦੇ ਮੰਜੇ ਤੇ ਬੈਠ ਇਲਾਜ ਲਈ ਮਦਦ ਦੀ ਉਡੀਕ ਕਰਦੇ ਹੋਏ ਨਜ਼ਰ ਆ ਰਹੇ ਹਨ। ਉੱਥੇ ਹੀ ਉਨ੍ਹਾਂ ਦੀ ਦੋਹਤੀ ਜੋ ਕਿ ਬਚਪਨ ਤੋਂ ਹੀ ਕਥਿਤ ਪੋਲੀਓ ਦੀ ਬਿਮਾਰੀ ਦੇ ਨਾਲ ਜੂਝ ਰਹੀ ਹੈ ਅਤੇ ਹੁਣ ਤੱਕ ਨਾਨੀ ਸੁਖਵਿੰਦਰ ਕੌਰ ਵੱਲੋਂ ਉਸ ਦੇ ਖਾਣ ਪੀਣ, ਸਾਂਭ ਸੰਭਾਲ ਤੋਂ ਲੈ ਕੇ ਰੋਜ਼ਾਨਾ ਜੀਵਨ ਸ਼ੈਲੀ ਦੀਆਂ ਸਾਰੀਆਂ ਜਿੰਮੇਵਾਰੀਆਂ ਨਿਭਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਬਜ਼ੁਰਗ ਮਾਤਾ ਸੁਖਵਿੰਦਰ ਕੌਰ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਰੋਜ਼ਾਨਾ 100 ਤੋਂ 150 ਕਮਾ ਕੇ ਰਸੋਈ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ:ਗੱਲਬਾਤ ਦੌਰਾਨ ਬਜ਼ੁਰਗ ਮਾਤਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਕਮਰੇ ਵਿਹੜੇ ਤੋਂ ਵੀ ਤਿੰਨ ਚਾਰ ਫੁੱਟ ਹੇਠਾਂ ਹਨ ਅਤੇ ਜਦੋਂ ਬਰਸਾਤਾਂ ਹੁੰਦੀਆਂ ਹਨ ਤਾਂ ਇਸ ਦੌਰਾਨ ਵਿਹੜੇ ਦਾ ਪਾਣੀ ਵੀ ਕਮਰੇ ਵਿੱਚ ਆ ਜਾਂਦਾ ਹੈ ਅਤੇ ਟੁੱਟਣ ਕਿਨਾਰੇ ਪੁੱਜੀ ਹੋਈ ਛੱਤ ਦੇ ਵਿੱਚੋਂ ਵੀ ਪਾਣੀ ਆਉਣ ਕਾਰਨ ਉਨ੍ਹਾਂ ਦਾ ਰਹਿਣਾ ਬੇਹੱਦ ਮੁਸ਼ਕਿਲ ਹੋ ਚੁੱਕਾ ਹੈ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਇਸ ਬੱਚੀ ਦੀ ਸਾਂਭ ਸੰਭਾਲ ਇਲਾਜ ਅਤੇ ਬਜ਼ੁਰਗ ਬਲਵਿੰਦਰ ਸਿੰਘ ਦੇ ਇਲਾਜ ਤੋਂ ਇਲਾਵਾ ਜੇਕਰ ਕੋਈ ਦਾਨੀ ਸੱਜਣ ਉਨ੍ਹਾਂ ਦੇ ਕਮਰੇ ਦੀ ਛੱਤ ਪਵਾ ਦੇਵੇ ਤਾਂ ਉਹ ਬੇਹੱਦ ਧੰਨਵਾਦੀ ਹੋਣਗੇ।
ਬੀਤੇ ਦਿਨ ਉਕਤ ਪਰਿਵਾਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਤੋਂ ਬਾਅਦ ਇਹ ਵੀਡੀਓ ਪੰਜਾਬ ਪੁਲਿਸ ਦੇ ਟਰੈਫਿਕ ਐਜੂਕੇਸ਼ਨ ਸੈਲ ਅੰਮ੍ਰਿਤਸਰ ਦੇ ਇੰਚਾਰਜ ਸਬ ਇੰਸਪੈਕਟਰ ਦਲਜੀਤ ਸਿੰਘ ਦੇ ਧਿਆਨ ਵਿੱਚ ਆਉਣ 'ਤੇ ਉਨ੍ਹਾਂ ਵੱਲੋਂ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਛਾਪਿਆਂਵਾਲੀ ਪਹੁੰਚ ਕੇ ਰਾਸ਼ਨ ਆਦਿ ਵਸਤਾਂ ਦੀ ਮਦਦ ਕੀਤੀ ਗਈ ਅਤੇ ਨਾਲ ਹੀ ਲੋਕਾਂ ਨੂੰ ਇਸ ਪਰਿਵਾਰ ਦੀ ਮਦਦ ਦੇ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਸਮਾਜ ਸੇਵੀ ਸੰਸਥਾ:ਸਬ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਉਕਤ ਬਜ਼ੁਰਗ ਜੋੜਾ ਬੜੀ ਮੁਸ਼ਕਿਲ ਦੇ ਨਾਲ ਇਸ ਬੱਚੀ ਨੂੰ ਪਾਲ ਰਿਹਾ ਹੈ ਅਤੇ ਨਾਲ ਹੀ ਬਜ਼ੁਰਗ ਬਲਵਿੰਦਰ ਸਿੰਘ ਜੋ ਕਿ ਇਲਾਜ ਖੁਣੋ ਮੰਜੇ ਤੇ ਪਏ ਹੋਏ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਉਨ੍ਹਾਂ ਦਾ ਇਲਾਜ ਕਰਵਾ ਦੇ ਤਾਂ ਉਹ ਹੁਣ ਵੀ ਕੰਮ ਕਾਜ ਕਰਕੇ ਆਪਣੀ ਮਿਹਨਤ ਦੀ ਰੋਟੀ ਖਾ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਅਪੀਲ ਕੀਤੀ ਹੈ ਕਿ ਜੇਕਰ ਕੋਈ ਸਮਾਜ ਸੇਵੀ ਸੰਸਥਾ ਇਸ ਪਰਿਵਾਰ ਦੀ ਇਸ ਬੱਚੀ ਦਾ ਇਲਾਜ ਕਰਵਾ ਸਕੇ ਅਤੇ ਉਸਨੂੰ ਆਪਣੇ ਕੋਲ ਲਿਜਾ ਕੇ ਸਾਂਭ ਸੰਭਾਲ ਕਰ ਸਕੇ ਤਾਂ ਉਹ ਬੇਹੱਦ ਧੰਨਵਾਦੀ ਹੋਣਗੇ।
ਪਰੇਸ਼ਾਨੀ ਦੇ ਆਲਮ ਵਿੱਚ ਜਿੰਦਗੀ ਬਸਰ:ਅਜਿਹੀਆਂ ਬਹੁਤ ਸਾਰੀਆਂ ਤਸਵੀਰਾਂ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਕਿ ਅੱਤ ਦੀ ਗਰੀਬੀ ਕਾਰਨ ਅਜਿਹੇ ਪਰਿਵਾਰ ਜੋ ਕਿ ਮਿਹਨਤ ਤਾਂ ਕਰਨਾ ਚਾਹੁੰਦੇ ਹਨ ਲੇਕਿਨ ਕਿਤੇ ਕੰਮ ਨਾ ਹੋਣ ਅਤੇ ਕਿਤੇ ਘਰ ਵਿੱਚ ਬਿਮਾਰੀ ਹੋਣ ਕਾਰਨ ਉਹ ਬੇਹੱਦ ਤੰਗ ਅਤੇ ਪਰੇਸ਼ਾਨੀ ਦੇ ਆਲਮ ਵਿੱਚ ਜਿੰਦਗੀ ਬਸਰ ਕਰ ਰਹੇ ਹਨ ਅਤੇ ਅੱਜ ਵੀ ਆਪਣੇ ਘਰ ਦੀਆਂ ਬਰੂਹਾਂ 'ਤੇ ਖੜ ਸਮਾਜ ਸੇਵਾ ਲਈ ਵੱਧ ਚੜ ਕੇ ਉਪਰਾਲੇ ਕਰਨ ਵਾਲੀਆਂ ਸੰਸਥਾਵਾਂ ਦੀ ਮਦਦ ਦੇ ਲਈ ਉਡੀਕ ਕਰ ਰਹੇ ਹਨ।