ਹਸਪਤਾਲ ਦੀ ਡੌਪ ਟੈਸਟ ਲੈਬ ਵਿੱਚ ਵਿਜੀਲੈਂਸ ਵੱਲੋਂ ਕੀਤੀ ਗਈ ਰੇਡ (Etv Bharat Barnala) ਬਰਨਾਲਾ:ਬਰਨਾਲਾ ਦੇ ਸਰਕਾਰੀ ਹਸਪਤਾਲ ਦੀ ਡੌਪ ਟੈਸਟ ਲੈਬ ਵਿੱਚ ਵਿਜੀਲੈਂਸ ਵੱਲੋਂ ਰੇਡ ਕੀਤੀ ਗਈ ਹੈ। ਇਹ ਰੇਡ ਗੁਪਤ ਸੂਚਨਾ ਦੇ ਆਧਾਰ 'ਤੇ ਵਿਜੀਲੈਂਸ ਵੱਲੋਂ ਕੀਤੀ ਗਈ ਹੈ। ਰੇਡ ਦੌਰਾਨ ਲੈਬ ਦੇ ਅੱਜ ਦੇ ਸਾਰੇ ਡੌਪ ਟੈਸਟਾਂ ਦੀ ਚੈਕਿੰਗ ਕੀਤੀ ਅਤੇ ਦੋ ਕੇਸ ਸ਼ੱਕੀ ਪਾਏ ਗਏ ਹਨ।
ਚੈਕਿੰਗ ਦੌਰਾਨ ਦੋ ਵਿਅਕਤੀ ਸ਼ੱਕੀ:ਇਸ ਮੌਕੇ ਗੱਲਬਾਤ ਕਰਦਿਆਂ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਕਿਹਾ ਕਿ ਅੱਜ ਵਿਜੀਲੈਂਸ ਵਿਭਾਗ ਵੱਲੋਂ ਅੱਜ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਡੌਪ ਟੈਸਟ ਦੀ ਲੈਬ ਵਿੱਚ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਜਿੰਨੇ ਵੀ ਵਿਅਕਤੀ ਡੌਪ ਟੈਸਟ ਕਰਵਾਉਣ ਆ ਰਹੇ ਹਨ, ਉਨ੍ਹਾਂ ਨੂੰ ਆਪਣੀ ਹਾਜ਼ਰੀ ਵਿੱਚ ਦੁਬਾਰਾ ਟੈਸਟ ਕਰਵਾ ਰਹੇ ਹਾਂ। ਇਸ ਚੈਕਿੰਗ ਦੌਰਾਨ ਦੋ ਵਿਅਕਤੀ ਸ਼ੱਕੀ ਹਨ, ਜਿਸਦੀ ਜਾਂਚ ਕਰ ਰਹੇ ਹਾਂ। ਇਸ ਪੜਤਾਲ ਦੌਰਾਨ ਕੋਈ ਵੀ ਉਲਟ ਨਤੀਜਾ ਆਉਂਦਾ ਹੈ ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਅਸਲਾ ਲਾਇਸੰਸ ਦੇ ਮਾਮਲੇ ਵਿੱਚ ਡੌਪ ਟੈਸਟ ਕਰਵਾਏ: ਉਨ੍ਹਾਂ ਕਿਹਾ ਕਿ ਇਸ ਲੈਬ ਸਬੰਧੀ ਕੋਈ ਖੂਫ਼ੀਆ ਸੂਤਰ ਰਾਹੀਂ ਸੂਚਨਾ ਮਿਲੀ ਸੀ, ਜਿਸਤੋਂ ਬਾਅਦ ਉਨ੍ਹਾਂ ਨੇ ਵਿਭਾਗ ਦੇ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਚੈਕਿੰਗ ਕੀਤੀ ਹੈ। ਕਿਹਾ ਕਿ ਇੱਕ ਵਿਅਕਤੀ ਦਾ ਟੈਸਟ ਦੌਰਾਨ ਮੋਬਾਇਲ ਨੰਬਰ ਗਲਤ ਲਿਖਵਾਇਆ ਹੋਇਆ ਹੈ। ਜਦਕਿ ਇੱਕ ਵਿਅਕਤੀ ਜਿਸਦਾ ਡੌਪ ਨੈਗੇਟਿਵ ਆਇਆ ਹੈ, ਉਹ ਦੁਬਾਰਾ ਹਾਜ਼ਰ ਨਹੀਂ ਹੋ ਰਿਹਾ। ਲੈਬ ਵਿੱਚ ਕਰਵਾਏ ਜਾਂਦੇ ਜਿਆਦਾ ਡੌਪ ਟੈਸਟ ਅਸਲਾ ਲਾਇਸੰਸ ਦੇ ਮਾਮਲੇ ਵਿੱਚ ਕਰਵਾਏ ਗਏ ਹਨ।
ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ:ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੇ ਡੌਪ ਟੈਸਟ ਕਰਵਾਉਣਾ ਹੈ, ਉਸਦਾ ਆਪਣੀ ਹਾਜ਼ਰੀ ਵਿੱਚ ਸੈਂਪਲਿੰਗ ਕਰਵਾਈ ਜਾ ਰਹੀ ਹੈ ਅਤੇ ਉਸਦਾ ਟੈਸਟ ਕੀਤੇ ਜਾ ਰਹੇ ਹਨ। ਕਿਹਾ ਕਿ ਲੈਬ ਦੇ ਸਿਰਫ਼ ਅੱਜ ਦੇ ਹੀ ਟੈਸਟਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਜੇਕਰ ਕੋਈ ਵੀ ਵਿਅਕਤੀ ਇਸ ਵਿੱਚ ਮੁਲਜ਼ਮ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।