ਵੀਡਿਓ ਕਾਨਫਰੰਸ ਜ਼ਰੀਏ ਪ੍ਰਧਾਨ ਮੰਤਰੀ ਵਲੋਂ ਬਰਨਾਲਾ ਦੇ ਪਿੰਡ ਸੇਖਾ ਦੇ ਰੇਲਵੇ ਸਟੇਸ਼ਨ ਦਾ ਉਦਘਾਟਨ ਬਰਨਾਲਾ:ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਵਿੱਚ ਮੋਦੀ ਸਰਕਾਰ ਵੱਲੋਂ 85 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀਆਂ ਰੇਲ ਯੋਜਨਾਵਾਂ ਤਹਿਤ ਭਾਰਤੀ ਰੇਲਵੇ ਦੇ ਆਧੁਨਿਕੀਕਰਨ ਦੀ ਗਰੰਟੀ ਦਿੱਤੀ ਹੈ। ਜਿਸ ਤਹਿਤ ਉਹਨਾਂ 10 ਭਾਰਤ ਐਕਸਪ੍ਰੈਸ ਟਰੇਨਾਂ ਤੋਂ ਇਲਾਵਾ ਅੱਜ ਦੇਸ਼ ਵਿੱਚ ਹੋਰ ਰੇਲ ਗੱਡੀਆਂ ਦਾ ਵੀ ਉਦਘਾਟਨ ਕੀਤਾ। ਉਥੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੇਖਾ ਰੇਲਵੇ ਸਟੇਸ਼ਨ ਵਿਖੇ ਲਗਭਗ 250 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਸੇਖਾ ਰੇਲਵੇ ਸਟੇਸ਼ਨ ਦੇ ਆਧੁਨੀਕਰਨ ਸਬੰਧੀ ਵੀਡੀਓ ਕਾਨਫਰੰਸ ਰਾਹੀਂ ਉਦਘਾਟਨ ਕੀਤਾ ਗਿਆ।
ਰੇਲਵੇ ਵਿਭਾਗ ਵੱਲੋਂ ਕਰਵਾਏ ਗਏ ਇਸ ਉਦਘਾਟਨੀ ਸਮਾਰੋਹ ਵਿੱਚ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਰੇਲਵੇ ਪ੍ਰੋਜੈਕਟਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ, ਉੱਥੇ ਦੇਸ਼ ਦੀ ਤਰੱਕੀ ਲਈ ਰੇਲਵੇ ਦੀ ਅਹਿਮ ਭੂਮਿਕਾ ਬਾਰੇ ਵੀ ਚਾਨਣਾ ਪਾਇਆ। ਖਾਸ ਕਰਕੇ ਰੇਲਵੇ ਦੇ ਇਸ ਪ੍ਰੋਗਰਾਮ ਵਿੱਚ ਜਿੱਥੇ ਰੇਲਵੇ ਵਿਭਾਗ ਦੇ ਉੱਚ ਅਧਿਕਾਰੀ ਪਹੁੰਚੇ।
ਉਥੇ ਇਸ ਮੌਕੇ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਭਾਜਪਾ ਜਨਤਾ ਪਾਰਟੀ, ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਆਗੂ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਆਗੂਆਂ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਅੰਬਾਲਾ ਤੋਂ ਬਠਿੰਡਾ ਰੇਲਵੇ ਟ੍ਰੈਕ ਨੂੰ ਡਬਲ ਕਰਨ ਨਾਲ ਨਾ ਸਿਰਫ਼ ਲੋਕਾਂ ਦਾ ਸਮਾਂ ਬਚੇਗਾ ਸਗੋਂ ਤਰੱਕੀ ਦੀ ਰਾਹ ਵੀ ਤੇਜ਼ ਹੋਵੇਗੀ। ਜ਼ਿਲ੍ਹਾ ਬਰਨਾਲਾ ਦੇ ਸੇਖਾ ਰੇਲਵੇ ਸਟੇਸ਼ਨ ਦੇ ਆਧੁਨਿਕੀਕਰਨ ਨਾਲ ਜ਼ਿਲ੍ਹਾ ਬਰਨਾਲਾ ਨੂੰ ਤਰੱਕੀ ਦਾ ਰਾਹ ਮਿਲੇਗਾ। ਰੇਲਵੇ ਵਿੱਚ ਕਾਰੋਬਾਰੀ ਤਰੱਕੀ ਦੇ ਨਾਲ-ਨਾਲ ਰੁਜ਼ਗਾਰ ਵੀ ਨੌਜਵਾਨਾਂ ਨੂੰ ਦਿੱਤਾ ਜਾਵੇਗਾ ਅਤੇ ਲੋਕਾਂ ਦੇ ਸਮੇਂ ਤੇ ਪੈਸੇ ਦੀ ਵੀ ਬੱਚਤ ਹੋਵੇਗੀ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਸ਼ੰਟੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਲਗਾਤਾਰ ਪਿਛਲੇ ਦਸ ਸਾਲਾਂ ਤੋਂ ਤਰੱਕੀ ਦੇ ਰਾਹ ਵੱਲ ਵਧਿਆ ਹੋਇਆ ਹੈ। ਅੱਜ ਦੇਸ਼ ਦੇ ਰੇਲਵੇ ਨੂੰ ਜਿੱਥੇ ਦੇਸ਼ ਭਰ ਵਿੱਚ ਵੱਡੇ ਪ੍ਰੋਜੈਕਟ ਦੇ ਤੋਹਫ਼ੇ ਕੇਂਦਰ ਸਰਕਾਰ ਵਲੋਂ ਦਿੱਤੇ ਗਏ ਹਨ, ਉਥੇ ਬਰਨਾਲਾ ਦੇ ਪਿੰਡ ਸੇਖਾ ਨੂੰ ਨਵੇਂ ਰੂਪ ਵਿੱਚ ਰੇਲਵੇ ਸਟੇਸ਼ਨ ਮਿਲਿਆ ਹੈ। ਜਿਸ ਲਈ ਸੇਖਾ ਪਿੰਡ ਸਮੇਤ ਜ਼ਿਲ੍ਹੇ ਭਰ ਦੇ ਲੋਕ ਵਧਾਈ ਦੇ ਪਾਤਰ ਹਨ।