ਫਰੀਦਕੋਟ : ਫਰੀਦਕੋਟ ਦੇ ਇੱਕ ਵਿਅਕਤੀ ਵੱਲੋਂ ਪੁਲਿਸ ਨੂੰ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਇੱਕ ਵਿਦੇਸ਼ੀ ਨੰਬਰ ਤੋਂ ਕਾਲ ਕਰਕੇ ਉਸਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਕਿ ਉਸ ਦੀ ਲੜਕੀ ਦੀਆਂ ਅਸ਼ਲੀਲ ਫੋਟੋਆਂ ਅਤੇ ਵੀਡੀਓ ਵਾਇਰਲ ਕਰ ਦਿੱਤੀਆਂ ਜਾਣਗੀਆਂ। ਜੇਕਰ ਅਜਿਹਾ ਹੋਣ ਤੋਂ ਰੋਕਣਾ ਹੈ, ਤਾਂ ਉਨ੍ਹਾਂ ਨੂੰ 6 ਲੱਖ ਰੁਪਏ ਦਿੱਤੇ ਜਾਣ। ਸ਼ਿਕਾਇਤ ਤੋਂ ਬਾਅਦ ਪੁਲਿਸ ਵੱਲੋਂ ਇਸ ਸਬੰਧੀ ਟੈਕਨੀਕਲ ਸੈਲ ਦੀ ਮਦਦ ਦੇ ਨਾਲ ਪਤਾ ਲਗਾਇਆ ਕਿ ਲੋਕਲ ਲੜਕੇ ਵੱਲੋਂ ਹੀ ਸ਼ਿਕਾਇਤ ਕਰਤਾ ਨੂੰ ਫੋਨ ਕਾਲ ਕਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਜਿਸ ਨੂੰ ਟਰੇਸ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਆਪਣੇ ਆਪ ਨੂੰ ਗੋਲਡੀ ਬਰਾੜ ਦੱਸ ਰਿਹਾ:ਦੱਸਣਯੋਗ ਹੈ ਕਿ ਇਹ ਫੋਟੋਆਂ ਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਉੱਤੇ ਫਿਰੌਤੀ ਮੰਗਣ ਵਾਲਾ ਵਿਅਕਤੀ ਆਪਣੇ ਆਪ ਨੂੰ ਗੋਲਡੀ ਬਰਾੜ ਦੱਸ ਰਿਹਾ ਸੀ। ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਅਕਲਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਲਈ ਟੈਕਨੀਕਲ ਸੈੱਲ ਦੀ ਮਦਦ ਲਈ ਗਈ। ਇਸ ਤੋਂ ਬਾਅਦ ਜਾਣਕਾਰੀ ਸਾਹਮਣੇ ਆਈ ਕਿ ਨਿਖਿਲ ਨਾਮਕ ਦਾ ਲੜਕਾ ਜਿਸ ਵੱਲੋਂ ਇੱਕ ਐਪ ਜ਼ਰੀਏ ਵਿਦੇਸ਼ੀ ਨੰਬਰ ਆਪਣੇ ਮੋਬਾਈਲ 'ਚ ਇੰਸਟਾਲ ਕਰਕੇ ਕਾਲ ਕਰਕੇ ਧਮਕੀਆਂ ਦਿੰਦਾ ਸੀ ਕਿ ਉਹ ਉਨ੍ਹਾਂ ਦੀ ਲੜਕੀ ਦੀਆਂ ਅਸ਼ਲੀਲ ਵੀਡੀਓ ਵਾਇਰਲ ਕਰ ਦੇਵੇਗਾ ਨਹੀਂ ਤਾਂ ਉਸਨੂੰ ਛੇ ਲੱਖ ਰੁਪਏ ਦਿੱਤੇ ਜਾਣ ਨਾਲ ਹੀ ਉਹ ਆਪਣੇ ਆਪ ਨੂੰ ਗੋਲਡੀ ਬਰਾੜ ਦੇ ਗਿਰੋਹ ਦਾ ਗੁਰਗਾ ਦੱਸਦਾ ਸੀ। ਜਿਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।