ਮਾਨਸਾ:ਜੰਮੂ ਕਸ਼ਮੀਰ ਦੇ ਕੁੱਪਵਾੜਾ ਵਿੱਚ ਦਹਿਸ਼ਤਗਰਦਾਂ ਦੀ ਗੋਲੀ ਲੱਗਣ ਕਾਰਨ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆਂ ਦਾ ਅਗਨੀ ਵੀਰ ਲਵਪ੍ਰੀਤ ਸਿੰਘ ਸ਼ਹੀਦ ਹੋ ਗਿਆ ਸੀ ਅਤੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਅੱਜ ਪਿੰਡ ਅਕਲੀਆਂ ਵਿਖੇ ਲਿਆਂਦਾ ਗਿਆ। ਇਸ ਸਮੇਂ ਲਵਪ੍ਰੀਤ ਸਿੰਘ ਅਮਰ ਰਹੇ ਦੇ ਨਾਅਰੇ ਲੱਗੇ ਅਤੇ ਭਾਰਤੀ ਫੌਜ ਵੱਲੋਂ ਸ਼ਹੀਦ ਨੂੰ ਅੰਤਿਮ ਸਲਾਮੀ ਵੀ ਦਿੱਤੀ ਗਈ ਅਤੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ।
ਸ਼ਹੀਦ ਲਵਪ੍ਰੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ (Etv Bharat) ਦੋ ਸਾਲ ਪਹਿਲਾਂ ਭਾਰਤੀ ਫੌਜ ਵਿੱਚ ਹੋਇਆ ਸੀ ਭਰਤੀ
ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆਂ ਦਾ 24 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਦੋ ਸਾਲ ਪਹਿਲਾਂ ਭਾਰਤੀ ਫੌਜ ਦੇ ਵਿੱਚ ਅਗਨੀ ਵੀਰ ਯੋਜਨਾ ਦੇ ਤਹਿਤ ਭਰਤੀ ਹੋਇਆ ਸੀ ਅਤੇ ਪਿਛਲੇ ਦਿਨ੍ਹੀਂ ਜੰਮੂ ਕਸ਼ਮੀਰ ਦੇ ਕੁਪਵਾੜਾ ਵਿੱਚ ਦਹਿਸ਼ਤਗਰਦੀਆਂ ਦੀ ਗੋਲੀ ਲੱਗਣ ਕਾਰਨ ਲਵਪ੍ਰੀਤ ਸਿੰਘ ਸ਼ਹਾਦਤ ਦਾ ਜਾਮ ਪੀ ਗਿਆ। ਅੱਜ ਲਵਪ੍ਰੀਤ ਸਿੰਘ ਦਾ ਮ੍ਰਿਤਕ ਸਰੀਰ ਉਹਨਾਂ ਦੇ ਪਿੰਡ ਅਕਲੀਆ ਵਿਖੇ ਲਿਆਂਦਾ ਗਿਆ, ਜਿੱਥੇ ਸ਼ਹੀਦ ਲਵਪ੍ਰੀਤ ਸਿੰਘ ਅਮਰ ਰਹੇ ਦੇ ਨਾਅਰੇ ਲੱਗੇ, ਇਸ ਸਮੇਂ ਪਰਿਵਾਰ ਦੇ ਨਾਲ-ਨਾਲ ਪੂਰੇ ਪਿੰਡ ਦੀਆਂ ਅੱਖਾਂ 'ਚੋ ਹੰਝੂ ਰਹੇ ਸਨ। ਇਸ ਤੋਂ ਬਾਅਦ ਸ਼ਹੀਦ ਲਵਪ੍ਰੀਤ ਸਿੰਘ ਦੀ ਭੈਣ ਵੱਲੋਂ ਉਨ੍ਹਾਂ ਦੇ ਸਿਰ 'ਤੇ ਸਿਹਰਾ ਸਜਾਇਆ ਗਿਆ।
ਸ਼ਹੀਦ ਲਵਪ੍ਰੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ (Etv Bharat) ਭਾਰਤੀ ਫੌਜ ਦੇ ਜਵਾਨਾਂ ਵੱਲੋਂ ਦਿੱਤੀ ਗਈ ਅੰਤਿਮ ਸਲਾਮੀ
ਇਸ ਦੌਰਾਨ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਵੀ ਸ਼ਹੀਦ ਲਵਪ੍ਰੀਤ ਸਿੰਘ ਨੂੰ ਅੰਤਿਮ ਸਲਾਮੀ ਦਿੱਤੀ ਗਈ। ਇਸ ਮੌਕੇ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋਏ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਮਾਨਸਾ ਤੋਂ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਅਤੇ ਕਿਸਾਨ ਨੇਤਾ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਭਾਰਤੀ ਫੌਜ ਦੇ ਵਿੱਚ ਸ਼ਹੀਦ ਹੋਏ ਲਵਪ੍ਰੀਤ ਸਿੰਘ ਦੀ ਸ਼ਹਾਦਤ ਦਾ ਜਿੱਥੇ ਸਾਨੂੰ ਦੁੱਖ ਹੈ ਉੱਥੇ ਮਾਣ ਵੀ ਹੈ ਕਿਉਂਕਿ ਉਹਨਾਂ ਨੇ ਦੇਸ਼ ਦੇ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ।
ਸ਼ਹੀਦ ਲਵਪ੍ਰੀਤ ਸਿੰਘ ਦਾ ਅੰਤਿਮ ਸਸਕਾਰ ਮੌਕੇ ਉਨ੍ਹਾਂ ਦੇ ਪਰਿਵਾਰ ਦੀਆਂ ਤਸਵੀਰਾਂ (Etv Bharat) 'ਅਗਨੀ ਵੀਰ ਫੌਜੀਆਂ ਨੂੰ ਵੀ ਦੂਸਰੇ ਫੌਜੀਆਂ ਵਾਂਗ ਮਿਲੇ ਸਨਮਾਨ'
ਇਸ ਤੋਂ ਅੱਗੇ ਉਨ੍ਹਾਂ ਨੇ ਭਾਰਤੀ ਫੌਜ ਦੇ ਜਵਾਨ ਦੀ ਸ਼ਹਾਦਤ ਮੌਕੇ ਬੋਲਦੇ ਹੋਏ ਕਿਹਾ ਕਿ ਭਾਰਤ ਸਰਕਾਰ ਅਗਨੀਵੀਰ ਯੋਜਨਾ ਦੇ ਵਿੱਚ ਤਬਦੀਲੀ ਕਰੇ ਕਿਉਂਕਿ ਇਨ੍ਹਾਂ ਅਗਨੀ ਵੀਰ ਫੌਜੀਆਂ ਨੂੰ ਵੀ ਦੂਸਰੇ ਫੌਜੀਆਂ ਦੀ ਤਰ੍ਹਾਂ ਹਰ ਤਰ੍ਹਾਂ ਦਾ ਮਾਨ ਸਨਮਾਨ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਅਗਨੀ ਵੀਰ ਵੀ ਮੱਧ ਵਰਗੀ ਪਰਿਵਾਰਾਂ ਦੇ ਵਿੱਚੋਂ ਜਾ ਕੇ ਦੇਸ਼ ਦੀ ਰਾਖੀ ਕਰਦੇ ਹਨ ਅਤੇ ਇਹਨਾਂ ਦੇਸ਼ ਦੇ ਰਖਵਾਲਿਆਂ ਦੇ ਲਈ ਸਰਕਾਰਾਂ ਆਪਣੇ ਕਾਨੂੰਨਾਂ ਦੇ ਵਿੱਚ ਤਬਦੀਲੀ ਕਰਕੇ ਇਹਨਾਂ ਦੇ ਪਰਿਵਾਰਾਂ ਦਾ ਮਾਣ ਸਨਮਾਨ ਜ਼ਰੂਰ ਕਰਨ।
ਸ਼ਹੀਦ ਲਵਪ੍ਰੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ (Etv Bharat) 'ਭਾਰਤੀ ਫੌਜ ਦੇ ਵਿੱਚ ਅਗਨੀ ਵੀਰਾਂ ਦਾ ਸਰਕਾਰਾਂ ਕਰ ਰਹੀਆਂ ਸ਼ੋਸ਼ਣ'
ਇਸੇ ਦੌਰਾਨ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਭਾਰਤੀ ਫੌਜ ਦੇ ਵਿੱਚ ਅਗਨੀ ਵੀਰ ਵਜੋਂ ਭਰਤੀ ਹੋ ਰਹੇ ਨੌਜਵਾਨਾਂ ਦਾ ਸਰਕਾਰਾਂ ਸ਼ੋਸ਼ਣ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਥੋੜੀਆਂ ਤਨਖਾਹਾਂ ਉੱਤੇ ਚਾਰ ਸਾਲ ਦੇ ਲਈ ਇਹਨਾਂ ਨੂੰ ਭਰਤੀ ਕਰਕੇ ਸ਼ੋਸ਼ਣ ਕੀਤਾ ਜਾ ਰਿਹਾ ਜਦੋਂ ਕਿ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਇਸ ਨੂੰ ਲੈ ਕੇ ਤਬਦੀਲੀ ਕਰਨ ਤਾਂ ਕਿ ਸਾਡੇ ਜਵਾਨਾਂ ਦਾ ਸਨਮਾਨ ਬਹਾਲ ਰਹੇ।
ਸ਼ਹੀਦ ਲਵਪ੍ਰੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ (Etv Bharat)