ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਟ੍ਰੇਡ ਯੂਨੀਅਨਾਂ ਦੀ ਮੁਲਕ ਹੜਤਾਲ ( ਭਾਰਤ ਬੰਦ) ਦੀ ਹਮਾਇਤ ਵਜੋਂ ਬਠਿੰਡਾ-ਚੰਡੀਗੜ੍ਹ ਹਾਈਵੇ ਉਪਰ ਬਡਬਰ ਟੌਲ ਪਲਾਜ਼ਾ 'ਤੇ ਕਿਸਾਨ, ਮਜ਼ਦੂਰ ਤੇ ਔਰਤਾਂ ਦਾ ਇਕੱਠ ਕਰਕੇ ਭਾਰਤ ਵਿੱਚ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਨਾਲ ਹੀ ਕਿਸਾਨ ਜੱਥੇਬੰਦੀ ਨੇ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਟੌਲ ਪਲਾਜ਼ਾ ਅਗਲੇ ਦਿਨ ਮੁੜ ਫਰੀ ਰੱਖਣ ਅਤੇ ਬੀਜੇਪੀ ਆਗੂਆਂ ਦੇ ਘਰਾਂ ਦੇ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਕੁੱਲ ਕਿਰਤੀਆਂ ਮਿਹਨਤਕਸ਼ ਲੋਕਾਂ ਕੁੱਲ ਵਰਗ ਦੇ ਲੋਕਾਂ 'ਤੇ ਚੌਂਹੁ ਤਰਫ਼ਾਂ ਹਮਲਾ ਕੀਤਾ ਹੋਇਆ ਹੈ। ਇਸ ਕਰਕੇ ਸਾਰਿਆਂ ਨੂੰ ਇਕੱਠਿਆਂ ਹੋਣ ਦੀ ਲੋੜ ਹੈ। ਦਿੱਲੀ ਵੱਲ ਜਾ ਰਹੇ ਕਿਸਾਨਾਂ ਮੂਹਰੇ ਸੜਕਾਂ ਉੱਤੇ ਕੰਧਾਂ ਕੱਢਣ, ਕਿੱਲ ਗੱਡਣ, ਪੇਂਡੂ ਰਸਤੇ ਜਾਮ ਕਰਨ ਅਤੇ ਇੰਟਰਨੈੱਟ ਬੰਦ ਕਰਨ ਤੋਂ ਇਲਾਵਾ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹੀਂ ਡੱਕਣ ਅਤੇ ਉਨ੍ਹਾਂ ਉਤੇ ਅੱਥਰੂ ਗੈਸ, ਲਾਠੀਚਾਰਜ, ਪਲਾਸਟਿਕ ਗੋਲੀਆਂ ਮਾਰਨ ਵਰਗੇ ਜਾਬਰ ਹੱਥਕੰਡੇ ਵਰਤਣ ਰਾਹੀਂ ਜਨਤਕ ਸੰਘਰਸ਼ ਦਾ ਜਮਹੂਰੀ ਹੱਕ ਕੁਚਲਣ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦੀ ਹੈ।
ਸਾਮਰਾਜੀ ਸੰਸਾਰ ਵਪਾਰ ਸੰਸਥਾ ਵਿੱਚੋਂ ਭਾਰਤ ਨੂੰ ਬਾਹਰ ਕੱਢੋ,ਸਾਰੀਆਂ ਫਸਲਾਂ ਦੀ ਐਮਐਸਪੀ ਦੀ ਕਾਨੂੰਨੀ ਗਰੰਟੀ, ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ, ਲਖੀਮਪੁਰ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ਼, ਕਿਸਾਨਾਂ ਮਜ਼ਦੂਰਾਂ ਨੂੰ ਬੁਢਾਪਾ ਪੈਨਸ਼ਨ, ਪੂਰੀ ਭਰਪਾਈ ਵਾਲੀ ਫ਼ਸਲੀ ਬੀਮਾ ਸਕੀਮ ਲਾਗੂ ਕੀਤੀ ਜਾਵੇ। ਮਹਿੰਗਾਈ ਕੰਟਰੋਲ ਕੀਤੀ ਜਾਵੇ। ਭੋਜਨ, ਦਵਾਈਆਂ, ਖੇਤੀ, ਇਨਪੁਟਸ ਅਤੇ ਮਸ਼ੀਨਰੀ ਵਰਗੀਆਂ ਵਸਤੂਆਂ 'ਤੇ GST ਹਟਾਈ ਜਾਵੇ।