ਹਰਿਆਣਾ ਪੁਲਿਸ ਵੱਲੋਂ ਕਿਸਾਨਾਂ 'ਤੇ ਅੱਤਿਆਚਾਰ ਦਾ ਹਾਈਕੋਰਟ ਨੂੰ ਲੈਣਾ ਚਾਹੀਦਾ ਹੈ ਨੋਟਿਸ ਬਠਿੰਡਾ:ਪੰਜਾਬ ਭਰ ਵਿੱਚ ਕਿਸਾਨ ਜਥੇਬੰਦੀਆਂ ਦੇ ਸੱਦੇ ਉੱਤੇ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਕੀਤਾ ਗਿਆ। ਇਸੇ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਉੱਤੇ ਵੀ ਕਿਸਾਨਾਂ ਵੱਲੋਂ ਰੇਲਾਂ ਰੋਕ ਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਹੁੰਚੇ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰ ਸਰਕਾਰ ਦੀ ਪੰਜ ਫਸਲਾਂ ਉਤੇ ਐਮ.ਐਸ.ਪੀ.ਦੇਣ ਦੀ ਸਕੀਮ ਨੂੰ ਨਕਾਰਦਿਆਂ ਕਿਹਾ ਕਿ ਪੂਰੀਆਂ ਫਸਲਾਂ ਉੱਤੇ ਐਮ. ਐਸ. ਪੀ. ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਸਾਨੀ ਅੰਦੋਲਨ ਦੇ ਅਗਲੇ ਪਲਾਨ ਸਬੰਧੀ ਕਿਹਾ ਕਿ ਅੰਦੋਲਨ ਕਦੇ ਚੋਣ ਜ਼ਾਬਤਾ ਦੇਖ ਕੇ ਨਹੀਂ ਲੜੇ ਜਾਂਦੇ, ਸੰਘਰਸ਼ ਜਾਰੀ ਰਹੇਗਾ।
ਹਾਈ ਕੋਰਟ ਨੂੰ ਨੋਟਿਸ ਲੈਣ ਦੀ ਲੋੜ :ਉਨ੍ਹਾਂ ਕਿਹਾ ਕਿ ਕਿਸਾਨਾ ਨਾਲ ਵਾਅਦੇ ਕਰਕੇ ਮੁਕਰੀ ਕੇਂਦਰ ਦੀ ਵਾਅਦਾ ਖਿਲਾਫੀ ਅਤੇ ਸਰਕਾਰ ਨੂੰ ਵਾਅਦੇ ਯਾਦ ਕਰਵਾਉਣ ਲਈ ਕਿਸਾਨਾਂ ਨੂੰ ਅਜਿਹੀਆਂ ਕਾਲਾਂ ਦੇਨੀਆਂ ਪੈਂਦੀਆਂ ਹਨ।ਇਸ ਹੀ ਤਹਿਤ ਬਠਿੰਡਾ ਵਿੱਚ ਮੁਲਤਾਨੀਆ ਪੁਲ ਹੇਠਾਂ ਰੇਲ ਗੱਡੀ ਰੋਕ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਕੋਲ ਪੁੱਜੇ ਭਾਰਤੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਹਰਿਆਣਾ ਵੱਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਸ਼ਿਕਾਇਤ ਦਰਜ ਕਰਵਾਈ ਜਾਵੇ।
ਉਨ੍ਹਾਂ ਕਿਹਾ ਕਿ ਖਨੌਰੀ ਅਤੇ ਸ਼ੰਭੂ ਬਾਰਡਰ 'ਤੇ ਪੁਲਿਸ ਵੱਲੋਂ ਨੋਟਿਸ ਲਿਆ ਜਾਵੇ। ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਅਤੇ ਪੁਲਿਸ ਹਾਈਕੋਰਟ ਵਿੱਚ ਕਿਸਾਨਾਂ ਖਿਲਾਫ ਗਲਤ ਤੱਥ ਪੇਸ਼ ਕਰ ਰਹੀ ਹੈ। ਜਿਸ ਕਾਰਨ ਹਰਿਆਣਾ ਸਰਕਾਰ ਅਤੇ ਪੁਲਿਸ ਹਾਈਕੋਰਟ ਨੂੰ ਗੁੰਮਰਾਹ ਕਰ ਰਹੀ ਹੈ। ਡੱਲੇਵਾਲ ਨੇ ਕਿਹਾ ਕਿ ਹਰਿਆਣਾ ਪੁਲਿਸ ਨੇ ਪੰਜਾਬ ਦੀ ਧਰਤੀ 'ਤੇ ਦਾਖਲ ਹੋ ਕੇ ਸ਼ੁਭਕਰਨ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਕਈ ਕਿਸਾਨਾਂ ਨੂੰ ਜ਼ਖਮੀ ਕਰ ਦਿੱਤਾ ਅਤੇ ਉਨ੍ਹਾਂ ਦੇ ਟਰੈਕਟਰ ਤੋੜ ਦਿੱਤੇ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਪਰ ਹਾਈਕੋਰਟ ਨੇ ਉਪਰੋਕਤ ਮਾਮਲਿਆਂ ਵਿੱਚ ਕੋਈ ਨੋਟਿਸ ਨਹੀਂ ਲਿਆ।
ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਦੀ ਕੋਸ਼ਿਸ਼:ਕਿਸਾਨ ਆਗੂ ਡੱਲੇਵਾਲ ਨੇ ਕਿਹਾ ਕਿ ਕੁਝ ਲੋਕ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਕਿਸਾਨ ਇਕਜੁੱਟ ਹੋ ਕੇ ਕੇਂਦਰ ਸਰਕਾਰ ਵਿਰੁੱਧ ਸ਼ਾਂਤਮਈ ਢੰਗ ਨਾਲ ਖੜ੍ਹੇ ਹਨ। ਕਿਸਾਨ ਆਗੂ ਨੇ ਕਿਹਾ ਕਿ ਸ਼ੁਭਕਰਨ ਸਿੰਘ ਮਾਮਲੇ ਵਿੱਚ ਬਣਾਈ ਗਈ ਐਸਆਈਟੀ ਕਿਸਾਨਾਂ ਨੂੰ ਇਨਸਾਫ਼ ਨਹੀਂ ਦੇਵੇਗੀ ਕਿਉਂਕਿ ਉਕਤ ਐਸਆਈਟੀ ਹਰਿਆਣਾ ਸਰਕਾਰ ਦੀ ਕਠੱਪੁਤਲੀ ਹੈ। ਇਸ ਤੋਂ ਇਲਾਵਾ ਕਿਸਾਨ ਆਗੂ ਨੇ ਕਿਹਾ ਕਿ ਕਿਸਾਨਾਂ ਨੂੰ ਪੰਜਾਬ ਸਰਕਾਰ ਤੋਂ ਵੀ ਕੋਈ ਉਮੀਦ ਨਹੀਂ ਹੈ। ਬੀਤੇ ਦਿਨੀਂ ਮ੍ਰਿਤਕ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਮੌਕੇ ਇਕੱਠੇ ਹੋਏ ਪੈਸੇ ਮੰਗਣ ਦੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਦੋ ਮੈਂਬਰਾਂ 'ਤੇ ਲੱਗੇ ਦੋਸ਼ਾਂ 'ਤੇ ਡੱਲੇਵਾਲ ਨੇ ਕਿਹਾ ਕਿ ਯੂਨੀਅਨ ਦੀ ਤਿੰਨ ਮੈਂਬਰੀ ਕਮੇਟੀ ਜਾਂਚ ਕਰ ਰਹੀ ਹੈ, ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ, ਮੀਡੀਆ ਰਾਹੀਂ ਸਾਰਿਆਂ ਨੂੰ ਦੱਸਿਆ ਜਾਵੇਗਾ।