ਲੁੱਟ ਦਾ ਸ਼ਿਕਾਰ ਹੋਈ ਕੁੜੀ ਨੇ ਖੁਦ ਹੀ ਲੱਭਿਆ ਲੁਟੇਰਾ ਬਠਿੰਡਾ:ਦਿੱਲੀ ਵਿਖੇ ਨੌਕਰੀ ਕਰਦੀ ਬਠਿੰਡਾ ਦੀ ਰਹਿਣ ਵਾਲੀ ਨਿਤਿਕਾ ਸ਼ਰਮਾ ਨਾਲ ਪਿਛਲੇ ਦਿਨੀ ਇੱਕ ਘਟਨਾ ਵਾਪਰੀ ਜਿਸ ਵਿੱਚ ਉਸ ਦਾ ਮੋਬਾਇਲ ਲੁਟੇਰੇ ਵੱਲੋਂ ਸਨੈਚ ਕਰ ਲਿਆ ਗਿਆ। ਪੁਲਿਸ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਾ ਕੀਤੇ ਡਾਣ ਉੱਤੇ ਲੜਕੀ ਵੱਲੋਂ ਆਪਣਾ ਸਨੈਚ ਕੀਤਾ ਹੋਇਆ ਮੋਬਾਇਲ ਖੁਦ ਲੱਭਣ ਦੀ ਕੋਸ਼ਿਸ਼ ਕੀਤੀ ਗਈ। ਲੜਕੀ ਵੱਲੋਂ ਆਪਣੇ ਮੋਬਾਇਲ ਵਿਚਲੀ ਜੀਮੇਲ ਆਈਡੀ ਰਾਹੀਂ ਮੋਬਾਇਲ ਫੋਨ ਦੀ ਆਖਰੀ ਲੋਕੇਸ਼ਨ ਟਰੇਸ ਕੀਤੀ ਅਤੇ ਉਸ ਜਗ੍ਹਾ ਦੀ ਪੁਲਿਸ ਨੂੰ ਜਾਣਕਾਰੀ ਉਪਲਬਧ ਕਰਵਾਈ, ਫਿਰ ਵੀ ਸਹਿਯੋਗ ਨਹੀਂ ਮਿਲਿਆ, ਤਾਂ ਨਿਤਿਕਾ ਸ਼ਰਮਾ ਵੱਲੋਂ ਖੁਦ ਉਸ ਲੋਕੇਸ਼ਨ ਉੱਤੇ ਜਾ ਕੇ ਆਪਣਾ ਮੋਬਾਈਲ ਫੋਨ ਮੋਬਾਈਲ ਲੁੱਟਣ ਵਾਲੇ ਲੜਕੇ ਦੇ ਘਰੋਂ ਬਰਾਮਦ ਕਰ ਲਿਆ ਗਿਆ।
ਕੰਟਰੋਲ ਰੂਮ ਉੱਤੇ ਕਾਲ ਕੀਤੀ, ਕੋਈ ਮੁਲਾਜ਼ਮ ਨਹੀਂ ਪਹੁੰਚਿਆ:ਬਠਿੰਡਾ ਦੇ ਹੰਸ ਨਗਰ ਵਿਚ ਨਸ਼ੇੜੀ ਵੱਲੋਂ ਇਕ ਲੜਕੀ ਨਿਤਿਕਾ ਸ਼ਰਮਾ ਦਾ ਮੋਬਾਇਲ ਫੋਨ ਖੋਹ ਲਿਆ। ਪੀੜਤਾਂ ਵੱਲੋਂ ਆਪਣੇ ਨਾਲ ਵਾਪਰੀ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਕੰਟਰੋਲ ਰੂਮ ਦੇ ਨੰਬਰ 112 ਉੱਤੇ ਕੀਤੀ ਗਈ, ਪਰ ਕਾਫੀ ਦੇਰ ਤੱਕ ਕੋਈ ਵੀ ਪੁਲਿਸ ਮੁਲਾਜ਼ਮ ਪੀੜਤ ਲੜਕੀ ਤਕ ਪਹੁੰਚ ਨਹੀਂ ਕੀਤੀ ਗਈ। ਇਸ ਤੋਂ ਬਾਅਦ ਲੜਕੀ ਵਾਪਸ ਆਪਣੇ ਘਰ ਗਈ। ਨਿਤਿਕਾ ਨੇ ਦੱਸਿਆ ਕਿ ਘਟਨਾ ਤੋਂ ਕੁਝ ਦਿਨ ਬਾਅਦ ਹੀ ਥਾਣੇ ਵਿਚੋਂ ਫੋਨ ਆਉਂਦਾ ਹੈ ਕਿ ਆ ਕੇ ਆਪਣੀ ਸ਼ਿਕਾਇਤ ਦਰਜ ਕਰਵਾਓ।
ਥਾਣੇ ਦੇ ਬਾਹਰੋਂ ਹੀ ਸਵਾਲ-ਜਵਾਬ ਸ਼ੁਰੂ: ਪੀੜਤਾ ਨਿਤਿਕਾ ਸ਼ਰਮਾ ਆਪਣੀ ਮਾਂ ਨੂੰ ਲੈ ਕੇ ਥਾਣੇ ਪਹੁੰਚੀ, ਜਿੱਥੇ ਉਸ ਦੀ ਸ਼ਿਕਾਇਤ ਸੁਣਨੀ ਤਾਂ ਦੂਰ ਦੀ ਗੱਲ ਹੈ ਥਾਣੇ ਦਾ ਸੰਤਰੀ ਹੀ ਉਕਤ ਲੜਕੀ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਗਿਆ। ਥਾਣੇ ਦੇ ਬਾਹਰ ਹੀ ਲੜਕੀ ਕੋਲੋਂ ਜਵਾਬ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਗਏ। ਆਪਣੀ ਫਰਿਆਦ ਦਰਜ ਕਰਾਉਣ ਲਈ ਲੜਕੀ ਨੂੰ ਇਕ ਸਿਫਾਰਸ਼ ਪਵਾ ਕੇ ਥਾਣੇ ਅੰਦਰ ਦਾਖਲ ਹੋਣਾ ਪਿਆ। ਨਿਤਿਕਾ ਸ਼ਰਮਾ ਨੇ ਦੱਸਿਆ ਕਿ ਸ਼ਿਕਾਇਤ ਲੈਣ ਤੋਂ ਬਾਅਦ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਖੁਦ ਹੀ ਲੱਭਿਆ ਝੱਪਟਮਾਰ: ਕਾਰਵਾਈ ਨਾ ਹੋਣ ਤੋਂ ਤੰਗ ਹੋ ਕੇ ਉਸ ਨੇ ਪੱਧਰ 'ਤੇ ਉਸ ਸਨੈਚਰ ਦੀ ਤਲਾਸ਼ ਕੀਤੀ ਅਤੇ ਘਟਨਾ ਵਾਲੇ ਇਲਾਕੇ ਦੀ ਸੀਸੀਟੀਵੀ ਫੁਟੇਜ ਖੰਗਾਲਣ ਤੋਂ ਬਾਅਦ ਲੁਟੇਰੇ ਦੀ ਸਕੂਟਰੀ ਦਾ ਨੰਬਰ, ਘਰ ਦਾ ਪਤਾ ਸਾਰਾ ਕੁਝ ਪੁਲਿਸ ਨੂੰ ਦਿੱਤਾ, ਇਸ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਨਿਤਿਕਾ ਨੇ ਦੱਸਿਆ ਕਿ ਫਿਰ ਉਹ ਉਸ ਸਨੈਚਰ ਦੀ ਘਰ ਖੁਦ ਪਹੁੰਚੀ ਅਤੇ ਉਸ ਕੋਲੋਂ ਆਪਣਾ ਫੋਨ ਵਾਪਸ ਲਿਆ। ਇਹ ਮਾਮਲਾ ਜ਼ਿਲ੍ਹਾ ਮੁਖੀ ਹਰਮਨ ਵੀਰ ਸਿੰਘ ਗਿੱਲ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ, ਪਰ ਇਸ ਦੇ ਬਾਵਜੂਦ ਪੁਲਿਸ ਨੇ ਅਜੇ ਤੱਕ ਉਕਤ ਝੱਪਟਮਾਰ ਉੱਤੇ ਕੋਈ ਕਾਰਵਾਈ ਨਹੀਂ ਕੀਤੀ।
ਬਠਿੰਡਾ ਪੁਲਿਸ ਸਵਾਲਾਂ ਦੇ ਘੇਰੇ 'ਚ ! ਨਿਤਿਕਾ ਸ਼ਰਮਾ ਨੇ ਦੱਸਿਆ ਹੈ ਕਿ ਉਹ ਬਠਿੰਡਾ ਦੀ ਵਸਨੀਕ ਹੈ ਤੇ ਅਪੋਲੋ ਹਸਪਤਾਲ ਦਿੱਲੀ ਵਿੱਚ ਨੌਕਰੀ ਕਰ ਰਹੀ ਹੈ। ਆਪਣੇ ਪਰਿਵਾਰ ਨੂੰ ਮਿਲਣ ਲਈ ਉਹ ਬਠਿੰਡਾ ਆਈ ਹੋਈ ਸੀ। ਲੰਘੀ ਚਾਰ ਫਰਵਰੀ ਨੂੰ ਉਹ ਹੰਸ ਨਗਰ ਵਿੱਚ ਜਾ ਰਹੀ ਸੀ, ਤਾਂ ਇਕ ਐਕਟਿਵਾ ਸਵਾਰ ਨੌਜਵਾਨ ਉਸ ਦਾ ਮੋਬਾਇਲ ਫੋਨ ਖੋਹ ਕੇ ਲੈ ਗਿਆ ਸੀ। ਜਿਸ ਦੀ ਉਸ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਣਾ ਦਿੱਤੀ, ਪਰ ਕਿਸੇ ਨੇ ਆ ਕੇ ਉਸ ਦੀ ਸ਼ਿਕਾਇਤ ਨਹੀਂ ਸੁਣੀ। ਫਿਰ ਉਸ ਨੇ ਖੁਦ ਹੀ ਆਪਣਾ ਮੋਬਾਇਲ ਤੇ ਉਸ ਝੱਪਟਮਾਰ ਨੂੰ ਲੱਭਿਆ।
ਪੁਲਿਸ ਦੀ ਕਾਰਗੁਜ਼ਾਰੀ ਉੱਤੇ ਉੱਠੇ ਸਵਾਲ:ਨਿਤਿਕਾ ਸ਼ਰਮਾ ਦੇ ਪਿਤਾ ਪ੍ਰਦੀਪ ਸ਼ਰਮਾ ਦਾ ਕਹਿਣਾ ਹੈ ਕਿ ਪੁਲਿਸ ਦਾ ਰੱਵਈਆ ਪੀੜਤਾਂ ਪ੍ਰਤੀ ਕੋਈ ਬਹੁਤਾ ਚੰਗਾ ਨਹੀਂ ਸੀ ਅਤੇ ਨਾ ਹੀ ਲੁੱਟ ਦੀ ਵਾਰਦਾਤ ਨੂੰ ਟ੍ਰੇਸ ਕਰਨ ਲਈ ਉਨ੍ਹਾਂ ਵੱਲੋਂ ਕਿਸੇ ਤਰ੍ਹਾਂ ਦਾ ਉਪਰਾਲਾ ਕੀਤਾ ਗਿਆ। ਉਨ੍ਹਾਂ ਦੀ ਬਹਾਦੁਰ ਬੇਟੀ ਵੱਲੋਂ ਆਪਣੇ ਪੱਧਰ ਉੱਤੇ ਸਨੈਚ ਕੀਤਾ ਹੋਇਆ ਮੋਬਾਇਲ ਬਰਾਮਦ ਕੀਤਾ ਗਿਆ, ਜੇਕਰ ਪੁਲਿਸ ਦਾ ਇਹੀ ਰੱਵਈਆ ਆਮ ਲੋਕਾਂ ਪ੍ਰਤੀ ਰਹੇਗਾ, ਤਾਂ ਅਮਨ ਅਤੇ ਕਾਨੂੰਨ ਦੀ ਸਥਿਤੀ ਦਾ ਬੁਰਾ ਹਾਲ ਹੋ ਜਾਵੇਗਾ।
ਐਸਐਸਓ ਨੇ ਕੀ ਕਿਹਾ?: ਉਧਰ ਇਸ ਮਾਮਲੇ ਸੰਬੰਧੀ ਬੋਲਦਿਆਂ ਐਸਐਚਓ ਥਾਣਾ ਕਨਾਲ ਪਰਮ ਪਾਰਸ ਬਾਗ ਸਿੰਘ ਦਾ ਕਹਿਣਾ ਹੈ ਕਿ ਜਿਸ ਦਿਨ ਲੜਕੀ ਵੱਲੋਂ ਮੋਬਾਇਲ ਲੁੱਟ ਦੀ ਘਟਨਾ ਸਬੰਧੀ ਜਾਣਕਾਰੀ ਦਿੱਤੀ ਗਈ, ਉਸੇ ਸਮੇਂ ਹੀ ਪੁਲਿਸ ਕਰਮਚਾਰੀਆਂ ਵੱਲੋਂ ਇਲਾਕੇ ਦੀ ਸੀਸੀਟਵੀ ਫੁਟੇਜ ਖੰਗਾਲੀ ਗਈ ਜਿਸ ਤੋਂ ਬਾਅਦ ਐਕਟਿਵ ਦਾ ਨੰਬਰ ਮਿਲਿਆ ਅਤੇ ਜਦੋਂ ਸਕੂਟਰੀ ਦਾ ਪਤਾ ਕੱਢਵਾਇਆ ਗਿਆ ਤਾਂ ਉਹ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦਾ 10 ਸਾਲ ਪੁਰਾਣਾ ਪਤਾ ਸੀ। ਪੁਲਿਸ ਵੱਲੋਂ ਬਕਾਇਦਾ ਇਸ ਲੁੱਟ ਦੀ ਘਟਨਾ ਵਿੱਚ ਜਾਂਚ ਕੀਤੀ ਜਾ ਰਹੀ ਸੀ ਅਤੇ ਲੜਕੀ ਤੋਂ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਸੀ। ਲੜਕੀ ਵੱਲੋਂ ਮੋਬਾਇਲ ਤੇ ਜੀਮੇਲ ਆਈਡੀ ਚਲਾ ਕੇ ਮੋਬਾਇਲ ਟਰੇਸ ਕਰ ਲਿਆ ਗਿਆ ਅਤੇ ਹੁਣ ਉਨ੍ਹਾਂ ਵੱਲੋਂ ਮੁਲਜ਼ਮ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।