ਮੋਗਾ: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਦੇ ਕੀਤੇ ਜਾਂਦੇ ਵੱਡੇ-ਵੱਡੇ ਦਾਅਵੇ ਅਤੇ ਵਾਅਦੇ ਜ਼ਮੀਨੀ ਪੱਧਰ 'ਤੇ ਖੋਖਲੇ ਸਾਬਿਤ ਹੋ ਰਹੇ ਹਨ। ਕਿਸਾਨ ਆਪਣੇ ਖੇਤਾਂ ਵਿੱਚ ਨਹਿਰੀ ਪਾਣੀ ਲਗਾਉਣ ਨੂੰ ਤਰਸ ਰਹੇ ਹਨ। ਪਿਛਲੀਆਂ ਸਰਕਾਰਾਂ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਪੱਕੀਆਂ ਬਣਾਈਆਂ ਕੱਸੀਆਂ, ਜਿੰਨਾਂ ਵਿੱਚ ਪਿਛਲੇ ਸੱਤ ਅੱਠ ਸਾਲਾਂ ਤੋਂ ਕਦੇ ਨਹਿਰੀ ਪਾਣੀ ਦੀ ਬੂੰਦ ਤੱਕ ਨਹੀਂ ਆਈ। ਜਿਸ ਦੀ ਮਿਸਾਲ ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਰੌਂਤਾ ਵੇਖਣ ਨੂੰ ਮਿਲੀ ਹੈ।
ਕਿਸਾਨਾਂ ਦੇ ਖੇਤਾਂ ਤੱਕ ਕੱਸੀ ਦਾ ਪਾਣੀ ਨਹੀਂ ਪਹੁੰਚਦਾ
ਰੌਂਤਾ ਵਿਖੇ ਉਸ ਵਕਤ ਦੇਖਣ ਨੂੰ ਮਿਲੀ ਜਦੋਂ ਪਿੰਡ ਰੌਂਤਾ ਦੇ ਕਿਸਾਨਾਂ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਰੌਂਤਾ ਦਾ 5 ਤੋਂ 6 ਹਜਾਰ ਏਕੜ ਦੇ ਕਰੀਬ ਰਕਵਾ ਹੈ। ਜਿਸ ਦੇ ਵਿਚਕਾਰ ਦੀ ਪੱਕੀ ਕੱਸੀ ਲੰਘਦੀ ਹੋਣ ਦੇ ਬਾਵਜੂਦ ਵੀ ਕਿਸਾਨਾਂ ਦੇ ਖੇਤਾਂ ਤੱਕ ਕੱਸੀ ਦਾ ਪਾਣੀ ਨਹੀਂ ਪਹੁੰਚਦਾ। ਹੈਰਾਨੀ ਦੀ ਹੱਦ ਤਾਂ ਉਦੋਂ ਹੋ ਗਈ, ਜਦੋਂ ਪਿੰਡ ਰੌਂਤਾ ਵਿੱਚ ਬਣੇ ਸਰਕਾਰੀ ਖੇਤੀ ਬਾੜੀ ਫਾਰਮ ਜਿਸ ਰਕਬਾ 55/60 ਏਕੜ ਦੇ ਕਰੀਬ ਹੈ। ਉਸ ਨੂੰ ਵੀ ਨਹਿਰੀ ਪਾਣੀ ਕਦੇ ਨਹੀਂ ਮਿਲਿਆ।
ਕੱਸੀ ਵਿੱਚ ਖੜਾ ਵੱਡਾ-ਵੱਡਾ ਘਾਹ
ਪਿੰਡ ਵਾਸੀ ਕਿਸਾਨ ਮੇਜਰ ਸਿੰਘ, ਬਿੰਦਰ ਸਿੰਘ ਵਾਸੀ ਰੌਂਤਾ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਸੂਏ ਅਤੇ ਕੱਸੀਆਂ ਨੂੰ ਪੱਕਾ ਕੀਤਾ ਗਿਆ ਸੀ। ਪਰ ਮੋਗੇ ਨਾਂ ਲੱਗਣ ਕਾਰਨ ਸਾਡੇ ਖੇਤਾਂ ਤੱਕ ਪਿਛਲੇ ਸੱਤ ਅੱਠ ਸਾਲਾਂ ਤੋਂ ਕੱਸੀ ਦਾ ਪਾਣੀ ਨਹੀਂ ਪਹੁੰਚਿਆ। ਇਸ ਮੌਕੇ 'ਤੇ ਉਨ੍ਹਾਂ ਕਿਸਾਨਾਂ ਨੇ ਕੱਸੀ ਵਿੱਚ ਖੜਾ ਵੱਡਾ-ਵੱਡਾ ਘਾਹ ਵੀ ਦਿਖਾਇਆ। ਕਿਸਾਨਾਂ ਦਾ ਕਹਿਣਾ ਸੀ ਕਿ ਜੇਕਰ ਸਰਕਾਰਾਂ ਨੇ ਇਸ ਕੱਸੀ ਵਿੱਚ ਨਹਿਰੀ ਪਾਣੀ ਨਹੀਂ ਛੱਡਣਾ ਸੀ ਤਾਂ ਇਨ੍ਹਾਂ ਕੱਸੀਆਂ ਉੱਪਰ ਕਰੋੜਾਂ ਅਰਬਾਂ ਰੁਪਏ ਖਰਚ ਕਰਨ ਦੀ ਕੀ ਲੋੜ ਸੀ।