ਤਰਨਤਾਰਨ/ਖਡੂਰ ਸਾਹਿਬ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਬੇਹੱਦ ਫਸਵਾਂ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ। ਸੁਪਰ ਹੋਟ ਸੀਟ ਖਡੂਰ ਸਾਹਿਬ ਦੀ ਇਤਿਹਾਸਿਕ ਸੀਟ 'ਤੇ ਕਿਸ ਦੀ ਬੱਲ੍ਹੇ-ਬੱਲ੍ਹੇ ਹੋਵੇਗੀ।ਇਸ ਦਾ ਨਤੀਜਾ ਤਾਂ 4 ਜੂਨ ਨੂੰ ਪਤਾ ਲੱਗੇਗਾ।
ਚੋਣ ਮੈਦਾਨ 'ਚ ਨਿੱਤਰੇ ਉਮੀਦਵਾਰ: ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਨੇ ਮੌਜੂਦਾ ਕੈਬਨਿਟ ਮੰਤਰੀ 'ਤੇ ਦਾਅ ਖੇਡਦੇ ਹੋਏ ਲਾਲਜੀਤ ਸਿੰਘ ਭੁੱਲਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜਦਕਿ ਬੀਜੇਪੀ ਨੇ ਇਸ ਸੀਟ ਤੋਂ ਪਹਿਲੀ ਵਾਰ ਲੋਕ ਸਭਾ ਚੋਣ ਲੜ ਰਹੀ ਹੈ, ਜਿਸ ਨੇ ਮਨਜੀਤ ਸਿੰਘ ਮੰਨਾ ਨੂੰ ਟਿਕਟ ਦਿੱਤੀ ਹੈ। ਕਾਂਗਰਸ ਪਾਰਟੀ ਨੇ ਆਪਣੇ ਮੌਜੂਦਾ ਸੰਸਦ ਮੈਬਰ ਦੀ ਟਿਕਟ ਕੱਟ ਕੇ ਨੌਜਵਾਨ ਆਗੂ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਪੰਥਕੇ ਹਲਕੇ ਤੋਂ ਟਿਕਟ ਦਿੱਤੀ। ਅੰਮ੍ਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਵਜੋ ਚੋਣ ਲੜੇ ਰਹੇ ਨੇ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਬਸਪਾ ਨੇ ਇੰਜੀਨੀਅਰ ਸਤਨਾਮ ਸਿੰਘ ਤੂੜ ਵਿਰੋਧੀਆਂ ਨੂੰ ਟੱਕਰ ਦੇਣ ਲਈ ਤਿਆਰ ਹਨ।
ਖਡੂਰ ਸਾਹਿਬ ਦਾ ਚੋਣ ਇਤਿਹਾਸ:ਖਡੂਰ ਸਾਹਿਬ ਪੰਜਾਬ ਦੇ ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਖਡੂਰ ਸਾਹਿਬ ਹਲਕਾ ਸਾਲ 2009 'ਚ ਹੋਂਦ ਵਿੱਚ ਆਇਆ ਸੀ। ਇਸ ਤੋਂ ਪਹਿਲਾਂ ਤਰਨ ਤਾਰਨ ਲੋਕ ਸਭਾ ਹਲਕਾ ਹੁੰਦਾ ਸੀ। ਜਿਸ ਨੂੰ ਸਾਲ 2009 ਤੋਂ ਖਡੂਰ ਸਾਹਿਬ ਵਿੱਚ ਤਬਦੀਲ ਕਰ ਦਿੱਤਾ ਗਿਆ। ਖਡੂਰ ਸਾਹਿਬ ਹਲਕਾ ਹੋਂਦ ਵਿਚ ਆਉਣ ਤੋਂ ਲੈ ਕੇ ਹੁਣ ਤੱਕ ਇਸ ਸੀਟ 'ਤੇ ਤਿੰਨ ਵਾਰ ਚੋਣ ਹੋ ਚੁੱਕੀ ਹੈ, ਜਿਸ 'ਤੇ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਇੱਕ ਵਾਰ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ। ਤਰਨ ਤਾਰਨ ਲੋਕ ਸਭਾ ਹਲਕਾ ਸਾਲ 1951 ਨੂੰ ਹੋਂਦ ਵਿੱਚ ਆਇਆ ਸੀ। ਜਿਸ ਨੂੰ ਸਾਲ 2004 ਦੀਆਂ ਚੋਣਾਂ ਤੋਂ ਬਾਅਦ ਭੰਗ ਕਰ ਦਿੱਤਾ ਸੀ। 1951 ਤੋਂ ਲੈ ਕੇ 2004 ਤੱਕ 14 ਵਾਰ (ਜਿਮਨੀ ਚੋਣ) ਲੋਕ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੇ 7 ਵਾਰ, ਕਾਂਗਰਸ ਨੇ 6 ਵਾਰ ਅਤੇ ਇੱਕ ਵਾਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੇ ਇਸ ਸੀਟ ਤੋਂ ਜਿੱਤ ਹਾਸਲ ਕੀਤੀ।
ਚੋਣ ਜਿੱਤਣ ਦੀ ਕਾਬਲੀਅਤ : ਇਹ ਇੱਕ ਇਕੱਲੀ ਸੀਟ ਹੈ ਜਿੱਥੋਂ ਅਕਾਲੀ ਦਲ ਬੀਜੇਪੀ ਤੋਂ ਬਿਨਾਂ ਆਪਣੇ ਦਮ ’ਤੇ ਚੋਣ ਜਿੱਤਣ ਦੀ ਕਾਬਲੀਅਤ ਰੱਖਦਾ ਹੈ। 1977, 80 ਅਤੇ 1985 ਦੀ ਲੋਕਸਭਾ ਚੋਣ ਜਿੱਤ ਕੇ ਅਕਾਲੀ ਦਲ ਨੇ ਇਹ ਸਾਬਿਤ ਵੀ ਕੀਤਾ ਹੈ। ਇਹ ਉਹ ਸਮਾਂ ਸੀ ਜਦੋਂ ਪੂਰੇ ਦੇਸ਼ ਵਿੱਚ ਕਾਂਗਰਸ ਦੀ ਹੂੰਝਾ ਫੇਰ ਜਿੱਤ ਹੋਈ ਸੀ ਪਰ ਅਕਾਲੀ ਦਲ ਦਾ ਝੰਡਾ ਬੁਲੰਦ ਹੋਇਆ ਸੀ। ਇਹ ਸਾਰੇ ਅੰਕੜਿਆਂ ਨੂੰ ਤੱਕ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ ਆਖਿਰ ਇਸ ਨੂੰ ਪੰਥਕ ਸੀਟ ਕਿਉਂ ਕਿਹਾ ਜਾਂਦਾ ਹੈ ਅਤੇ ਅਕਾਲੀ ਦਲ ਇਸ ਸੀਟ ‘ਤੇ ਕਿੰਨਾਂ ਮਜ਼ਬੂਤ ਹੈ।