ਅੰਮ੍ਰਿਤਸਰ:ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਨੇ ਨਤਮਸਤਕ ਹੋ ਕੇ ਗੁਰੂ ਘਰ ਤੋਂ ਆਸ਼ੀਰਵਾਦ ਲਿਆ। ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਅਤੇ ਆਤਿਸ਼ਬਾਜੀ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਇੱਕ ਲੱਖ ਦੀਵਿਆਂ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਦੇ ਪ੍ਰਵੇਸ਼ ਦੁਆਰ ਦੇ ਬਾਹਰ ਲੇਜ਼ਰ ਸ਼ੋਅ ਦਾ ਪ੍ਰਬੰਧ ਕੀਤਾ ਗਿਆ ਹੈ। ਸ਼ਰਧਾਲੂਆਂ ਵੱਲੋਂ ਪਵਿਤਰ ਸਰੋਵਰ ਦੇ ਕਿਨਾਰੇ ਰੰਗ ਬਿਰੰਗੀਆਂ ਮੋਮਬਤੀਆਂ ਤੇ ਘਿਓ ਦੇ ਦੀਵੇ ਬਾਲ ਕੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਸਾਂਝੀ ਕੀਤੀ ਗਈ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਨੂੰ ਰੰਗ ਬਿਰੰਗੀਆਂ ਲਾਈਟਾਂ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ। ਰਹਿਰਾਸ ਸਾਹਿਬ ਦੇ ਪਾਠ ਉਪਰੰਤ ਪ੍ਰਬੰਧਕਾਂ ਵੱਲੋਂ ਪ੍ਰਦੂਸ਼ਣ ਰਹਿਤ ਅਤਿ ਸੁੰਦਰ ਆਤਿਸ਼ਬਾਜੀ ਕੀਤੀ ਗਈ। ਸੁੰਦਰ ਐਲਈਡੀ ਲਾਈਟਾਂ ਨਾਲ ਸਜੇ ਸ੍ਰੀ ਦਰਬਾਰ ਸਾਹਿਬ ਦਾ ਅਲੌਕਿਕ ਨਜ਼ਾਰਾ ਤੇ ਮਨਮੋਹਕ ਆਤਿਸ਼ਬਾਜੀ ਦਾ ਆਨੰਦ ਮਾਨਣ ਲਈ ਦੇਸ਼-ਵਿਦੇਸ਼ ਦੀ ਸੰਗਤ ਲੱਖਾਂ ਦੀ ਗਿਣਤੀ ਵਿੱਚ ਪੁੱਜੀਆਂ ਹਨ।