ਚੰਡੀਗੜ੍ਹ :ਪੰਚਾਇਤੀ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਖ਼ਬਰ ਹੈ ਕਿ ਸੁਨੀਲ ਜਾਖੜ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੁਨੀਲ ਜਾਖੜ ਦਾ ਅਸਤੀਫਾ ਹਾਈਕਮਾਂਡ ਨੇ ਅਜੇ ਤੱਕ ਪ੍ਰਵਾਨ ਨਹੀਂ ਕੀਤਾ ਹੈ। ਸੁਨੀਲ ਜਾਖੜ ਪਿਛਲੇ ਕਈ ਦਿਨਾਂ ਤੋਂ ਪਾਰਟੀ ਗਤੀਵਿਧੀਆਂ ਅਤੇ ਅਹਿਮ ਮੀਟਿੰਗਾਂ ਤੋਂ ਦੂਰੀ ਬਣਾ ਕੇ ਰੱਖ ਰਹੇ ਸਨ। ਸੁਨੀਲ ਜਾਖੜ ਮੈਂਬਰਸ਼ਿਪ ਮੁਹਿੰਮ ਸਬੰਧੀ ਕੱਲ੍ਹ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਸੂਤਰਾਂ ਦੀ ਮੰਨੀਏ ਤਾਂ ਜਾਖੜ ਭਾਜਪਾ 'ਚ ਜਿਸ ਤਰ੍ਹਾਂ ਰਵਨੀਤ ਬਿੱਟੂ ਨੂੰ ਤਰਜੀਹ ਦਿੱਤੀ ਗਈ, ਉਸ ਤੋਂ ਕਾਫੀ ਨਾਰਾਜ਼ ਹਨ।
ਅਸਤੀਫਾ ਦੇਣ ਦੀਆਂ ਖ਼ਬਰਾਂ ਦਾ ਭਾਜਪਾ ਵਲੋਂ ਖੰਡਨ (Etv Bharat) ਭਾਜਪਾ ਵਲੋਂ ਅਸਤੀਫੇ ਦੀਆਂ ਖ਼ਬਰਾਂ ਦਾ ਖੰਡਨ
ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਸੁਨੀਲ ਜਾਖੜ ਵੱਲੋਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀਆਂ ਖ਼ਬਰਾਂ ਨੂੰ 'ਬੇਬੁਨਿਆਦ ਤੇ ਝੂਠਾ' ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਾਖੜ ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਹਨ ਅਤੇ ਪ੍ਰਧਾਨ ਵਜੋਂ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ। ਇਹ ਵਿਰੋਧੀ ਪਾਰਟੀਆਂ ਵੱਲੋਂ ਫੈਲਾਇਆ ਜਾ ਰਿਹਾ ਸਰਾਸਰ ਝੂਠਾ ਪ੍ਰਚਾਰ ਹੈ।
ਰਾਜਾ ਵੜਿੰਗ ਦਾ ਤੰਜ (Raja Warring (Social Media X)) ਸੁਨੀਲ ਜਾਖੜ ਦੇ ਅਸਤੀਫੇ ਦੀਆਂ ਅਟਕਲਾਂ ਤੋਂ ਬਾਅਦ, ਰਾਜਾ ਵੜਿੰਗ ਦਾ ਤੰਜ, ਕਿਹਾ-
ਆਲ ਦਾ ਬੈਸਟ, ਵੇਅਰ ਨੈਕਸਟ ? -ਰਾਜਾ ਵੜਿੰਗ, ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ
ਲੋਕ ਸਭਾ ਚੋਣਾਂ ਤੋਂ ਬਾਅਦ ਹੀ ਐਕਟਿਵ ਨਹੀਂ ਦਿਖੇ
ਉੱਥੇ ਹੀ, ਦੂਜੇ ਪਾਸੇ ਭਾਜਪਾ ਵਲੋਂ ਸੁਨੀਲ ਜਾਖੜ ਦੇ ਅਸਤੀਫੇ ਦੀ ਖ਼ਬਰ ਨੂੰ ਅਫ਼ਵਾਹ ਦੱਸਿਆ ਜਾ ਰਿਹਾ ਹੈ। ਪਰ, ਜੇਕਰ ਦੇਖਿਆ ਜਾਵੇ, ਤਾਂ ਪਿਛਲੇ ਕੁਝ ਸਮੇਂ ਤੋਂ ਸੁਨੀਲ ਜਾਖੜ ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਹੋਣ ਦੇ ਮੁਤਾਬਕ ਜ਼ਮੀਨ ਪੱਧਰ ਉੱਤੇ ਐਕਟਿਵ ਨਹੀਂ ਦਿਖ ਰਹੇ ਹਨ।
ਸੂਤਰਾਂ ਮੁਤਾਬਕ ਸੁਨੀਲ ਜਾਖੜ ਨੇ ਜੁਲਾਈ ਮਹੀਨੇ ਤੋਂ ਹੀ ਪਾਰਟੀ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਹਾਲਾਂਕਿ, ਉਹ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਮੌਕੇ ਮੌਜੂਦ ਸਨ। ਇੰਨਾ ਹੀ ਨਹੀਂ, ਸੁਨੀਲ ਜਾਖੜ ਪੰਚਾਇਤ ਚੋਣਾਂ ਦੀ ਚਰਚਾ ਨੂੰ ਲੈ ਕੇ ਰੱਖੀ ਗਈ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਇਹ ਮੀਟਿੰਗ ਭਾਜਪਾ ਦਫ਼ਤਰ ਵਿੱਚ ਰੱਖੀ ਗਈ ਸੀ। ਸੂਤਰਾਂ ਦੀ ਮੰਨੀਏ ਤਾਂ, ਜਦੋਂ ਭਾਜਪਾ ਦੇ ਸੀਨੀਅਰ ਨੇਤਾ ਨੇ ਮੀਟਿੰਗ ਵਿੱਚ ਨਾ ਆਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਮਨਾ ਕਰ ਦਿੱਤਾ।
ਕੌਣ ਹਨ ਸੁਨੀਲ ਜਾਖੜ, ਕਾਂਗਰਸ ਤੋਂ ਭਾਜਪਾ ਤੱਕ ਦਲ ਬਦਲੀ
ਸੁਨੀਲ ਜਾਖੜ ਦਾ ਸਿਆਸਤ ਨਾਲ ਡੂੰਘਾ ਸਬੰਧ ਰਿਹਾ ਹੈ। ਉਨ੍ਹਾਂ ਨੂੰ ਸਿਆਸਤ ਆਪਣੇ ਪਿਤਾ ਬਲਰਾਮ ਜਾਖੜ ਕੋਲੋਂ ਮਿਲੀ ਹੈ, ਜੋ ਖੁਦ ਕਾਂਗਰਸ ਨੇਤਾ ਰਹਿ ਚੁੱਕੇ ਹਨ। ਬਲਰਾਮ ਨੇ ਲੋਕ ਸਭਾ ਦੇ ਸਪੀਕਰ ਅਤੇ ਮੱਧ ਪ੍ਰਦੇਸ਼ ਦੇ ਰਾਜਪਾਲ ਵਜੋਂ ਸੇਵਾ ਨਿਭਾਈ। ਉਹ ਲੋਕ ਸਭਾ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਸਪੀਕਰ ਵੀ ਸਨ, ਜਿਨ੍ਹਾਂ ਦਾ ਕਾਰਜਕਾਲ 9 ਸਾਲ ਅਤੇ 329 ਦਿਨ ਰਿਹਾ। ਸੁਨੀਲ ਜਾਖੜ ਨੇ 2002 ਵਿੱਚ ਕਾਂਗਰਸ ਪਾਰਟੀ ਵਲੋਂ ਪੰਜਾਬ ਦੀ ਅਬੋਹਰ ਵਿਧਾਨ ਸਭਾ ਸੀਟ ਤੋਂ ਪਹਿਲੀ ਵਾਰ ਵਿਧਾਨ ਸਭਾ ਵਿੱਚ ਪਹੁੰਚੇ ਸਨ। ਉਹ ਗੁਰਦਾਸਪੁਰ ਦੀ ਉਪ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ ਸਨ। ਕਾਂਗਰਸ ਹਾਈ-ਕਮਾਂਡ ਤੋਂ ਨੋਟਿਸ ਮਿਲਣ ਤੋਂ ਕੁਝ ਦਿਨ ਬਾਅਦ, ਜਾਖੜ ਨੇ 14 ਮਈ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਛੱਡ ਦਿੱਤੀ। ਉਹ 19 ਮਈ 2022 ਨੂੰ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ। 4 ਜੁਲਾਈ 2023 ਨੂੰ ਜਾਖੜ ਨੂੰ ਭਾਜਪਾ ਪੰਜਾਬ ਦਾ ਪ੍ਰਧਾਨ ਬਣਾਇਆ ਗਿਆ ਸੀ।
(ਅੱਪਡੇਟ ਜਾਰੀ ਹੈ...)