ਬਰਨਾਲਾ :ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵਲੋਂ ਅੱਜ ਦੋ ਅਹਿਮ ਮੁੱਦਿਆਂ ਉਪਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਗਿਆ। ਸੁਖਪਾਲ ਖਹਿਰਾ ਨੇ ਸੂਬਾ ਸਰਕਾਰ ਉਪਰ ਪਾਣੀ ਟੈਕਸ ਸਬੰਧੀ ਇੱਕ ਦਿਨ ਪਹਿਲਾਂ ਨੋਟੀਫਿਕੇਸ਼ਨ ਕੱਢਣ ਦਾ ਦੋਸ਼ ਲਗਾਇਆ। ਉਥੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਦੇ ਖੇਤਾਂ ਨੂੰ 100 ਫ਼ੀਸਦੀ ਨਹਿਰੀ ਪਾਣੀ ਮਿਲਣ ਸਬੰਧ ਸੂਬਾ ਸਰਕਾਰ ਫ਼ੇਕ ਅੰਕੜੇ ਬਣਾ ਰਹੀ ਹੈ। ਜਿਸਦਾ ਸਿੱਧਾ ਅਸਲ ਐਸਵਾਈਐਲ ਨਹਿਰ ਕੇਸ ਉਪਰ ਪਵੇਗਾ। ਇਸ ਮੌਕੇ ਉਹਨਾਂ ਨਾਲ ਬਰਨਾਲਾ ਜਿਲ੍ਹੇ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ, ਹਲਕਾ ਇੰਚਾਰਜ ਮਨੀਸ਼ ਬਾਂਸਲ, ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਹੋਰ ਕਾਂਗਰਸੀ ਲੀਡਰਸ਼ਿਪ ਹਾਜ਼ਰ ਸੀ।
ਸੁਖਪਾਲ ਸਿੰਘ ਖਹਿਰਾ ਨੇ ਵਿਸਥਾਰ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਵਿੱਚ ਸਰਕਾਰ ਨੇ ਸਮੁੱਚੇ ਪੰਜਾਬ ਦੇ ਕਿਸਾਨਾਂ ਤੋਂ ਪਾਣੀ ਦਾ ਸੈਸ ਉਗਰਾਹੁਣ ਦੇ ਹੁਕਮ ਦਿੱਤੇ ਹਨ। 14 ਮਈ ਨੂੰ ਇਸ ਨੋਟੀਫਿਕੇਸ਼ਨ ਰਾਹੀਂ ਸੂਬਾ ਸਰਕਾਰ ਨੇ 326 ਕਰੋੜ ਰੁਪਏ ਰਿਕਵਰ ਕਰਨ ਦੇ ਹੁਕਮ ਦਿੱਤੇ ਹਨ। ਉਹਨਾਂ ਕਿਹਾ ਕਿ ਜਿਸ ਤਹਿਤ ਕਿਸਾਨ ਅੰਦੋਲਨ ਦੌਰਾਨ ਆਪ ਸਰਕਾਰ ਨੇ ਕਿਸਾਨ ਵਿਰੋਧੀ ਰੋਲ ਅਦਾ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਸਿਰਫ਼ 17 ਫ਼ੀਸਦੀ ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਰਿਹਾ ਹੈ। ਪਰ ਪੰਜਾਬ ਸਰਕਾਰ 100 ਫ਼ੀਸਦੀ ਖੇਤਾਂ ਤੱਕ ਪਾਣੀ ਪੁੱਜਣ ਦੇ ਸਬੰਧੀ ਨਹਿਰੀ ਵਿਭਾਗ ਦੇ ਪਟਵਾਰੀਆਂ ਉਪਰ ਦਬਾਅ ਪਾ ਕੇ ਝੂਠੇ ਅੰਕੜੇ ਬਨਾਉਣਾ ਚਾਹੁੰਦੀ ਹੈ।