ਤਰਨ ਤਾਰਨ:ਕਸਬਾ ਚੋਹਲਾ ਸਾਹਿਬ ਵਿਖੇ ਸਰਹਾਲੀ ਰੋਡ ਉੱਤੇ ਸਥਿਤ ਬਲੈਕ ਸਟੋਨ ਐਕਡਮੀ (ਆਈਲੈਟਸ) ਸੈਂਟਰ ਨਾ ਦੀ ਇਮਾਰਤ ਵੇਖਦਿਆਂ-ਵੇਖਦਿਆਂ ਢਹਿ ਢੇਰੀ ਹੋ ਗਈ।
ਜਾਣਕਾਰੀ ਮੁਤਾਬਿਕ ਅੱਜ ਦੁਪਹਿਰ ਲਗਭਗ 4.30 ਵਜੇ ਦੇ ਕਰੀਬ ਇਹ ਇਮਾਰਤ ਢੇਰੀ ਹੋਈ ਹੈ।
ਇਮਾਰਤ ਡਿੱਗਣ ਤੋਂ ਪਹਿਲਾਂ ਬਾਹਰ ਨਿਕਲੇ ਵਿਦਿਆਰਥੀ:ਚਸ਼ਮਦੀਦਾਂ ਨੇ ਦੱਸਿਆ ਕਿ ਇਸ ਬਿਲਡਿੰਗ ਵਿੱਚ ਸਥਿਤ ਬਲੈਕ ਸਟੋਨ ਅਕੈਡਮੀ ਨਾਂ ਦਾ ਆਈਲਟਸ ਸੈਂਟਰ ਚੱਲਦਾ ਹੈ। ਜਿਸ ਵਿੱਚ 45 ਤੋਂ 50 ਵਿਦਿਆਰਥੀ ਰੋਜ਼ਾਨਾ ਵਿੱਦਿਆ ਹਾਸਲ ਕਰਨ ਲਈ ਆਉਂਦੇ ਹਨ ਅਤੇ ਅੱਜ ਲਗਭਗ 4 ਵਜੇ ਦੇ ਕਰੀਬ ਜਦੋਂ ਉਹ ਇਸ ਸੈਂਟਰ ਨੂੰ ਬੰਦ ਕਰਕੇ ਚਲੇ ਗਏ ਤਾਂ 20-25 ਮਿੰਟ ਬਾਅਦ ਹੀ ਇਹ ਦੋ ਮੰਜਲੀ ਇਮਾਰਤ ਦੀਆਂ ਕੰਧਾਂ ਵਿੱਚ ਪਾੜ ਪੈਣੇ ਸ਼ੁਰੂ ਹੋ ਗਏ।
ਮਕਾਨ ਮਾਲਕ ਦੇ ਇਲਜ਼ਾਮ:ਸਥਾਨਕ ਲੋਕਾਂ ਨੇ ਦੱਸਿਆ ਕਿ ਉਸੇ ਵੇਲੇ ਹੀ ਕੰਧਾਂ ਵਿੱਚ ਪਾੜ ਪੈਣ ਬਾਰੇ ਇਮਾਰਤ ਦੇ ਮਾਲਕ ਨੂੰ ਸੂਚਿਤ ਕੀਤਾ ਗਿਆ। ਜਦੋਂ ਇਮਾਰਤ ਦਾ ਮਾਲਕ ਕੁਲਵੰਤ ਰਾਏ ਅਤੇ ਉਸਦਾ ਪੁੱਤਰ ਜਗਦੀਪ ਉੱਥੇ ਪੁੱਜੇ ਤਾਂ ਪੂਰੀ ਇਮਾਰਤ ਢਹਿ ਢੇਰੀ ਹੋ ਗਈ। ਇਮਾਰਤ ਦੇ ਮਾਲਕ ਜਗਦੀਪ ਕੁਮਾਰ ਨੇ ਆਪਣੇ ਨੇੜਲੇ ਗਵਾਂਢੀਆ ਉੱਤੇ ਇਲਜਾਮ ਲਗਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਇਮਾਰਤ ਦੇ ਨਜਦੀਕ ਗੁਰਦੇਵ ਸਿੰਘ ਜੋ ਕਿ ਆਪਣੀ ਜਗ੍ਹਾ ਵਿੱਚ ਨਵੀਂ ਇਮਾਰਤ ਉਸਾਰਨ ਲਈ ਨੀਂਹ ਪੁੱਟ ਰਹੇ ਸਨ, ਉਨ੍ਹਾਂ ਵੱਲੋਂ ਅਣਗਹਿਲੀ ਵਰਤੀ ਗਈ। ਜਿਸ ਕਾਰਨ ਉਨ੍ਹਾਂ ਦੀ ਬਿਲਡਿੰਗ ਕਮਜੋਰ ਹੋ ਗਈ ਅਤੇ ਇਸੇ ਕਰਕੇ ਉਨ੍ਹਾਂ ਦੀ ਇਮਾਰਤ ਡਿੱਗ ਗਈ ਅਤੇ ਵੱਡਾ ਮਾਲੀ ਨੁਕਸਾਨ ਹੋਇਆ।
ਨਕਾਰੇ ਗਏ ਇਲਜ਼ਾਮ: ਉੱਧਰ ਦੂਸਰੇ ਪਾਸੇ ਨਵੀਂ ਇਮਾਰਤ ਦੀ ਉਸਾਰੀ ਕਰ ਰਹੇ ਗੁਰਦੇਵ ਸਿੰਘ ਨੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਹ ਆਪਣੀ ਜ਼ਮੀਨ ਵਿੱਚ ਹੀ ਨੀਂਹ ਪੁੱਟ ਰਹੇ ਸਨ ਅਤੇ ਅੱਜ ਸਰੀਆ ਬੰਨ੍ਹਣ ਦਾ ਕੰਮ ਕਰ ਰਹੇ ਸਨ। ਵੇਖਦੇ ਹੀ ਵੇਖਦੇ ਇਹ ਇਮਾਰਤ ਹੇਠਾਂ ਡਿੱਗ ਗਈ। ਉਨ੍ਹਾਂ ਕਿਹਾ ਕਿ ਸਾਡੇ ਉੱਤੇ ਲੱਗ ਰਹੇ ਇਲਜਾਮ ਬੇਬੁਨਿਆਦ ਹਨ ਅਤੇ ਡਿੱਗਣ ਵਾਲੀ ਇਮਾਰਤ ਬਣਾਉਣ ਲਈ ਵਰਤੇ ਗਏ ਮਟੀਰੀਲ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਮਾਰਤ ਦੀ ਹਾਲਤ ਪਹਿਲਾਂ ਹੀ ਬਹੁਤ ਜ਼ਿਆਦਾ ਖਸਤਾ ਸੀ।