ਹੁਸ਼ਿਆਰਪੁਰ :ਜ਼ਿਲ੍ਹਾਹੁਸ਼ਿਆਰਪੁਰ ਦੇ ਹਲਕਾ ਦਸੂਹਾ ਅਤੇ ਮੁਕੇਰੀਆਂ ਦੇ ਅਧੀਨ ਆਉਂਦੀ ਸਟੋਨ ਕਰੈਸ਼ਰ ਇੰਡਸਟਰੀ ਦੇ ਮਾਲਕਾਂ ਵੱਲੋਂ ਕਸਬਾ ਹਾਜੀਪੁਰ ਵਿੱਚ ਇਕੱਠੇ ਹੋ ਕੇ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਕਰੈਸ਼ਰਾਂ ਨੂੰ ਲੈ ਕੇ ਵਿਸ਼ੇਸ ਮੀਟਿੰਗ ਕੀਤੀ ਗਈ। ਇਸ ਦੌਰਾਨ ਕਰੈਸ਼ਰ ਇੰਡਸਟਰੀ ਦੇ ਮਾਲਕਾਂ ਨੇ ਬਲੈਕਮੇਲ ਕਰਨ ਵਾਲੇ ਲੋਕਾਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਸਟੋਨ ਕਰੈਸ਼ਰ ਇੰਡਸਟਰੀ ਦੇ ਮਾਲਕਾਂ ਦੇ ਨਾਲ ਟਰੱਕ ਆਪਰੇਟਰ, ਜੇਸੀਬੀ ਆਪਰੇਟਰ, ਮਜ਼ਦੂਰ ਯੂਨੀਅਨ ਅਤੇ ਰੇਲਵੇ ਵਿਭਾਗ ਦੇ ਠੇਕੇਦਾਰ ਵੀ ਮੌਕੇ 'ਤੇ ਮੌਜੂਦ ਰਹੇ।
ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਰੈਸ਼ਰ ਮਾਲਕਾਂ ਨੇ ਦੱਸਿਆ ਕਿ,'ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਕਰੈਸ਼ਰਾਂ ਦੇ ਕਾਰਨ ਉਨ੍ਹਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਅਤੇ ਇਸ ਦੀ ਵਜ੍ਹਾ ਬਲੈਕਮੇਲਰ ਹਨ ਜੋ ਸਾਡੇ ਕੰਮਾਂ 'ਚ ਵਿਘਨ ਪਾ ਰਹੇ ਹਨ। ਕਰੈਸ਼ਰ ਮਾਲਕਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਕੁਝ ਲੋਕ ਬਲੈਕਮੇਲ ਕਰ ਰਹੇ ਹਨ ਅਤੇ ਸਾਡੇ ਤੋਂ ਪੈਸੇ ਦੀ ਮੰਗ ਕਰਦੇ ਹਨ। ਪੈਸਾ ਨਾ ਦੇਣ ਕਰਕੇ ਉਨ੍ਹਾਂ ਵੱਲੋਂ ਸਾਡੇ ਕਰੈਸ਼ਰਾਂ ਉੱਤੇ ਡਰੋਨ ਚੜ੍ਹਾ ਤਸਵੀਰਾਂ ਲਈਆਂ ਜਾਂਦੀਆਂ ਹਨ ਅਤੇ ਵੱਖ-ਵੱਖ ਥਾਵਾਂ 'ਤੇ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਰਹੀਆਂ ਹਨ। ਜਿਸ ਕਰਕੇ ਉਨ੍ਹਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਵਿਅਕਤੀਆਂ 'ਤੇ ਤਾਂ ਮਾਮਲੇ ਵੀ ਦਰਜ ਹਨ ਪਰ ਫਿਰ ਵੀ ਉਹ ਕਾਨੂੰਨ ਦੀ ਪਰਵਾਹ ਨਾ ਕਰਦੇ ਹੋਏ ਲਗਾਤਾਰ ਸਾਨੂੰ ਤੰਗ ਪਰੇਸ਼ਾਨ ਕਰ ਰਹੇ ਹਨ,'।
ਕਰੈਸ਼ਰ ਇੰਡਸਟਰੀ ਨੂੰ ਭਾਰੀ ਨੁਕਸਾਨ
ਉਨ੍ਹਾਂ ਕਿਹਾ ਕੀ ਪਿਛਲੇ ਲੰਬੇ ਸਮੇਂ ਤੋਂ ਕਰੈਸ਼ਰ ਬੰਦ ਹੋਣ ਕਾਰਨ ਪੂਰੀ ਕਰੈਸ਼ਰ ਇੰਡਸਟਰੀ ਨੂੰ ਬਹੁਤ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਵੀ ਕਿਹਾ ਕੀ ਕਰੈਸ਼ਰ ਇੰਡਸਟਰੀ ਬੰਦ ਹੋਣ ਕਾਰਨ ਟਰੱਕ ਆਪਰੇਟਰ, ਜੇਸੀਬੀ ਮਸ਼ੀਨ ਆਪਰੇਟਰ, ਮਜਦੂਰ ਅਤੇ ਕੰਮ ਕਰਨ ਵਾਲੇ ਵੱਖ-ਵੱਖ ਵਰਗ ਦੇ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ। ਇਸ ਦੇ ਨਾਲ ਹੀ ਰੇਲਵੇ ਵਿਭਾਗ ਦੇ ਪ੍ਰੋਜੈਕਟ ਦਾ ਕੰਮ ਕਰ ਰਹੇ ਕੰਟਰੈਕਟਰਾਂ ਨੇ ਵੀ ਕਿਹਾ ਕੀ ਕਰੈਸ਼ਰ ਇੰਡਸਟਰੀ ਬੰਦ ਹੋਣ ਕਾਰਨ ਦੋਲਤਪੁਰ ਤੋਂ ਮੁਕੇਰੀਆ ਨਵੀਂ ਬਣ ਰਹੀ ਰੇਲ ਲਾਈਨ ਦਾ ਪ੍ਰੋਜੈਕਟ ਬਹੁਤ ਹੋਲੀ ਚੱਲ ਰਿਹਾ ਹੈ ਅਤੇ ਕਰੈਸ਼ਰ ਮਟੀਰੀਅਲ ਨਾ ਮਿਲਣ ਕਰਕੇ ਰੇਲਵੇ ਲਾਈਨ ਦਾ ਕੰਮ ਪੂਰਾ ਹੋਣ ਦਾ ਸਮਾਂ ਵੀ ਅੱਗੇ ਵੱਧ ਰਿਹਾ ਹੈ।