ਗੁਰਦਾਸਪੁਰ: ਸੀਨੀਅਰ ਅਕਾਲੀ ਆਗੂ ਸੁਖਬੀਰ ਬਾਦਲ 'ਤੇ ਸੇਵਾ ਦੌਰਾਨ ਸੱਚਖੰਡ ਵਿਖੇ ਹਮਲਾ ਕਰਨ ਵਾਲੇ ਮੁਲਜ਼ਮ ਨਰਾਇਣ ਸਿੰਘ ਚੌਰਾ ਦੀ ਪਤਨੀ ਜਸਮੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਨਰਾਇਣ ਸਿੰਘ ਕਰੀਬ ਸਵਾ ਛੇ ਵਜੇ ਘਰੋਂ ਨਿਕਲਿਆ ਸੀ। ਉਹ ਸ੍ਰੀ ਦਰਬਾਰ ਸਾਹਿਬ ਵਿਖੇ ਕੋਈ ਬਰਸੀ ਦਾ ਪ੍ਰੋਗਰਾਮ ਹੋਣ ਦੀ ਗੱਲ ਕਹਿ ਕੇ ਘਰ ਤੋਂ ਚਲਾ ਗਿਆ ਸੀ, ਉਸ ਨੂੰ ਇਸ ਘਟਨਾ ਬਾਰੇ ਪਤਾ ਨਹੀਂ ਸੀ।
'ਸੁਖਬੀਰ ਬਾਦਲ 'ਤੇ ਫਾਇਰਿੰਗ ਕਰਨਾ ਗਲਤ' (ETV BHARAT PUNJAB (ਪੱਤਰਕਾਰ,ਗੁਰਦਾਸਪੁਰ)) ਪਤਨੀ ਨੇ ਪਤੀ ਦੀ ਕਾਰਵਾਈ ਨੂੰ ਦੱਸਿਆ ਗਲਤ
ਦੱਸ ਦਈਏ ਨਰਾਇਣ ਸਿੰਘ ਚੌਰਾ ਦੀ ਪਤਨੀ ਜਸਮੀਤ ਕੌਰ ਨੇ ਆਪਣੇ ਪਤੀ ਦੀ ਕਾਰਵਾਈ ਨੂੰ ਗਲਤ ਕਰਾਰ ਦਿੱਤਾ ਹੈ। ਉਸ ਨੇ ਆਖਿਆ ਕਿ ਘਰੋਂ ਕੁੱਝ ਵੀ ਦੱਸ ਕੇ ਨਹੀਂ ਗਏ ਅਤੇ ਖ਼ਬਰਾਂ ਰਾਹੀਂ ਜੋ ਵੀ ਸਾਹਮਣੇ ਆ ਰਿਹਾ ਹੈ ਉਸ ਤੋਂ ਹੀ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ। ਪਤਨੀ ਜਸਮੀਤ ਕੌਰ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਨਰਾਇਣ ਸਿੰਘ ਚੌਰਾ ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ, ਚੰਡੀਗੜ੍ਹ ਦੀਆਂ ਜੇਲ੍ਹਾਂ ਵਿੱਚ ਸਜ਼ਾ ਕੱਟ ਚੁੱਕਾ ਹੈ। ਉਸ ਨੇ ਜੋ ਵੀ ਕੀਤਾ ਹੈ, ਉਹ ਬਿਲਕੁਲ ਗਲਤ ਹੈ।
ਪਹਿਲਾਂ ਵੀ ਅਪਰਾਧਿਕ ਕਾਰਵਾਈਆਂ
ਨਰਾਇਣ ਸਿੰਘ ਚੌਰਾ ਦਾ ਜਨਮ 04 ਅਪ੍ਰੈਲ 1956 ਨੂੰ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਦੇ ਪਿੰਡ ਚੌਰਾ 'ਚ ਹੋਇਆ ਸੀ। ਇਸ ਗਰਮਖਿਆਲੀ ਨੂੰ 28 ਫਰਵਰੀ 2013 ਨੂੰ ਤਰਨਤਾਰਨ ਦੇ ਪਿੰਡ ਜਲਾਲਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਦੇ ਸਾਥੀ ਸੁਖਦੇਵ ਸਿੰਘ ਅਤੇ ਗੁਰਿੰਦਰ ਸਿੰਘ ਨੂੰ ਉਸੇ ਦਿਨ ਪਿੰਡ ਪੰਡੋਰੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ, ਪੁਲਿਸ ਨੇ ਮੁਹਾਲੀ ਜ਼ਿਲ੍ਹੇ ਦੇ ਪਿੰਡ ਕੁਰਾਲੀ ਵਿੱਚ ਇੱਕ ਛੁਪਣਗਾਹ 'ਤੇ ਛਾਪਾ ਮਾਰ ਕੇ ਅਸਲਾ ਅਤੇ ਗੋਲਾ ਬਰੂਦ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ, ਜਿਸ ਦੇ ਖਿਲਾਫ 8 ਮਈ ਨੂੰ ਅੰਮ੍ਰਿਤਸਰ ਦੇ ਸਿਵਲ ਲਾਈਨ ਥਾਣੇ ਵਿੱਚ ਵਿਸਫੋਟਕ ਐਕਟ ਦੇ ਤਹਿਤ ਦਰਜਨ ਦੇ ਕਰੀਬ ਕੇਸ ਦਰਜ ਕੀਤੇ ਗਏ ਸਨ।
ਬੁੜੈਲ ਜੇਲ੍ਹ ਬਰੇਕ
ਉਹ ਅੰਮ੍ਰਿਤਸਰ, ਤਰਨਤਾਰਨ ਅਤੇ ਰੋਪੜ ਜ਼ਿਲ੍ਹਿਆਂ ਵਿੱਚ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਤਹਿਤ ਕੇਸਾਂ ਵਿੱਚ ਵੀ ਲੋੜੀਂਦਾ ਸੀ। ਅੰਮ੍ਰਿਤਸਰ ਦੀ ਇੱਕ ਅਦਾਲਤ ਨੇ ਵਿਸਫੋਟਕ ਐਕਟ ਦੇ ਤਹਿਤ ਇੱਕ ਕੇਸ ਵਿੱਚ ਦੋਸ਼ੀ ਨੂੰ ਬਰੀ ਕਰ ਦਿੱਤਾ ਸੀ, ਚੌੜਾ 1984 ਵਿੱਚ ਪਾਕਿਸਤਾਨ ਗਿਆ ਸੀ ਅਤੇ ਅੱਤਵਾਦ ਦੇ ਸ਼ੁਰੂਆਤੀ ਪੜਾਅ ਦੌਰਾਨ ਪੰਜਾਬ ਵਿੱਚ ਹਥਿਆਰਾਂ ਅਤੇ ਵਿਸਫੋਟਕਾਂ ਦੀ ਵੱਡੀ ਖੇਪ ਦੀ ਤਸਕਰੀ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਪਾਕਿਸਤਾਨ ਵਿੱਚ ਰਹਿੰਦਿਆਂ ਉਸ ਨੇ ਕਥਿਤ ਤੌਰ 'ਤੇ ਗੁਰੀਲਾ ਯੁੱਧ ਅਤੇ "ਦੇਸ਼ ਧ੍ਰੋਹੀ" ਸਾਹਿਤ 'ਤੇ ਇੱਕ ਕਿਤਾਬ ਲਿਖੀ। ਉਹ ਬੁੜੈਲ ਜੇਲ੍ਹ ਬਰੇਕ ਕਾਂਡ ਵਿੱਚ ਵੀ ਮੁਲਜ਼ਮ ਸੀ।