ਚੰਡੀਗੜ੍ਹ:ਪੰਜਾਬ ਵਿੱਚ ਅੱਜ ਨਗਰ ਨਿਗਮ ਚੋਣਾਂ ਦਾ ਐਲਾਨ ਕੀਤਾ ਗਿਆ ਹੈ। ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਪ੍ਰੈਸ ਕਾਨਫਰੰਸ ਕਰਦਿਆ ਐਲਾਨ ਕੀਤਾ ਕਿ 21 ਦਸੰਬਰ ਨੂੰ ਨਗਰ ਨਿਗਮ ਚੋਣਾਂ ਹੋਣਗੀਆਂ। ਇਹ ਪ੍ਰੈਸ ਕਾਨਫਰੰਸ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਹੈ। ਜ਼ਿਕਰਯੋਗ ਹੈ ਕਿ 3 ਦਸੰਬਰ ਨੂੰ ਪੰਜਾਬ ਸਰਕਾਰ ਨੇ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਜਾਣਕਾਰੀ ਸਾਂਝੀ ਕੀਤੀ ਸੀ ਕਿ 8 ਦਸੰਬਰ ਨੂੰ ਨਗਰ ਨਿਗਮ ਚੋਣਾਂ ਸਬੰਧੀ ਐਲਾਨ ਕੀਤਾ ਜਾਵੇਗਾ।
ਚੋਣਾਂ 21 ਦਸੰਬਰ ਨੂੰ ਹੋਣਗੀਆਂ। ਸ਼ਾਮ 4 ਵਜੇ ਤੱਕ ਵੋਟਿੰਗ ਜਾਰੀ ਰਹੇਗੀ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਨਤੀਜੇ ਵੀ ਉਸੇ ਦਿਨ ਸ਼ਾਮ ਨੂੰ ਐਲਾਨੇ ਜਾਣਗੇ।
ਨਾਮਜ਼ਦਗੀਆਂ ਭਰਨ ਦੀ ਤਰੀਕ ਤੇ ਸਮਾਂ
ਨਾਮਜ਼ਦਗੀਆਂ 9 ਦਸੰਬਰ ਤੋਂ ਸ਼ੁਰੂ ਹੋਣਗੀਆਂ। ਰਿਟਰਨਿੰਗ ਦਫ਼ਤਰ ਵਿੱਚ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾਣਗੀਆਂ। ਨਾਮਜ਼ਦਗੀ ਦੀ ਆਖਰੀ ਮਿਤੀ 12 ਦਸੰਬਰ ਨੂੰ ਦੁਪਹਿਰ 3 ਵਜੇ ਤੱਕ ਹੋਵੇਗੀ।
ਪੜਤਾਲ 13 ਦਸੰਬਰ ਨੂੰ ਹੋਵੇਗੀ। ਜਦਕਿ 14 ਦਸੰਬਰ ਨੂੰ ਨਾਮਜ਼ਦਗੀਆਂ ਵਾਪਿਸ ਲਈਆਂ ਜਾ ਸਕਦੀਆਂ ਹਨ। ਇਸੇ ਦਿਨ ਚੋਣ ਨਿਸ਼ਾਨ ਵੀ ਵੰਡੇ ਜਾਣਗੇ।
ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਦੀ ਪ੍ਰੈਸ ਕਾਨਫਰੰਸ ਦੌਰਾਨ ਅਹਿਮ ਐਲਾਨ-
- ਅੱਜ ਤੋਂ ਆਦਰਸ਼ ਚੋਣ ਜ਼ਾਬਤਾ ਸ਼ੁਰੂ ਹੋ ਜਾਵੇਗਾ। ਵੋਟਰ ਸੂਚੀਆਂ ਸੁਧਾਈ ਲਈ ਭੇਜ ਦਿੱਤੀਆਂ ਗਈਆਂ ਹਨ। ਤਾਜ਼ਾ ਪ੍ਰਕਾਸ਼ਨ 7 ਦਸੰਬਰ ਨੂੰ ਕੀਤਾ ਗਿਆ ਹੈ।
- ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਫਗਵਾੜਾ ਅਤੇ ਪਟਿਆਲਾ ਵਿੱਚ ਨਿਗਮ ਚੋਣਾਂ ਹੋ ਰਹੀਆਂ ਹਨ।
- ਇਨ੍ਹਾਂ 5 ਸ਼ਹਿਰਾਂ ਵਿੱਚ 37 ਲੱਖ 32 ਵੋਟਰ ਹਨ। ਇਨ੍ਹਾਂ ਵਿੱਚੋਂ 19.50 ਲੱਖ ਮਰਦ ਅਤੇ 17 ਲੱਖ ਮਹਿਲਾ ਵੋਟਰ ਹਨ।
- ਨਗਰ ਨਿਗਮ ਵਿੱਚ 381 ਮੈਂਬਰ ਚੁਣੇ ਜਾਣਗੇ ਜਦੋਂਕਿ ਨਗਰ ਕੌਂਸਲਾਂ ਵਿੱਚ 598 ਮੈਂਬਰ ਚੁਣੇ ਜਾਣਗੇ।
- ਇੱਕ ਪੋਲਿੰਗ ਸਟੇਸ਼ਨ 'ਤੇ 3 ਵਿਅਕਤੀ ਹੋਣਗੇ। ਜੇਕਰ 2 ਪੋਲਿੰਗ ਸਟੇਸ਼ਨ ਹਨ ਤਾਂ ਉੱਥੇ 2 ਅਧਿਕਾਰੀ ਤਾਇਨਾਤ ਕੀਤੇ ਜਾਣਗੇ।
5 ਨਗਰ ਨਿਗਮ ਦੀਆਂ ਚੋਣਾਂ ਪੈਡਿੰਗ
- ਜਲੰਧਰ
- ਲੁਧਿਆਣਾ
- ਫ਼ਗਵਾੜਾ
- ਅੰਮ੍ਰਿਤਸਰ
- ਪਟਿਆਲਾ
ਚੋਣਾਂ ਦਾ ਮਾਮਲਾ ਹਾਈਕੋਰਟ ਤੋਂ ਸੁਪਰੀਮ ਕੋਰਟ ਤੱਕ ਗਿਆ
ਪੰਜਾਬ ਵਿੱਚ 5 ਨਗਰ ਨਿਗਮਾਂ ਅਤੇ 43 ਨਗਰ ਕੌਂਸਲਾਂ ਦੀਆਂ ਚੋਣਾਂ ਨੂੰ ਲੈ ਕੇ ਲੰਬੀ ਕਾਨੂੰਨੀ ਲੜਾਈ ਹੋਈ। ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਸੁਪਰੀਮ ਕੋਰਟ ਤੱਕ ਚਲਾ ਗਿਆ। ਇਸ ਮਾਮਲੇ ਵਿੱਚ 11 ਨਵੰਬਰ ਨੂੰ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਕੁੱਲ 10 ਹਫ਼ਤਿਆਂ ਵਿੱਚ ਚੋਣਾਂ ਕਰਵਾਉਣ ਲਈ ਕਿਹਾ ਸੀ। ਸੁਪਰੀਮ ਕੋਰਟ ਨੇ 15 ਦਿਨਾਂ 'ਚ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕਰਨ ਅਤੇ ਅਗਲੇ 8 ਹਫਤਿਆਂ 'ਚ ਚੋਣ ਪ੍ਰਕਿਰਿਆ ਪੂਰੀ ਕਰਨ ਦਾ ਹੁਕਮ ਦਿੱਤਾ ਸੀ।
ਇਹ ਵੀ ਕਿਹਾ ਗਿਆ ਕਿ ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਉਸ ਨੂੰ 50,000 ਰੁਪਏ ਜੁਰਮਾਨਾ ਕੀਤਾ ਜਾਵੇਗਾ ਅਤੇ ਉਸ ਵਿਰੁੱਧ ਮਾਣਹਾਨੀ ਦਾ ਕੇਸ ਦਰਜ ਕੀਤਾ ਜਾਵੇਗਾ।