ਚੰਡੀਗੜ੍ਹ:ਬਾਬਾਬੰਦਾ ਸਿੰਘ ਬਹਾਦਰ, ਇੱਕ ਅਜਿਹਾ ਮਹਾਨ ਯੋਧਾ ਜਿਸ ਨੇ ਮੁਗਲਾਂ ਦੇ ਹੰਕਾਰ ਨੂੰ ਚੱਕਨਾਚੂਰ ਕੀਤਾ ਅਤੇ ਮੁਗਲਾਂ ਦਾ ਅੰਤ ਕਰਦਿਆਂ ਸਾਰੀਆਂ ਲੜਾਈਆਂ ਜਿੱਤੀਆਂ, ਗੁਰੂ ਗੋਬਿੰਦ ਸਿੰਘ ਦੇ ਇਸ ਮਹਾਨ ਯੋਧੇ ਨੇ ਪੂਰੇ ਪਰਿਵਾਰ ਦੀ ਸ਼ਹਾਦਤ ਦਾ ਬਦਲਾ ਵੀ ਲਿਆ ਪਰ 1715 ਵਿੱਚ ਆਖਰੀ ਲੜਾਈ ਲੜੀ ਗਈ। ਜਿਸ ਵਿੱਚ ਉਨ੍ਹਾਂ ਨੂੰ ਭੋਜਨ ਦੀ ਘਾਟ ਕਾਰਨ ਆਤਮ ਸਮਰਪਣ ਕਰਨਾ ਪਿਆ। ਇਸ ਤੋਂ ਬਾਅਦ ਮੁਗਲ ਬਾਦਸ਼ਾਹ ਫਰੂਖਸੀਅਰ ਨੇ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਸਿਪਾਹੀਆਂ ਦੀਆਂ ਲਾਸ਼ਾਂ ਦੇ ਟੁਕੜੇ ਕਰ ਦਿੱਤੇ । ਬੰਦਾ ਸਿੰਘ ਬਹਾਦਰ ਦਾ ਨਾਮ ਸਿੱਖ ਧਰਮ ਦੇ ਮਹਾਨ ਯੋਧਿਆਂ ਅਤੇ ਸ਼ਹੀਦਾਂ ਦੀ ਸੂਚੀ ਵਿੱਚ ਸ਼ਾਮਲ ਹੈ। ਅੱਜ ਇਸ ਮਹਾਨ ਯੋਧੇ ਦਾ ਜਨਮ ਦਿਹਾੜਾ ਹੈ ਅਤੇ ਅਸੀਂ ਤੁਹਾਨੂੰ ਦੱਸਦੇ ਹਾਂ ਉਹਨਾਂ ਦੀ ਜੀਵਨੀ ਨਾਲ ਜੁੜੀਆਂ ਕੁੱਝ ਖ਼ਾਸ ਗੱਲਾਂ।
ਮਹਾਨ ਯੋਧੇ ਦਾ ਜਨਮ ਅਤੇ ਪਰਿਵਾਰ
ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 26 ਅਕਤੂਬਰ 1670 ਨੂੰ ਜੰਮੂ ਦੇ ਪੂੰਛ ਜ਼ਿਲ੍ਹੇ ਦੇ ਪਿੰਡ ਰਾਜੌਰੀ ਵਿਖੇ ਬਾਬਾ ਰਾਮਦੇਵ ਦੇ ਘਰ ਹੋਇਆ। ਉਨ੍ਹਾਂ ਦਾ ਬਚਪਨ ਦਾ ਨਾਮ ਲਛਮਣ ਦਾਸ ਸੀ। ਇਨ੍ਹਾਂ ਦਾ ਪ੍ਰਵਾਰ ਰਾਜਪੂਤ ਬਰਾਦਰੀ ਨਾਲ ਸਬੰਧਤ ਹੋਣ ਕਰ ਕੇ ਪਿਤਾ ਨੇ ਲਛਮਣ ਦਾਸ ਨੂੰ ਘੁੜਸਵਾਰੀ, ਤੀਰਅੰਦਾਜ਼ੀ, ਤਲਵਾਰਬਾਜ਼ੀ ਦੀ ਪੂਰੀ ਸਿਖਲਾਈ ਦਿਤੀ। ਉਹ ਨਿੱਕੀ ਉਮਰ ਵਿੱਚ ਹੀ ਸ਼ਿਕਾਰ ਖੇਡਣ ਲੱਗ ਪਏ।
ਇੱਕ ਵਾਰ ਉਨ੍ਹਾਂ ਨੇ ਇਕ ਹਿਰਨੀ ਦਾ ਸ਼ਿਕਾਰ ਕੀਤਾ। ਜਦ ਉਸ ਨੇ ਹਿਰਨੀ ਦਾ ਪੇਟ ਚੀਰਿਆ ਤਾਂ ਪੇਟ ਵਿਚੋਂ ਦੋ ਬੱਚੇ ਨਿਕਲੇ ਤੇ ਉਸ ਦੇ ਸਾਹਮਣੇ ਹੀ ਤੜਫ-ਤੜਫ ਕੇ ਮਰ ਗਏ। ਇਸ ਘਟਨਾ ਨੇ ਲਛਮਣ ਦਾਸ ਦੇ ਮਨ 'ਤੇ ਬਹੁਤਾ ਡੂੰਘਾ ਅਸਰ ਕੀਤਾ। ਉਸ ਨੇ ਸ਼ਿਕਾਰ ਕਰਨਾ ਬੰਦ ਕਰ ਦਿੱਤਾ ਅਤੇ ਸਾਧੂਆਂ ਦੀ ਸੰਗਤ ਕਰਨ ਲੱਗ ਪਿਆ ਤੇ ਬੈਰਾਗੀ ਸਾਧੂ ਮਾਧੋ ਦਾਸ ਬਣ ਗਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਭੇਂਟ ਤੋਂ ਬਾਅਦ ਉਹ ਬੰਦਾ ਬਹਾਦਰ ਦੇ ਨਾਮ ਨਾਲ ਜਾਣਿਆ ਗਿਆ। 4 ਸਤੰਬਰ 1708 ਨੂੰ ਖੰਡੇ ਦੀ ਪਾਹੁਲ ਤੋਂ ਲੈ ਕੇ ਅਪਣੀ ਸ਼ਹੀਦੀ ਤਕ ਉਸ ਨੇ ਸਿੱਖ ਕੌਮ ਵਿਚ ਨਵੀਂ ਰੂਹ ਫੂਕੀ। ਮੁਗ਼ਲਾਂ ਦੁਆਰਾ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਉਨ੍ਹਾਂ ਦੇ ਪ੍ਰਵਾਰ ਨਾਲ ਹੋਏ ਜ਼ੁਲਮਾਂ ਨੇ ਪੂਰੀ ਸਿੱਖ ਕੌਮ ਅੰਦਰ ਇਕ ਵੱਡਾ ਰੋਸ ਪੈਦਾ ਕਰ ਦਿਤਾ ਸੀ। ਬੰਦਾ ਬਹਾਦਰ ਦੀ ਅਗਵਾਈ ਨੇ ਸਿੱਖਾਂ ਦੇ ਇਸ ਰੋਸ ਤੇ ਰੋਹ ਭਰਪੂਰ ਚੇਤਨਾ ਨੂੰ ਇਕ ਵੱਡੀ ਸੁਨਾਮੀ ਵਿਚ ਬਦਲ ਕੇ ਰੱਖ ਦਿਤਾ।
ਕੁੱਝ ਹੀ ਦਿਨਾਂ ਤੇ ਹਫ਼ਤਿਆਂ ਵਿਚ ਸਿਆਸੀ ਤੇ ਹਕੂਮਤੀ ਢਾਂਚੇ ਦੀ ਰੂਪ ਰੇਖਾ ਹੀ ਬਦਲ ਕੇ ਰੱਖ ਦਿਤੀ। ਬੰਦਾ ਬਹਾਦਰ ਨੂੰ ਇੰਤਕਾਮ ਦਾ ਪ੍ਰਚਮ ਬੁਲੰਦ ਕਰਦਿਆਂ, ਦੋਖੀਆਂ ਨੂੰ ਸੋਧਣ ਵਾਲੇ ਪ੍ਰਤੀਨਿਧ ਦੇ ਰੂਪ ਵਿਚ ਵੇਖਣਾ ਠੀਕ ਨਹੀਂ ਹੋਵੇਗਾ। ਸਰਹੰਦ ਨੂੰ ਹਲੂਣਾ ਤੇ ਸਾਹਿਬਜ਼ਾਦਿਆਂ ਦੀ ਕੁਰਬਾਨੀਆਂ ਲਈ ਜ਼ਿੰਮੇਵਾਰ ਅਪਰਾਧੀਆਂ ਨੂੰ ਸਜ਼ਾਵਾਂ ਦੇਣੀਆਂ ਹੀ ਉਸ ਦਾ ਮਕਸਦ ਨਹੀਂ ਸੀ। ਗੁਰੂ ਵਲੋਂ ਬਖ਼ਸ਼ੇ ਸਿਦਕ ਸਦਕਾ ਖ਼ਾਲਸਾ ਰਾਜ ਦੀ ਪ੍ਰਭੁਤਾ ਨੂੰ ਬੁਲੰਦ ਕਰਨਾ ਬੰਦਾ ਬਹਾਦਰ ਦੀ ਇਕ ਵੱਡੀ ਦੇਣ ਹੈ। ਬਾਬਾ ਨਾਨਕ ਸਾਹਿਬ ਨੇ ਅਧਿਆਤਮਕ ਪ੍ਰਭੁਤਾ ਦੀ ਸਥਾਪਨਾ ਕਰਦੇ ਹੋਏ ਵੱਡੇ ਸਮਾਜਕ ਪ੍ਰਵਰਤਨ ਲਿਆਂਦੇ।
ਸ਼ਹੀਦਾਂ ਦੇ ਸਰਤਾਜ 5ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੋਇੰਦਵਾਲ ਸਾਹਿਬ ਤੋਂ ਬਾਬਾ ਮੋਹਨ ਜੀ ਕੋਲੋਂ ਗੁਰਬਾਣੀ ਦੀਆਂ ਸੈਂਚੀਆਂ ਲਿਆ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਧਾਰਨ ਕਰ ਕੇ ਧਰਮ ਦੇ ਨਾਲ-ਨਾਲ ਸਿਆਸੀ ਪ੍ਰਭੁਤਾ ਕਾਇਮ ਕਰਨ ਦਾ ਸੁਪਨਾ ਸਾਕਾਰ ਕੀਤਾ।
ਖ਼ਾਲਸਾ ਪੰਥ ਲਈ ਖ਼ਾਲਸਾ ਰਾਜ ਦੀ ਨੀਂਹ ਰੱਖੀ
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਥਾਪਨਾ ਕਰ ਕੇ ਸਿੱਖ ਕੌਮ ਨੂੰ ਇਕ ਬਹਾਦਰ ਅਤੇ ਜੰਗਜੂ ਕੌਮ ਵਿਚ ਬਦਲ ਦਿਤਾ। ਇਸ ਦੇ ਨਾਲ ਹੀ ਸਿੱਖ ਕੌਮ ਨੂੰ ਸਿਦਕ ਦਾ ਪਾਠ ਵੀ ਪੜ੍ਹਾਇਆ। ਬੰਦਾ ਬਹਾਦਰ ਨੇ 240 ਸਾਲਾਂ ਦਾ ਗੁਰੂਆਂ ਦਾ ਇਤਿਹਾਸ ਸਾਹਮਣੇ ਰੱਖ ਕੇ ਖ਼ਾਲਸਾ ਪੰਥ ਲਈ ਖ਼ਾਲਸਾ ਰਾਜ ਦੀ ਨੀਂਹ ਰੱਖੀ। ਬੰਦਾ ਬਹਾਦਰ ਅਪਣੇ ਗੁਰੂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਮਰਪਿਤ ਜੀਵਨ ਦੀ ਮਿਸਾਲ ਹੈ। ਅਰਬੀ ਭਾਸ਼ਾ ਵਿਚ ਕਹੀਏ ਤਾਂ ਉਹ ਫ਼ਿਦਾਈਨ ਸੀ। ਸੱਭ ਕੁੱਝ ਧਰਮ ਤੇ ਲੁਟਾਉਣ ਵਾਲਾ ਬੰਦਾ ਬਹਾਦਰ ਨਿਡਰ ਤੇ ਆਤਮਘਾਤੀ ਜਾਂਬਾਜ਼ ਸੀ।
ਐਡਵਰਡ ਸਟੀਫ਼ਨਸਨ ਤੇ ਜਾਨ ਸਰਮਨ ਵਰਗੇ ਇਤਿਹਾਸਕਾਰਾਂ ਦਾ ਤਸਦੀਕ ਕੀਤਾ ਹੋਇਆ ਬਿਰਤਾਂਤ ਗੁਰਦਾਸ ਨੰਗਲ ਦੇ ਕਿਲ੍ਹੇ ਵਿਚ ਚਾਰ ਮਹੀਨੇ ਦਾ ਬੇਹਾਲੀ ਭਰਿਆ ਆਖ਼ਰੀ ਸਮਾਂ ਉਨ੍ਹਾਂ ਦੇ ਸਿਦਕ ਨੂੰ ਦਰਸਾਉਂਦਾ ਹੈ। ਬਾਦਸ਼ਾਹ ਫ਼ਰਖ਼ਸੀਅਰ ਦੇ ਬੇਰਹਿਮ ਜ਼ੁਲਮਾਂ ਨੂੰ ਝਲਣਾ ਸ਼ਾਇਦ ਕਿਸੇ ਹੋਰ ਲਈ ਸੰਭਵ ਨਾ ਹੁੰਦਾ। ਸਕਾਟਲੈਂਡ ਦੇ ਲੜਾਕਿਆਂ ਨੇ ਅਜਿਹਾ ਅੰਤ ਨਹੀਂ ਵੇਖਿਆ ਹੋਏਗਾ।
ਬਾਦਸ਼ਾਹ ਫ਼ਰੁਖ਼ਸੀਅਰ ਨਾਲ ਕੁਦਰਤ ਨੇ ਅਪਣਾ ਹਿਸਾਬ-ਕਿਤਾਬ ਪੂਰਾ ਕਰ ਲਿਆ। ਉਹ ਸੱਯਦ ਭਰਾਵਾਂ ਹੱਥੋਂ ਅੰਨ੍ਹਾ ਹੋਇਆ ਤੇ ਜੇਲ ਵਿਚ ਦਾਣੇ-ਪਾਣੀ ਨੂੰ ਮੋਹਤਾਜ ਹੋਇਆ ਅਣਪਛਾਤੇ ਵਿਅਕਤੀਆਂ ਹਥੋਂ ਸੰਘੀ ਘੁੱਟਣ ਨਾਲ ਮਾਰਿਆ ਗਿਆ। ਸਿੰਘਾਂ ਤੇ ਜ਼ੁਲਮ ਕਰਨ ਵਾਲੇ ਜਲੰਧਰ ਸ਼ਾਹ ਤੇ ਬਹਾਦਰ ਸ਼ਾਹ ਦਾ ਅੰਤ ਵੀ ਬਹੁਤ ਮਾੜਾ ਹੋਇਆ ਇਕ ਨੂੰ ਇਕ ਨੂੰ ਜੇਲ੍ਹ ਵਿਚ ਗਲ ਘੁੱਟ ਕੇ ਮਾਰ ਦਿਤਾ ਗਿਆ ਤੇ ਦੂਜਾ ਪਾਗਲ ਹੋ ਕੇ ਚੀਕਦਾ ਹੋਇਆ ਬੁੜ-ਬੁੜ ਕਰਦਾ ਮਰ ਗਿਆ।