ਬਠਿੰਡਾ: ਬੀਤੇ ਸਾਲ 20 ਦਸੰਬਰ ਨੂੰ ਦੇਰ ਰਾਤ ਬਠਿੰਡਾ ਦੇ ਮੁਲਤਾਨੀਆ ਰੋਡ ਡੀਡੀ ਮਿੱਤਲ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਰਿਟਾਇਰਡ ਸਬ ਇੰਸਪੈਕਟਰ ਓਮ ਪ੍ਰਕਾਸ਼ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਹਨ। ਜਾਣਕਾਰੀ ਦਿੰਦੇ ਹੋਏ ਡੀਐੱਸਪੀ ਹਰਬੰਸ ਸਿੰਘ ਨੇ ਦੱਸਿਆ ਕਿ 20 ਦਸੰਬਰ ਨੂੰ ਬਠਿੰਡਾ ਦੇ ਮੁਲਤਾਨੀਆ ਰੋਡ ਵਿਖੇ ਦੁੱਧ ਲੈਣ ਜਾ ਰਹੇ ਓਮ ਪ੍ਰਕਾਸ਼ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਘਰੇਲੂ ਕਲੇਸ਼ ਦੱਸਿਆ ਜਾ ਰਿਹਾ ਕਤਲ ਦਾ ਕਾਰਣ (ETV BHARAT (ਪੱਤਰਕਾਰ,ਬਠਿੰਡਾ)) ਘਰੇਲੂ ਕਲੇਸ਼ ਦੇ ਕਾਰਣ ਕੀਤਾ ਕਤਲ
ਪੁਲਿਸ ਵੱਲੋਂ ਜਦੋਂ ਇਸ ਮਾਮਲੇ ਤਫਤੀਸ਼ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਇਆ ਕਿ ਓਮ ਪ੍ਰਕਾਸ਼ ਰਿਟਾਇਰ ਸਬ ਇੰਸਪੈਕਟਰ ਬਠਿੰਡਾ ਵਿਖੇ ਆਪਣੇ ਪਰਿਵਾਰ ਤੋਂ ਵੱਖ ਰਹਿੰਦਾ ਸੀ ਅਤੇ ਉਸ ਦਾ ਪਰਿਵਾਰ ਨਾਲ ਲਗਾਤਾਰ ਕਲੇਸ਼ ਵੀ ਚੱਲ ਰਿਹਾ ਸੀ। ਕੁਝ ਮਹੀਨੇ ਪਹਿਲਾਂ ਓਮ ਪ੍ਰਕਾਸ਼ ਸਾਬਕਾ ਇੰਸਪੈਕਟਰ ਦੀ ਪਤਨੀ ਦਾ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ। ਹੁਣ ਓਮ ਪ੍ਰਕਾਸ਼ ਵੱਲੋਂ ਆਪਣੀ ਜਾਇਦਾਦ ਉੱਪਰ ਲੋਨ ਕਰਵਾਇਆ ਗਿਆ ਸੀ, ਜਿਸ ਦਾ ਉਸ ਦੇ ਬੇਟੇ ਹਰਸਿਮਰਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਆਪਣੇ ਪਰਿਵਾਰ ਤੋਂ ਦੂਰ ਕਿਸੇ ਗੈਰ ਮਹਿਲਾ ਨਾਲ ਲਿਵਿੰਗ ਰਿਲੇਸ਼ਨ ਵਿੱਚ ਰਹਿ ਰਿਹਾ ਸੀ, ਜਿਸ ਦਾ ਪਰਿਵਾਰ ਵੱਲੋਂ ਸਖ਼ਤ ਵਿਰੋਧ ਵੀ ਕੀਤਾ ਜਾ ਰਿਹਾ ਸੀ।
ਮੁਲਜ਼ਮ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਇਸ ਮਾਮਲੇ ਨੂੰ ਲੈ ਕੇ ਲਗਾਤਾਰ ਘਰੇਲੂ ਕਲੇਸ਼ ਚੱਲਦਾ ਆ ਰਿਹਾ ਸੀ। ਮ੍ਰਿਤਕ ਦਾ ਪੁੱਤਰ ਹਰਸਿਮਰਨ ਜੋ ਸਿਕਿਓਰਟੀ ਗਾਰਡ ਦੀ ਨੌਕਰੀ ਕਰਦਾ ਸੀ, ਉਸ ਨੇ ਆਪਣੀ 12 ਬੋਰ ਰਾਈਫਲ ਨਾਲ ਆਪਣੇ ਹੀ ਪਿਤਾ ਓਮ ਪ੍ਰਕਾਸ਼ ਨੂੰ ਦੁੱਧ ਲੈਣ ਜਾਂਦੇ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਪੁਲਿਸ ਵੱਲੋਂ ਹਰਸਿਮਰਨ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਕੀਤੀ ਜਾ ਰਹੀ ਸੀ, ਜਿਸ ਨੂੰ ਬੀਤੇ ਦਿਨ ਮੋਟਰਸਾਈਕਲ ਅਤੇ 12 ਬੋਰ ਰਾਈਫਲ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਵਿੱਚ ਮੁਲਜ਼ਮ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।