71 ਸਾਲਾ ਰਾਮ ਸਿੰਘ ਨੌਜਵਾਨਾਂ ਲਈ ਮਿਸਾਲ, ਪੋਲਵਾਲਟ ਵਿੱਚ ਜਿੱਤਿਆ ਸਿਲਵਰ ਸੁਲਤਾਨਪੁਰ ਲੋਧੀ: ਖੇਡਾਂ ਦਾ ਜਜ਼ਬਾ ਤੇ ਜਨੂੰਨ ਹੋਵੇ, ਤਾਂ ਉਮਰ ਸਿਰਫ਼ ਅੰਕੜੇ ਹੀ ਹਨ। ਇਹ ਸਾਬਿਤ ਕੀਤਾ ਹੈ ਸੁਲਤਾਨਪੁਰ ਦੇ 71 ਸਾਲ ਦੇ ਰਾਮ ਸਿੰਘ ਨੇ। ਰਾਮ ਸਿੰਘ ਨੇ ਪੋਲਵਾਲਟ ਵਿੱਚ ਸਿਲਵਰ ਮੈਡਲ ਜਿੱਤ ਕੇ ਸੁਲਤਾਨਪੁਰ ਲੋਧੀ ਦਾ ਨਾਮ ਦੇਸ਼ ਭਰ ਵਿੱਚ ਰੌਸ਼ਨ ਕੀਤਾ ਹੈ। ਉਹ ਨੌਜਵਾਨ ਪੀੜੀ ਲਈ ਇੱਕ ਮਿਸਾਲ ਵੀ ਬਣੇ ਹਨ। ਅੱਜ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਰਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਜਨਮ 1953 ਵਿੱਚ ਹੋਇਆ ਸੀ ਅਤੇ ਉਹ ਸ਼ੁਰੂ ਤੋਂ ਹੀ ਖੇਡਾਂ ਨੂੰ ਪਿਆਰ ਕਰਦੇ ਹਨ।
ਹੁਣ ਤੱਕ ਕੁੱਲ 60 ਮੈਡਲ ਜਿੱਤੇ:ਰਾਮ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਨੈਸ਼ਨਲ ਖੇਡਾਂ 2016, 2017 ਵਿੱਚ ਰਾਜਸਥਾਨ ਦੇ (ਅਲਵਰ )ਵਿੱਚ ਅਯੋਜਿਤ ਹੋਈਆਂ ਸਨ। ਜਿਸ ਵਿੱਚ ਉਨ੍ਹਾਂ ਨੇ ਲੰਮੀ ਛਾਲ ਵਿੱਚ ਗੋਲਡ ਮੈਡਲ, 100 ਮੀਟਰ ਦੌੜ ਵਿੱਚ ਸਿਲਵਰ ਮੈਡਲ ਹਾਸਿਲ ਕੀਤਾ। ਇਸ ਤੋਂ ਇਲਾਵਾ 2018 ਵਿੱਚ ਨੈਸ਼ਨਲ ਖੇਡਾਂ ਦਾ ਆਯੋਜਨ ਜੈਪੁਰ 'ਚ ਹੋਇਆ ਜਿਸ ਵਿੱਚ ਉਨ੍ਹਾਂ ਨੇ 800 ਮੀਟਰ ਦੌੜ ਚ ਕਾਂਸੀ ਦਾ ਤਗ਼ਮਾ ਜਿੱਤਿਆ ਅਤੇ ਹੁਣ ਉਨ੍ਹਾਂ ਨੇ ਨੈਸ਼ਨਲ ਖੇਡਾਂ ਵਿੱਚ ਸਿਵਲਰ ਮੈਡਲ ਜਿੱਤਿਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਨੇ 1 ਗੋਲਡ, 2 ਕਾਂਸੀ ਦੇ ਤਗ਼ਮੇ, 2 ਸਿਲਵਰ ਮੈਡਲ ਨੈਸ਼ਨਲ ਪੱਧਰ ਉੱਤੇ ਜਿੱਤ ਚੁੱਕੇ ਹਨ। ਕੁੱਲ ਉਨ੍ਹਾਂ ਨੇ ਹੁਣ ਤੱਕ ਪੰਜਾਬ ਸਣੇ ਹੋਰਨਾਂ ਸੂਬਿਆਂ ਵਿੱਚ ਹੋਈਆਂ ਖੇਡਾਂ ਦੌਰਾਨ 60 ਮੈਡਲ ਜਿੱਤੇ ਹਨ।
ਨੌਜਵਾਨਾਂ ਵਿੱਚ ਖੇਡਾਂ ਦਾ ਰੁਝਾਨ ਹੋਣਾ ਜ਼ਰੂਰੀ:ਇਸ ਮੌਕੇ ਰਾਮ ਸਿੰਘ ਨੇ ਕਿਹਾ ਕਿ ਨੌਜਵਾਨ ਵਰਗ ਸਾਡੇ ਦੇਸ਼ ਦਾ ਭਵਿਖ ਹੈ ਅਤੇ ਸਾਡਾ ਭਵਿੱਖ ਸਾਨੂੰ ਅਗਾਂਹਵਧੂ ਤੇ ਸਕਾਰਾਤਮਕ ਸੋਚ ਵਾਲਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੋ ਸਕੇਗਾ, ਜੇਕਰ ਸਾਡੀ ਨੌਜਵਾਨ ਪੀੜ੍ਹੀ ਮਾੜੀਆਂ ਕੁਰੀਤੀਆਂ ਵੱਲ ਨਾ ਜਾ ਕੇ ਖੇਡਾਂ ਨਾਲ ਜੁੜੇਗੀ। ਉਨ੍ਹਾਂ ਕਿਹਾ ਕਿ ਖੇਡਾਂ ਸਾਨੂੰ ਸਰੀਰਕ ਤੇ ਮਾਨਸਿਕ ਪੱਖੋਂ ਮਜ਼ਬੂਤ ਬਣਾਉਂਦੀਆਂ ਹਨ ਜਿਸ ਕਰਕੇ ਸਰਕਾਰ ਵੱਲੋਂ ਨੋਜਵਾਨਾ ਨੂੰ ਖੇਡਾਂ ਨਾਲ ਜੋੜਨ ਲਈ ਸ਼ਲਾਘਾਯੋਗ ਕਦਮ ਚੁੱਕੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਵੱਲ ਧਿਆਨ ਹੋਣ ਨਾਲ ਮਨ ਮਾੜੀਆਂ ਕੁਰੀਤੀਆਂ ਵੱਲ ਨਹੀਂ ਜਾਂਦਾ। ਉਨ੍ਹਾਂ ਕਿਹਾ ਕਿ ਖੇਡਾਂ ਸ਼ਰੀਰਕ ਤੌਰ ਉੱਤੇ ਤੰਦਰੁਸਤ ਤਾਂ ਬਣਾਉਂਦੀਆਂ ਹਨ, ਬਲਕਿ ਮਾਨਸਿਕ ਤੌਰ ਉੱਤੇ ਵੀ ਮਜ਼ਬੂਤ ਬਦਾਉਂਦੀਆਂ ਹਨ।
ਰਾਮ ਸਿੰਘ ਨੇ ਕਿਹਾ ਕਿ ਇੱਕ ਤੰਦਰੁਸਤ ਸਮਾਜ ਦੀ ਰਚਨਾ ਨਾਲ ਹੀ ਅਸੀਂ ਨਸ਼ਿਆਂ ਤੋਂ ਦੂਰ ਰਹਿ ਸਕਦੇ ਹਾਂ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸਾਹਿਤ ਕਰਨਾ ਅੱਜ ਸਮੇਂ ਦੀ ਜਰੂਰਤ ਹੈ। ਇਸ ਮੌਕੇ ਉਨ੍ਹਾਂ ਦੇ ਦੋਸਤ ਵਿਜੇ ਕੁਮਾਰ ਰਿੰਕੂ ਵੱਲੋਂ ਰਾਮ ਸਿੰਘ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਕਿਹਾ ਕਿ ਰਾਮ ਸਿੰਘ ਸਾਡੀ ਨੌਜਵਾਨ ਪੀੜ੍ਹੀ ਲਈ ਇੱਕ ਰੋਲ ਮਾਡਲ ਵੀ ਹਨ, ਜਿਨ੍ਹਾਂ ਤੋਂ ਨੌਜਵਾਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਤੇ ਖੇਡਾਂ ਨਾਲ ਜੁੜਨਾ ਚਾਹੀਦਾ ਹੈ।